- ਰਾਜੇਵਾਲ ਦੇ ਬਿਆਨ ਨੂੰ ਮੰਦਭਾਗਾ ਦੱਸਿਆ
ਚੰਡੀਗੜ੍ਹ(ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ 17 ਸਤੰਬਰ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਅਕਾਲੀ ਵਰਕਰਾਂ ਨੂੰ ਘੇਰ ਦੇ ਅਪਮਾਨਿਤ ਕਰਨ ਪਿੱਛੇ ਸ਼ਰਾਰਤੀ ਤੱਤਾਂ ਦੀ ਸ਼ਮੂਲੀਅਤ ਦੇ ਦੋਸ਼ ਲਾਏ ਹਨ। ਇਨ੍ਹਾਂ ਆਗੂਆਂ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਕਿਹਾ ਕਿ ਕਿਸਾਨੀ ਅੰਦੋਲਨ ’ਤੇ ਰਾਜਨੀਤੀ ਦੀ ਪਾਣ ਨਾ ਚੜ੍ਹਨ ਦਿੱਤੀ ਜਾਵੇ। ਉਨ੍ਹਾਂ ਰਾਜੇਵਾਲ ਦੀਆਂ ਟਿੱਪਣੀਆਂ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸ਼ਰਾਰਤੀ ਤੱਤਾਂ ਖਿਲਾਫ਼ ਕਾਰਵਾਈ ਨਾ ਕਰਨ ਦਾ ਐਲਾਨ ਕਰਕੇ ਕਿਸਾਨ ਆਗੂ ਨੇ ਚੰਗੀ ਪਿਰਤ ਨਹੀਂ ਪਾਈ।
ਅਕਾਲੀ ਦਲ ਦੇ ਇਨ੍ਹਾਂ ਸੀਨੀਅਰ ਆਗੂਆਂ ਨੇ ਸੰਯੁਕਤ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਨਾਮ ਹੇਠ ਅਕਾਲੀ ਅਕਾਲੀਆਂ ਨੂੰ ਅਪਮਾਨਿਤ ਕਰਨ, ਕੁੱਟਣ ਅਤੇ ਲੁੱਟਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਖੁਦ ਮੰਨ ਚੁੱਕੇ ਹਨ ਕਿ ਕਿਸਾਨ ਅੰਦੋਲਨ ਵਿੱਚ ਏਜੰਸੀਆਂ ਦੇ ਬੰਦਿਆਂ ਨੇ ਘੁਸਪੈਠ ਕੀਤੀ ਹੋਈ ਹੈ ਤੇ ਏਜੰਸੀਆਂ ਦੇ ਬੰਦੇ ਅੰਦੋਲਨ ਨੂੰ ਢਾਹ ਲਾਉਣ ਦੇ ਯਤਨ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਗੂ ਏਜੰਸੀਆਂ ਅਤੇ ਸ਼ਰਾਰਤੀ ਤੱਤਾਂ ਦੀ ਘੁਸਪੈਠ ਦੀ ਗੱਲ ਮੰਨਦੇ ਹਨ ਤਾਂ ਅਜਿਹੇ ਵਿਅਕਤੀਆਂ ਦੀ ਪਛਾਣ ਕਰਕੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਦੇ ਸਮਾਗਮਾਂ ਵਿੱਚ ਖਲਲ ਪਾਉਣ ਵਾਲੇ ਸ਼ਰਾਰਤੀ ਤੱਤਾਂ ਦੀ ਹਮਾਇਤ ਵਿੱਚ ਕਿਸਾਨ ਜਥੇਬੰਦੀਆਂ ਖੁੱਲ੍ਹ ਕੇ ਸਾਹਮਣੇ ਆ ਜਾਂਦੀਆਂ ਹਨ ਜਦੋਂ ਕਿ ਇਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਕਿਸਾਨੀ ਅੰਦੋਲਨ ਦੀ ਹਰ ਤਰ੍ਹਾਂ ਨਾਲ ਹਮਾਇਤ ਹੀ ਨਹੀਂ ਕਰ ਰਿਹਾ ਸਗੋਂ ਖੁਦ ਵੀ ਅਕਾਲੀ ਦਲ ਦੇ ਆਗੂਆਂ ਨੇ ਭਾਜਪਾ ਨਾਲ ਨਾਤਾ ਤੋੜ ਕੇ ਸੰਘਰਸ਼ ਵਿੱਢਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨੀ ਦੇ ਭੇਸ ’ਚ ਅਕਾਲੀ ਦਲ ਵਿਰੁੱਧ ਸਰਗਰਮ ਸ਼ਰਾਰਤੀ ਤੱਤ ਭਾਜਪਾ, ਕਾਂਗਰਸ ਅਤੇ ‘ਆਪ’ ਨੂੰ ਸਿਆਸੀ ਲਾਭ ਪਹੁੰਚਾਉਣ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਅਕਾਲੀ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ। ਉਨ੍ਹਾਂ ਸੰਯੁਕੁਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਵਿਚ ਸ਼ਾਮਲ ਹੋਣ ਵਾਲਿਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਦੀ ਵਰਤੋਂ ਕਰਨ ਤੇ ਅਕਾਲੀ ਦਲ ਤੇ ਬਸਪਾ ਦੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਡਰਾਉਣ ਲਈ ਕੀਤੀ ਗੁੰਡਾਗਰਦੀ ਖਿਲਾਫ ਪੁਲੀਸ ਕੇਸ ਦਰਜ ਕਰਵਾਉਣ ਸਮੇਤ ਕਾਨੂੰਨੀ ਕਦਮ ਚੁੱਕਣ।
ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਦਿੱਲੀ ਵਿੱਚ ਮਾਰਚ ਵਿੱਚ ਸ਼ਾਮਲ ਹੋਣ ਵਾਸਤੇ ਜਾਣ ਵੇਲੇ ਰਾਹ ਵਿੱਚ ਘਿਰਾਓ ਅਤੇ ਅਪਾਮਨਜਨਕ ਘਟਨਾਵਾਂ ਦਾ ਸ਼ਿਕਾਰ ਹੋਏ ਵਿਅਕਤੀਆਂ ਨੇ ਆਪਣੀ ਹੱਡ ਬੀਤੀ ਅਕਾਲੀ ਨੇਤਾਵਾਂ ਦੇ ਸਾਹਮਣੇ ਸੁਣਾਈ। ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਟਿਕਰੀ ਤੇ ਸਿੰਘੂ ਬਾਰਡਰਾਂ ’ਤੇ ਪਰਿਵਾਰਾਂ ਸਮੇਤ ਮਹੀਨਿਆਂ ਤੱਕ ਕਿਸਾਨ ਰੋਸ ਪ੍ਰਦਰਸ਼ਨਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੁੰਦੇ ਰਹੇ ਹਨ। ਜਲੰਧਰ ਜ਼ਿਲ੍ਹੇ ਨਾਲ ਸਬੰਧਤ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਅਕਾਲੀ ਆਗੂਆਂ ਦੀਆਂ ਦਸਤਾਰਾਂ ਤੇ ਦਾੜ੍ਹੀਆਂ ਸਮੇਤ ਸਿੱਖੀ ਪਛਾਣ ਦੇ ਚਿੰਨ੍ਹਾਂ ਦੀ ਬੇਅਦਬੀ ਸਮੇਤ ਜ਼ਲੀਲ ਕਰਨ ਵਾਲੀਆਂ ਕਾਰਵਾਈਆਂ ਕੀਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਰਤੀ ਅਨਸਰਾਂ ਵਿੱਚੋਂ ਕਈ ਤਾਂ ਸ਼ਰਾਬ ਵਿੱਚ ਰੱਜੇ ਹੋਏ ਸਨ ਤੇ ਜਿਨ੍ਹਾਂ ਨੇ ਮਹਿਲਾਵਾਂ ਤੇ ਬਜ਼ੁਰਗਾਂ ਦੇ ਖਿਲਾਫ ਮੰਦੀ ਭਾਸ਼ਾ ਵੀ ਵਰਤੀ।
ਅਕਾਲੀ ਦਲ ਦਫ਼ਤਰ ਪੁੱਜੇ ਪੀੜਤਾਂ ’ਚ ਸ਼ਾਮਲ ਜਸਬੀਰ ਸਿੰਘ ਦਕੋਹਾ, ਰਾਮ ਸਿੰਘ ਪੱਪੀ, ਸੁਰਿੰਦਰ ਸਿੰਘ, ਦਲਵਿੰਦਰ ਸਿੰਘ, ਹਰਭਜਨ ਸਿੰਘ ਚੱਕ ਕਲਾਂ, ਨਿਰਮਲ ਸਿੰਘ ਧਰਮੀ ਫੌਜੀ, ਗੁਰਮੀਤ ਸਿੰਘ ਬਰਾੜ ਜਨਰਲ ਸਕੱਤਰ ਯੂਥ ਅਕਾਲੀ ਦਲ, ਜਗਮਾਨ ਸਿੰਘ ਰਾਜਾ, ਬਲਵੀਰ ਸਿੰਘ, ਗੁਰਲਾਲ ਸਿੰਘ, ਜਸਵੰਤ ਸਿੰਘ ਮਰਾੜ ਕਲਾਂ, ਬਲਕਰਨ ਸਿੰਘ ਨਿਹਾਲ ਸਿੰਘ ਵਾਲਾ, ਹਰਨੇਕ ਸਿੰਘ, ਸ੍ਰੀਮਤੀ ਹਰਪ੍ਰੀਤ, ਬਲਜਿੰਦਰ ਸਿੰਘ, ਮਨੋਹਰ ਬੈਂਸ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਤੇ ਸਤਿੰਦਰ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਦੀ ਜਾਂਚ ਕਰੇ ਤਾਂ ਜੋ ਇਹ ਸ਼ਨਾਖ਼ਤ ਹੋ ਸਕੇ ਕਿ ਕਿਹੜੀਆਂ ਏਜੰਸੀਆਂ ਪੰਜਾਬ ਵਿੱਚ ਵੰਡ ਤੇ ਫੁੱਟ ਪਾ ਕੇ ਹਿੰਸਾ ਭੜਕਾਉਣਾ ਚਾਹੁੰਦੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly