ਬੰਗਾ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸਾਹਿਤਕ ਖੇਤਰ ਵਿਚ ਪੰਜਵੇਂ ਦਹਾਕੇ ਤੱਕ ਲਗਾਤਾਰ ਸਾਹਤਕ ਸੇਵਾਵਾਂ ਨਿਭਾ ਰਹੀ ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਲਈ ਪ੍ਰਧਾਨ ਵਜੋਂ ਸੇਵਾ ਕਰਨ ਵਾਲਿਆਂ ਦਾ ਇੱਕ ਮੰਚ ‘ਤੇ ਸਨਮਾਨ ਕੀਤਾ ਗਿਆ। ਇਹਨਾਂ ਮੁੱਖੀਆਂ ਵਿੱਚ ਗੁਰਦਿਆਲ ਰੌਸ਼ਨ, ਸਤਪਾਲ ਸਾਹਲੋਂ, ਰਜਨੀ ਸ਼ਰਮਾ, ਗੁਰਨੇਕ ‘ਸ਼ੇਰ’ ਅਤੇ ਸੁਰਜੀਤ ਮਜਾਰੀ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਸਾਰਿਆਂ ਦੀ ਕਾਰਗੁਜ਼ਾਰੀ ਨੂੰ ਸਾਹਿਤਕ ਖੇਤਰ ਵਿਚ ਨਿਵੇਕਲੀਆਂ ਪਿਰਤ ਅਤੇ ਜ਼ਮੀਨੀ ਪੱਧਰ ਦੀ ਸਾਹਿਤਕ ਦੇਣ ਦੱਸਿਆ ਗਿਆ। ਦੱਸਣਯੋਗ ਹੈ ਕਿ ਇਸ ਸੰਸਥਾ ਦੇ ਹੁਣ ਤੱਕ ਦੇ ਸਾਰੇ ਪ੍ਰਧਾਨ ਹਮੇਸ਼ਾਂ ਇੱਕਰਾਏ ਬਣਾ ਕੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਕਾਰਜਸ਼ੀਲ ਹਨ । ਸਨਮਾਨ ਦਾ ਇਹ ਉਪਰਾਲਾ ਢਾਹਾਂ ਕਲੇਰਾਂ ਵਿਖੇ ਸਥਾਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਵਲੋਂ ਕੀਤਾ ਗਿਆ। ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਸਾਹਿਤ ਦੀ ਸਥਾਪਤੀ ਸਮਾਜਿਕ ਤਬਦੀਲੀ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ ਅਤੇ ਲੇਖਕ ਵਰਗ ਦੀ ਸੇਧਕ ਵਾਰਤਕ ਅਤੇ ਕਾਵਿਕ ਸਿਰਜਨਾ ਇਤਿਹਾਸ ਦਾ ਹਿੱਸਾ ਬਣਦੀ ਹੈ। ਉਹਨਾਂ ਨਵਜੋਤ ਸਾਹਿਤ ਸੰਸਥਾ ਔੜ ਦੀਆਂ ਸਰਗਰਮੀਆਂ ਦੀ ਲਗਾਤਾਰਤਾ ਨੂੰ ਨਵੀ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਦੱਸਿਆ ਅਤੇ ਸੰਸਥਾ ਨੂੰ ਹੋਰ ਬੁਲੰਦੀਆਂ ਛੂਹਣ ਲਈ ਕਾਮਨਾ ਵੀ ਕੀਤੀ। ਇਸ ਮੌਕੇ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਸੰਸਥਾ ਦੀ ਸਥਾਪਨਾ ਅਤੇ ਇਸ ਦੇ ਮੁਢਲੇ ਸੰਘਰਸ਼ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੰਸਥਾ ਦੇ ਪਲੇਠੇ ਮਹਿਲਾ ਪ੍ਰਧਾਨ ਮੈਡਮ ਰਜਨੀ ਸ਼ਰਮਾ ਨੇ ਸੰਸਥਾ ਦੇ ਬੈਨਰ ਹੇਠ ਮਹਿਲਾ ਵਰਗ ਦੀ ਸ਼ਮੂਲੀਅਤ ਨਾਲ ਕੀਤੇ ਕਾਰਜਾਂ ਬਾਰੇ ਦੱਸਿਆ। ਇਵੇਂ ਸਤਪਾਲ ਸਾਹਲੋਂ ਨੇ ਆਪਣੀ ਪ੍ਰਧਾਨਗੀ ਸਮੇਂ ਦੇ ਤਜ਼ਰਬਿਆਂ ਦੀ ਸਾਂਝ ਪਾਈ। ਸੰਸਥਾ ਦੇ ਮੌਜੂਦਾ ਪ੍ਰਧਾਨ ਸੁਰਜੀਤ ਮਜਾਰੀ ਨੇ ਸੰਸਥਾ ਵਲੋਂ ਉਲੀਕੇ ਨਵੇਂ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਉਕਤ ਟਰੱਸਟ ਦੇ ਸਕੱਤਰ ਅਮਰਜੀਤ ਸਿੰਘ ਕਲੇਰਾਂ, ਖ਼ਜ਼ਾਨਚੀ ਬੀਬੀ ਬਲਵਿੰਦਰ ਕੌਰ ਕਲਸੀ, ਸਾਬਕਾ ਪ੍ਰਧਾਨ ਮਲਕੀਅਤ ਸਿੰਘ ਬਾਹੜੋਵਾਲ, ਸੀਨੀਅਰ ਮੈਂਬਰ ਦਰਸ਼ਨ ਸਿੰਘ ਮਾਹਲ, ਜਗਜੀਤ ਸਿੰਘ ਸੋਢੀ, ਦਫ਼ਤਰ ਨਿਗਰਾਨ ਮਹਿੰਦਰਪਾਲ ਸਿੰਘ, ਡਾ. ਗੁਰਤੇਜ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਰਾਜਦੀਪ ਥਿਥਵਾਰ ਵੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj