ਨਵਜੋਤ ਸਿੱਧੂ-ਧਰਤੀ ਪੁੱਤਰ ਜਾਂ ਨੱਕ ਦੀ ਫਿਨਸੀ

ਕੇਵਲ ਸਿੰਘ ਰੱਤੜਾ

ਕੇਵਲ ਸਿੰਘ ਰੱਤੜਾ
 82838-30599

(ਸਮਾਜ ਵੀਕਲੀ)- ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਤੇ ਰਾਜ ਦੇ ਸਾਬਕਾ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੌਣ ਨਹੀਂ ਜਾਣਦਾ। ਇੱਕ ਵੱਖਰੀ ਸੋਚ ਅਤੇ ਮੁੱਦਿਆਂ ਨੂੰ ਆਪਣੇ ਹੀ ਅੰਦਾਜ਼ ਵਿੱਚ ਚੁੱਕਣ ਵਾਲਾ ਜੋਸ਼ ਭਰਪੂਰ ਸਿਆਸੀ ਨੇਤਾ ਹੈ। ਬਹੁਪੱਖੀ, ਬਹੁਪਰਤੀ ਅਤੇ ਅਣਕਿਆਸੀ ਸ਼ਖ਼ਸੀਅਤ ਹੈ। ਕਿ੍ਰਕਟ, ਕਮੇਡੀ ਸ਼ੋਅ ਅਤੇ ਕਲਾਕਾਰੀ ਦਾ ਕਰਿਸ਼ਮਈ ਸੁਮੇਲ ਹੈ। ਜਵਾਨ ਨੌਜਵਾਨਾਂ ਨੂੰ ਖੁਸ਼ ਕਰਨਾ ਅਤੇ ਨਾਟਕੀ ਪੇਸ਼ਕਾਰੀ ਵਿੱਚ ਸਰੀਰਕ ਭਾਸ਼ਾ ਨੂੰ ਢਾਲਣਾ ਉਸਨੂੰ ਬਾਖੂਬੀ ਆਉਂਦਾ ਹੈ। ਇੰਨੇ ਗੁਣਾਂ ਵਾਲੇ ਇਨਸਾਨ ਲਈ ਭਾਰਤੀ ਸਿਆਸਤ ਵਿੱਚ ਬਣੇ ਰਹਿਣਾ ਵਿਵਾਦ ਰਹਿਤ ਕਿਵੇਂ ਹੋ ਸਕਦਾ ਹੈ? ਨਵਜੋਤ ਸਿੱਧੂ ਵਿਵਾਦਾਂ ਤੋਂ ਡਰਦਾ ਨਹੀਂ, ਸਗੋਂ ਵਿਵਾਦਾਂ ਚੋਂ ਅਨੰਦ ਲੈਣ ਵਾਲਾ ਬੰਦਾ ਹੈ । ਅੱਜ ਤੱਕ ਵਿਰੋਧੀ ਧਿਰਾਂ ਵਾਲੇ ਉਹਦੇ ਉੱਤੇ ਬੇਈਮਾਨੀ, ਭਰਿਸ਼ਟਾਚਾਰ ਅਤੇ ਕਿਸੇ ਸਕੈਂਡਲ ਵਿੱਚ ਫਸੇ ਹੋਣ ਦਾ ਕੋਈ ਵੀ ਸਬੂਤ ਇਕੱਠਾ ਨਹੀਂ ਕਰ ਸਕੇ। ਉਹਦੀ ਲਿਭਾਸੀ ਸੂਝ ਬੂਝ ਵੀ ਨਿਵੇਕਲੀ ਹੈ, ਰਵਾਇਤੀ ਗੋਲ ਗਲ੍ਹੇ ਵਾਲੀ ਕਾਂਗਰਸੀ ਜੈਕਟ ਅਤੇ ਚਿੱਟੇ ਕੁਰਤੇ ਪਜਾਮੀ ਕਲਚਰ ਤੋਂ ਅਲੱਗ ਰਹਿੰਦਾ ਹੈ।

ਪਰ ਇਸ ਸਾਰੀ ਅਜਬ ਗ਼ਜ਼ਬ ਦਿੱਖ ਵਾਲੇ ਨੇਤਾ ਨੂੰ ਕਿਸਮਤ ਵਿੱਚ ਸੰਘਰਸ਼ ਬਹੁਤ ਮਿਲਿਆ ਹੈ ਅਤੇ ਨਾਮਣਾ ਵੀ ਖ਼ੂਬ। ਖ਼ਾਸ ਤੌਰ ਤੇ ਜਦੋਂ ਤੋਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ, ਨਵਜੋਤ ਸਿੱਧੂ ਸਿਆਸੀ ਸਕਰੀਨ ਦਾ ਕੇਂਦਰੀ ਪਾਤਰ ਬਣ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮਹਾਰਾਜਾ ਤਰਜ਼ੇ ਜ਼ਿੰਦਗੀ ਸਿੱਧੂ ਦੇ ਤੂਫਾਨੀ ਵਿਰੋਧ ਹੱਥੋਂ ਹਾਰ ਖਾ ਗਈ ਅਤੇ ਆਖਰਕਾਰ ਹਾਰੇ ਖਿਲਾੜੀ ਵਾਂਗ ਵਿੱਸ ਘੋਲਣ ਤੋਂ ਬਗੈਰ ਉਹਦੇ ਕੋਲ ਕੋਈ ਚਾਰਾ ਨਹੀਂ ਰਿਹਾ। ਕਾਂਗਰਸ ਪਾਰਟੀ ਦੇ ਅਹਿਸਾਨਾਂ ਨੂੰ ਛਿੱਕੇ ਟੰਗਕੇ ਨਵੀਂ ਬਣਾਈ ਪਾਰਟੀ ਨੂੰ ਬੀਜੇਪੀ ਦੀ ਬੁੱਕਲ਼ ਵਿੱਚ ਬਿਠਾਉਣ ਦਾ ਬਦਨਾਮੀ ਭਰਿਆ ਕਾਰਾ ਨਿੱਜੀ ਤੌਰ ਤੇ ਕੈਪਟਨ ਨੂੰ ਬਹੁਤ ਮਹਿੰਗਾ ਪੈ ਸਕਦਾ ਹੈ। ਸਿੱਧੂ ਨਿਰਸੰਦੇਹ ਇਸ ਘੋਲ ਦਾ ਜੇਤੂ ਖਿਲਾੜੀ ਹੈ। ਕੁੱਝ ਮਹੀਨਿਆਂ ਤੱਕ ਚਲੇ ਇਸ ਠੰਡੇ ਕਲੇਸ਼ ਨੇ ਕਾਂਗਰਸ ਹਾਈ ਕਮਾਨ ਦੇ ਵੀ ਨੱਕ ਵਿੱਚ ਦਮ ਕਰੀ ਰੱਖਿਆ ਸੀ। ਹਰੀਸ਼ ਰਾਵਤ ਦਾ ਪੰਜਾਬ ਮਾਮਲਿਆਂ ਦਾ ਇੰਨਚਾਰਜ ਹੋਣਾ ਵੀ ਉਹਦੇ ਲਈ ਨਮੋਸ਼ੀ ਦਾ ਹੀ ਸਬੱਬ ਬਣਿਆ।

ਨੱਕ ਦੀ ਫਿਨਸੀ ਵਾਲੀ ਗੱਲ ਉੱਤੇ ਆਈਏ ਤਾਂ ਵਾਕਿਆ ਹੀ ਨਵਜੋਤ ਸਿੱਧੂ ਦਿੱਲੀ ਬੈਠੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਲਈ ਵੀ ਸਿਰਦਰਦੀ ਤੋਂ ਘੱਟ ਨਹੀਂ ਸਾਬਤ ਹੋ ਰਿਹਾ। ਪਹਿਲਾਂ ਕੈਪਟਨ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਦੇ ਨਿਸ਼ਾਨੇ ਤੇ ਰਹੇ ਹਨ। ਹੁਣ ਸਵਾਲ ਹੈ ਕਿ ਆਪਣੀ ਸਰਕਾਰ ਵੱਲ ਸਿਆਸੀ ਵਿਰੋਧ ਵਾਲੇ ਤੀਰ ਲਗਾਤਾਰ ਚਲਾਉਣੇ, ਕੁੱਝ ਕੁ ਸੁਲਾਹ ਸਫਾਈ ਦੇ ਸੰਕੇਤਾਂ ਤੋਂ ਬਾਅਦ ਫਿਰ ਪਰਨਾਲਾ ਉੱਥੇ ਰੱਖਣ ਦੀ ਨੀਤੀ ਅਤੇ ਨੀਅਤ ਵਿੱਚ ਸਚਾਈ ਕੀ ਹੈ? ਆਮ ਜਨਤਾ ਵਿੱਚ ਖੁੰਢ ਚਰਚਾ ਮੁਤਾਬਿਕ ਸੁਰਖ਼ੀਆਂ ਵਿੱਚ ਰਹਿਣਾ ਨਵਜੋਤ ਸਿੱਧੂ ਦਾ ਸੁਆਦਲਾ ਸ਼ੌਕ ਹੈ ਜੋ ਫਰਵਰੀ 2022 ਚੋਣਾਂ ਤੱਕ ਹੋਰ ਵੱਧ ਸਕਦੈ, ਘੱਟੇਗਾ ਨਹੀਂ। “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ———“। ਉਹ ਟੀਸੀ ਵਾਲੇ ਬੇਰ ਖਾਣ ਦਾ ਸੁਪਨਾ ਪਾਲਣ ਵਾਲਾ ਖਿਡਾਰੀ ਹੈ। ‘ਯੇ ਦਿਲ ਮਾਂਗੇ ਮੋਰ’ ਦੇ ਇਸ਼ਤਿਹਾਰੀ ਜਜ਼ਬੇ ਦੇ ਮੇਚ ਆਉਣ ਵਾਲਾ ਸੁਭਾਅ ਕਰਮ-ਯੋਗੀ ਹੋਣ ਦਾ ਸੰਕੇਤ ਤਾਂ ਹੈ ਪਰ ਹਰ ਸਮੇਂ ਕਾਹਲ੍ਹੀ ਅਤੇ ਝੰਡਾ ਗੱਡਕੇ ਬੈਠ ਜਾਣ ਵਾਲਾ ਰਵੱਈਆ ਹਾਲੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਕੁੱਝ ਸਮੇਂ ਤੋਂ ਹੁਣ ਉਹ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਦੀਆਂ ਸਿਫ਼ਤਾਂ ਵੀ ਘੱਟ ਹੀ ਕਰਦਾ ਹੈ ਪਰ ਕਾਮਯਾਬ ਬੱਲੇਬਾਜ਼ ਹੋਣ ਕਰਕੇ ਕਿਸ ਨੁੱਕਤੇ ਨੂੰ ਕਿੰਨਾ ਦੂਰ ਤੱਕ ਅਤੇ ਕਿੰਨੇ ਦਬਾਅ ਨਾਲ ਖਿੱਚਣਾ ਹੈ, ਉਹ ਬਿਹਤਰ ਜਾਣਦਾ ਹੈ। ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਨਿਸ਼ਾਨੇ ਤੇ ਲੈਣਾ, ਖ਼ਾਸ ਕਰਕੇ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਨੂੰ ਆਮ ਜਨਤਾ ਦੇ ਮਸਤਕ ਵਿੱਚ ਉਭਾਰੀ ਰੱਖਣਾ, ਰੇਤ ਅਤੇ ਬੱਜਰੀ ਮਾਫੀਆ ਤੋਂ ਇਲਾਵਾ ਕਾਰਪੋਰੇਟਾਂ ਨਾਲ ਪੰਜਾਬ ਵਿਰੋਧੀ ਥਰਮਲ ਬਿਜਲੀ ਸਮਝੌਤੇ ਆਦਿ ਨਵਜੋਤ ਸਿੱਧੂ ਨੂੰ ਸੂਬੇ ਦੇ ਹਿਤੈਸ਼ੀ ਸਿਆਸਤਦਾਨ ਦਾ ਜ਼ਰੂਰ ਸਿਹਰਾ ਦਿੰਦੇ ਹਨ ਅਤੇ ਇਸੇ ਨਾਲ ਹੀ ਸਹੀਂ ਮੌਕੇ ਉੱਤੇ ਉਸਨੇ ਆਪਣੀ ਹੀ ਸਰਕਾਰ ਨੂੰ ਹਲੂਣਾ ਵੀ ਦਿੱਤਾ ਹੈ। ਇਸ ਸਭ ਕੁੱਝ ਦਾ ਬੂਰ ਉਹਦੀ ਸਮਝ ਮੁਤਾਬਕ 2022 ਦੀਆਂ ਚੋਣਾਂ ਵਿੱਚ ਮਿਲਣ ਦੀ ਬਹੁਤ ਆਸ ਹੈ। ਖ਼ੈਰ ਇਹ ਤਾਂ ਸਮਾਂ ਹੀ ਦੱਸੇਗਾ।

ਚੰਨੀ ਸਰਕਾਰ ਨਾਲ ਪੁਆੜਾ ਦੋ ਅਹੁਦਿਆਂ ਉੱਤੇ ਬਿਰਾਜਮਾਨ ਹੋਣ ਵਾਲੇ ਅਫਸਰਾਂ ਦੀ ਪੁਰਾਣੀ ਕਾਰਗੁਜ਼ਾਰੀ ਕਰਕੇ ਹੈ। ਚਲੋ ਐਡਵੋਕੇਟ ਜਨਰਲ ਏ ਪੀ ਐਸ ਦਿਉਲ ਦੀ ਛੁੱਟੀ ਤਾਂ ਕਰਵਾ ਹੀ ਲਈ ਹੈ। ਕਾਰਜਕਾਰੀ ਡੀ ਜੀ ਪੀ ਸ੍ਰੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਬੇਅਦਬੀ ਕਾਂਡ ਦੀ ਜਾਂਚ ਵਿੱਚ ਸ਼ੱਕੀ ਭੂਮਿਕਾ ਦਾ ਮੁੱਦਾ ਵੀ ਨਵਜੋਤ ਸਿੱਧੂ ਦੀ ਨਾਰਾਜ਼ਗੀ ਦਾ ਸਬੱਬ ਹੈ। ਫ਼ਿਲਹਾਲ ਯੂ.ਪੀ.ਐਸ ਸੀ ਦੇ ਪੈਨਲ ਦੀ ਉਡੀਕ ਕਰਨੀ ਜ਼ਰੂਰੀ ਹੈ। ਨਵਜੋਤ ਸਿੱਧੂ ਦਾ ਤਰਕ ਠੀਕ ਵੀ ਲੱਗਦਾ ਹੈ ਕਿ ਸੁਮੇਧ ਸੈਣੀ ਵਰਗੇ ਵਿਵਾਦਗ੍ਰਸਤ ਡੀਜੀ ਪੀ ਨੂੰ ਸੰਪੂਰਨ ਜ਼ਮਾਨਤ ਦਿਵਾਉਣ ਲਈ ਪੰਜਾਬ ਸਰਕਾਰ ਦੇ ਕੇਸ ਨੂੰ ਕਮਜ਼ੋਰ ਕਰਨ ਵਾਲਾ ਵਕੀਲ ਹੁਣ ਸੂਬੇ ਪੱਖੀ ਫ਼ੈਸਲੇ ਕਿਵੇਂ ਲੜ ਸਕਦਾ? ਭਾਂਵੇਂ ਕਿ ਵਕਾਲਤੀ ਨੈਤਿਕਤਾ ਲਈ ਵੱਖਰਾ ਜ਼ਾਬਤਾ ਕੋਡ ਹੁੰਦਾ ਹੈ । ਦਰਅਸਲ ਰਵਾਇਤੀ ਸਿਆਸਤ ਕਰਨ ਵਾਲੇ ਨੇਤਾਵਾਂ ਨੂੰ ਸਿੱਧੂ ਦੀ ਪਾਰਦਸ਼ਤਾ ਭਰਪੂਰ ਕਾਰਜਸ਼ੈਲੀ ਸਮਝ ਹੀ ਨਹੀਂ ਪੈ ਰਹੀ। ਉਹਨਾਂ ਮੁਤਾਬਕ ਨਵਜੋਤ ਸਿੱਧੂ ਨੂੰ ਸੂਬਾ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਪਹਿਲਾਂ ਸਰਕਾਰ ਵਿੱਚ ਬੈਠੇ ਸੰਬੰਧਿਤ ਮੰਤਰੀ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ। ਸੁਣਵਾਈ ਨਾ ਹੋਣ ਤੇ ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਪਰ ਪ੍ਰੈਸ ਵਿੱਚ ਜਾਕੇ ਆਪਣੀ ਹੀ ਸਰਕਾਰ ਦੀ ਕਿਰਕਿਰੀ ਕਰਕੇ ਉਹ ਖੁਦ ਦੀ ਤਾਕਤ ਹੀ ਕਮਜ਼ੋਰ ਕਰ ਰਹੇ ਹਨ। ਪਰ ਇਕ ਗੱਲ ਤਾਂ ਪੱਕੀ ਹੈ ਕਿ ਲੋਕ-ਤੰਤਰ ਵਿੱਚ ਲੋਕਾਂ ਪ੍ਰਤੀ ਜਵਾਬਦੇਹੀ ਵਾਲੀ ਸਰਕਾਰ ਹੀ ਹਰਮਨ ਪਿਆਰੀ ਹੋ ਸਕਦੀ ਹੈ। ਨਵਜੋਤ ਸਿੱਧੂ ਇਸ ਤੱਥ ਨੂੰ ਭਲੀ ਭਾਂਤ ਜਾਣਦੇ ਹਨ ਕਿ ਵੋਟਾਂ ਲਈ ਲੋਕ ਕਚਹਿਰੀ ਵਿੱਚ ਜਾਣ ਵੇਲੇ ਫ਼ਜ਼ੀਹਤ ਤੋਂ ਬਚਣ ਲਈ ਸਰਕਾਰ ਆਪਣੇ ਖਾਤੇ ਵਿੱਚ ਕੁੱਝ ਕੁ ਲੋਕਪੱਖੀ ਲਏ ਹੋਏ ਅਤੇ ਅਮਲੀ ਤੌਰ ਤੇ ਦਿਸ ਰਹੇ ਫੈਸਲਿਆਂ ਦੇ ਸਹਾਰੇ ਹੀ ਲੋਕਾਂ ਦਾ ਮਨ ਜਿੱਤ ਕੇ ਦੁਬਾਰਾ ਸੱਤਾ ਪ੍ਰਾਪਤੀ ਦੇ ਸੁਪਨੇ ਨੂੰ ਸਾਕਾਰ ਕਰ ਸਕਦੀ ਹੈ। ਇਹ ਸੋਚ ਹੀ ਕਾਂਗਰਸ ਪਾਰਟੀ ਦਾ ਆਧਾਰ ਮਜ਼ਬੂਤ ਕਰ ਸਕਦੀ ਹੈ।

ਕਈ ਸਿਆਸੀ ਪੜਚੋਲ ਬਿਰਤੀ ਦੇ ਮਾਲਕ ਇੰਜ ਵੀ ਮਹਿਸੂਸ ਕਰਦੇ ਹਨ ਕਿ ਨਵਜੋਤ ਸਿੱਧੂ ਕੈਪਟਨ ਦੀ ਫੱਟੀ ਪੋਚ ਦੇਣ ਨੂੰ ਜਾਇਜ਼ ਠਹਿਰਾਉਣ ਲਈ ਇਹ ਕਾਰਜਸ਼ੈਲੀ ਅਪਣਾ ਰਹੇ ਹਨ ਕਿਉਕਿ ਸਭ ਜਾਣਦੇ ਨੇ ਕਿ ਅਮਰਿੰਦਰ ਸਿੰਘ ਆਪਣੇ ਮਹਾਰਾਜਾ ਅੰਦਾਜ਼ ਵਿੱਚ ਲੋਕਾਂ ਨਾਲ਼ੋਂ ਟੁੱਟੇ ਨੇਤਾ ਸਨ। ਇੱਥੋਂ ਤੱਕ ਕਿ ਉਹ ਆਪਣੇ ਕੈਬੀਨਿਟ ਮੰਤਰੀਆਂ ਤੋਂ ਵੀ ਦੂਰੀ ਬਣਾਕੇ ਰੱਖਦੇ ਸਨ ਅਤੇ ਸਰਕਾਰੀ ਕੰਮ ਸਲਾਹਕਾਰਾਂ ਦੀ ਫੌਜ ਤੋਂ ਹੀ ਕਰਵਾਉਂਦੇ ਸਨ। ਭਾਂਵੇ ਕਿ ਕਰੋਨਾ ਕਾਲ ਦੌਰਾਨ ਸਮਾਜਿਕ ਦੂਰੀ ਰੱਖਣੀ ਸਮੇਂ ਦੀ ਲੋੜ ਵੀ ਸੀ ਪਰ ਕੈਪਟਨ ਸਾਹਿਬ ਉੱਪਰ ਨਕਲੀ ਸ਼ਰਾਬ ਫ਼ੈਕਟਰੀਆਂ ਰਾਹੀਂ ਪੰਜਾਬ ਦੇ ਖ਼ਜ਼ਾਨੇ ਨੂੰ ਟੈਕਸ ਘਾਟਾ ਪਹੁੰਚਾਉਣ ਵਾਲੇ ਲੋਕਾਂ ਪ੍ਰਤੀ ਨਰਮੀ ਵਰਤਣ ਦਾ ਦੋਸ਼ ਵੀ ਕਾਫ਼ੀ ਚਰਚਾ ਭਰਪੂਰ ਰਿਹਾ। ਵਿਦਿਆਰਥੀਆਂ ਦੇ ਵਜ਼ੀਫ਼ੇ ਘੁਟਾਵੇ ਵਿੱਚ ਸ਼ਾਮਿਲ ਮੰਤਰੀ ਸਾਧੂ ਸਿੰਘ ਧਰਮਜੋਤ ਨੂੰ ਕਲੀਨ ਚਿੱਟ ਦੇਣਾ ਵੀ ਅਨੁਸੂਚਿਤ ਜਾਤੀ ਵਰਗ ਦੀ ਜ਼ੋਰਦਾਰ ਨਾਰਾਜ਼ਗੀ ਸਹੇੜਣ ਵਾਲਾ ਕਾਰਾ ਸੀ। ਭਾਂਵੇਂ ਕਿ ਨਵਜੋਤ ਸਿੱਧੂ ਇਸ ਮੁੱਦੇ ਨੂੰ ਆਪਣੀ ਤਰਜੀਹੀ ਲਿਸਟ ਵਿੱਚ ਘੱਟ ਰੱਖਦੇ ਹਨ। ਕਈਆਂ ਦੀਆਂ ਕਿਆਸ ਰਾਈਆਂ ਇਹ ਵੀ ਨੇ ਕਿ ਨਵਜੋਤ ਸਿੱਧੂ ਅਗਲਾ ਮੁੱਖ ਮੰਤਰੀ ਬਣਨ ਲਈ ਜ਼ਿਆਦਾ ਜਵੰਤ ਮਸਲੇ ਹੀ ਉਠਾਉਂਦੇ ਹਨ ਜ਼ਿਹਨਾਂ ਨਾਲ ਲੋਕ ਮਾਨਸਿਕਤਾ ਜ਼ਿਆਦਾ ਸੰਵੇਦਨਾਭਰਪੂਰ ਜੁੜੀ ਹੈ। ਮੁੱਖ ਮੰਤਰੀ ਚੰਨੀ ਸਾਹਿਬ ਨਾਲ ਰਲਕੇ ਚੱਲਣਾ ਸਿੱਧੂ ਲਈ ਬੇਹੱਦ ਜ਼ਰੂਰੀ ਹੈ। ਪਾਰਟੀ ਦੇ ਸੂਬਾ ਮੁੱਖੀ ਹੋਣ ਕਰਕੇ ਮੀਡੀਆ ਨੂੰ ਲੋੜ ਤੋਂ ਜਿਆਦਾ ਇਸਤੇਮਾਲ ਕਰਨਾ ਬਿਨਾ ਵਜ੍ਹਾ ਕਈ ਸਵਾਲ ਖੜੇ ਕਰਦਾ ਹੈ।ਵੈਸੇ ਚੰਨੀ ਸਾਹਿਬ ਦੀ ਸਾਦਗੀ, ਨਿਮਰਤਾ ਪਰ ਪਰਪੱਕਤਾ ਭਰੇ ਫ਼ੈਸਲਿਆਂ ਨੇ ਕਾਂਗਰਸ ਦੀ ਡਿੱਗਦੀ ਸਾਖ ਨੂੰ ਠੁੰਮ੍ਹਣਾ ਦਿੱਤਾ ਹੈ।

ਸੰਘਰਸ਼ੀ ਕਿਸਾਨ ਜਥੇਬੰਦੀਆਂ ਨਾਲ ‘ਪਿਆਸੇ ਖੂਹ ਵਾਲੀ’ ਬਿਆਨਬਾਜੀ ਕਰਕੇ ਦੂਰੀ ਬਣਾਕੇ ਚਲ ਰਹੇ ਸਿੱਧੂ ਨੂੰ ਇਸ ਅਹਿਮ ਨੁੱਕਤੇ ਬਾਰੇ ਦੁਬਾਰਾ ਸੋਚਣਾ ਚਾਹੀਦਾ ਹੈ ਕਿਉਂਕਿ ਸਿਆਸੀ ਲੋਕਾਂ ਨੂੰ ਸਵਾਲ ਪੁੱਛਣ ਦੀ ਉਕਸਾਹਟ ਕਿਸਾਨਾਂ ਨੇ ਹੀ ਪੈਦਾ ਕੀਤੀ ਹੈ। ਅੱਜ ਹਰ ਨੇਤਾ ਪਿੰਡਾਂ ਵਿੱਚ ਜਾਣ ਤੋਂ ਡਰਦਾ ਹੈ। ਬੇਜੇਪੀ,ਅਕਾਲੀ ਦਲ ਤਾਂ ਕਿਸਾਨਾਂ ਦੇ ਗ਼ੁੱਸੇ ਦਾ ਸ਼ਿਕਾਰ ਹੋ ਹੀ ਰਹੇ ਹਨ। ਸਰਕਾਰੀ ਮੰਤਰੀ ਵੀ ਫੂਕ ਫੂਕ ਕੇ ਕਦਮ ਰੱਖ ਰਹੇ ਹਨ। ਇੱਥੋਂ ਤੱਕ ਕਿ ਬਿਆਨ ਬਾਜ਼ੀ ਤੋਂ ਵੀ ਪਰਹੇਜ਼ ਕਰ ਰਹੇ ਹਨ।ਕਿਸਾਨੀ ਨਾਲ ਵਿਰੋਧੀ ਪੰਗਾ ਲੈਣ ਵਾਲ਼ੀਆਂ ਧਿਰਾਂ ਦਾ ਸਿਆਸੀ ਨੁਕਸਾਨ ਹੋਣਾ ਪੱਕਾ ਹੋਣਾ ਹੈ। ਬਿਨਾ ਸ਼ੱਕ ਇਸੇ ਹੀ ਗਲਤੀ ਕਰਕੇ ਬੀਜੇਪੀ ਨੂੰ ਕੋਈ ਵੀ ਮੂੰਹ ਨਹੀਂ ਲਾਉਂਦਾ ਅਤੇ ਉਸਦੇ ਸ਼ਹਿਰੀ ਵੋਟ ਬੈਂਕ ਨੂੰ ਵੀ ਖੋਰਾ ਲੱਗਿਆ ਹੈ। ਲਖੀਮਪੁਰ ਖੀਰੀ ਵਰਗੀ ਵਾਰਦਾਤ ਫ਼ਿਰੋਜ਼ਪੁਰ ਵਿੱਚ ਕਰਕੇ ਅਕਾਲੀ ਦਲ ਨੇ ਵੀ ਆਪਣੇ ਪੈਰ ਕੁਹਾੜਾ ਮਾਰ ਲਿਆ ਹੈ। ਕਿਸਾਨ ਤਾਂ ਪਹਿਲਾਂ ਹੀ ਤਪੇ ਹੋਏ ਮੂਡ ਵਿੱਚ ਹਨ।ਲਗਭਗ 700 ਸ਼ਹੀਦੀਆਂ ਦੀ ਆਹੂਤੀ ਦੇ ਕੇ ਵੀ ਮੋਦੀ ਸਰਕਾਰ ਦੀ ਬਰਫ਼ ਨੂੰ ਪਿਘਲਾ ਨਹੀਂ ਸਕੇ। ਇਸ ਸਮੇਂ ਉਹਨਾਂ ਪ੍ਰਤੀ ਹਮਦਰਦੀ ਅਤੇ ਸਹਿਯੋਗ ਕਰਨ ਵਾਲਾ ਹੱਥ ਜ਼ਰੂਰ ਚੁੰਮਿਆ ਜਾਵੇਗਾ।

ਡੀਏਪੀ ਖਾਦ ਦੀ ਕਿੱਲਤ, ਬੇਰੁਜ਼ਗਾਰੀ, ਬਿਜਲੀ ਦੇ ਕੱਟ, ਭਰਿਸ਼ਟਾਚਾਰ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਵਰਗੀਆਂ ਸਮੱਸਿਆਵਾਂ ਨੂੰ ਪੱਕੇ ਪੈਰੀਂ ਪਕੜ ਵਿੱਚ ਲਿਆਉਣ ਲਈ ਨਵਜੋਤ ਸਿੱਧੂ, ਮੁੱਖ ਮੰਤਰੀ ਚੰਨੀ ਸਾਹਿਬ ਨਾਲ ਸਹਿਯੋਗ ਕਰਕੇ ਹੋਰ ਹਰਮਨ ਪਿਆਰਤਾ ਹਾਸਲ ਕਰ ਸਕਦੇ ਹਨ। ਧਰਤੀ ਪੁੱਤਰ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਦੁਬਾਰਾ ਸੋਨ ਚਿੜੀ ਬਣਾਉਣ ਲਈ ਪੂਰਾ ਜ਼ੋਰ ਲਾਉਣ ਅਤੇ ਆਪਣਿਆਂ ਲਈ ਨੱਕ ਦੀ ਫਿਨਸੀ ਨਾ ਬਣਨ। ਪੰਜਾਬੀਆਂ ਦੀਆਂ ਦੁਆਵਾਂ ਅਤੇ ਬਾਬੇ ਨਾਨਕ ਦੀ ਕਿਰਪਾ ਉਹਨਾਂ ਤੇ ਬਣੀ ਰਹੇ।

Previous articleDalai Lama mourns demise of ex-South African President
Next articleਨਹੀਂ ਭੁੱਲਦਾ ਚੁੱਲ੍ਹੇ ਵਿੱਚ ਬਣੀ ਰੋਟੀ ਦਾ ਸਵਾਦ…