ਨਾਥ ਸੰਪਰਦਾ ਅਤੇ ਯੋਗ ਪੁਸਤਕ ਬਾਰੇ ਰਚਾਇਆ ਗੰਭੀਰ ਸੰਵਾਦ

ਡਾ. ਅਸਗਰ ਵਜਾਹਤ ਨੇ ਉੱਤਰ-ਪ੍ਰਦੇਸ਼ ਪੰਜਾਬੀ ਅਕਾਦਮੀ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਬਰਨਾਲਾ  (ਸਮਾਜ ਵੀਕਲੀ)  (ਚੰਡਿਹੋਕ) : ਨਾਥ ਸਾਹਿਤ ਦਾ ਪੰਜਾਬੀ ਸਾਹਿਤ ਅਤੇ ਸਭਿਆਚਾਰ ਉੱਤੇ ਡੂੰਘਾ ਪ੍ਰਭਾਵ ਹੈ। ਇਸ ਵੇਲੇ ਧਰਤੀ ਅਤੇ ਮਨੁੱਖ ਦੀ ਸਿਹਤ ਉੱਤੇ ਬਣੇ ਹੋਏ ਸੰਕਟ ਨੂੰ ਸਮਝਣ ਅਤੇ ਦੂਰ ਕਰਨ ਲਈ ਨਾਥ ਸਾਹਿਤ ਅਤੇ ਯੋਗ ਅਭਿਆਸ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਹ ਵਿਚਾਰ ਪੱਤਰਕਾਰ ਤੇ ਅਨੁਵਾਦਕ ਦੀਪ ਜਗਦੀਪ ਸਿੰਘ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਵਿੱਚ ਆਯੋਜਿਤ ‘ਨਾਥ ਸੰਪ੍ਰਦਾਇ ਅਤੇ ਯੋਗ ਇਕ ਸੰਵਾਦ’ ਸਮਾਰੋਹ ਦੌਰਾਨ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਜਾਮੀਆ ਮਿਲੀਆ ਇਸਲਾਮੀਆ ਦੇ ਸਾਬਕਾ ਪ੍ਰੋਫੈਸਰ ਅਤੇ ਪ੍ਰਸਿੱਧ ਲੇਖਕ ਅਸਗਰ ਵਜਾਹਤ, ਫਕੈਲਟੀ ਆਫ਼ ਫ਼ਾਈਨ ਆਰਟਸ ਦੇ ਡੀਨ ਡਾ. ਟੀ. ਐੱਨ. ਸਤੀਸ਼ਨ, ਹਿੰਦੀ ਵਿਭਾਗ ਦੇ ਪ੍ਰੋ. ਵੇਦ ਪ੍ਰਕਾਸ਼, ਪੰਜਾਬੀ ਸੈਕਸ਼ਨ ਦੇ ਮੁਖੀ ਡਾ. ਕਰਾਂਤੀਪਾਲ ਅਤੇ ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ, ਲਖਨਊ ਦੇ ਪ੍ਰੋਗਰਾਮ ਕੋਆਰਡਿਨੇਟਰ ਅਰਵਿੰਦ ਨਾਰਾਇਣ ਮਿਸ਼ਰ ਨੇ ਡਾ. ਦਯਾ ਸਿੰਘ ਪੰਜਾਬੀ ਦੁਆਰਾ ਲਿਖੀ ਪੁਸਤਕ ‘ਨਾਥ ਸੰਪ੍ਰਦਾਇ ਅਤੇ ਯੋਗ’ ਪੁਸਤਕ ਰਿਲੀਜ਼ ਕੀਤੀ। ਇਸ ਮੌਕੇ ਕਸ਼ਮੀਰੀ ਸੈਕਸ਼ਨ ਦੇ ਸਹਾਇਕ ਪ੍ਰੋਫੈਸਰ ਡਾ. ਸ਼ਾਕਿਰ ਅਹਿਮਦ ਨਾਇਕੂ ਦੀ ਪੁਸਤਕ ਕਸ਼ਮੀਰੀ ਸਾਹਿਤ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ। ਵਿਭਾਗ ਤੋਂ ਪੀਐਚਡੀ ਕਰ ਚੁੱਕੇ ਡਾ. ਦਯਾ ਸਿੰਘ ਨੇ ਆਪਣੇ ਸੁਪਰਵਾਈਜ਼ਰ ਡਾ. ਕਰਾਂਤੀਪਾਲ ਦੀ ਅਗਵਾਈ ਵਿੱਚ ਇਹ ਪੁਸਤਕ ਲਿਖੀ, ਜਿਸ ਨੂੰ ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਅਸਗਰ ਵਜਾਹਤ ਨੇ ਕਿਹਾ ਨਾਥ ਪਰੰਪਰਾ ਦਾ ਪੰਜਾਬੀ ਸਾਹਿਤ ਤੇ ਸਭਿਆਚਾਰ ਨਾਲ ਡੂੰਘਾ ਸੰਬੰਧ ਹੈ। ਡਾ. ਦਇਆ ਰਾਮ ਨੇ ਪੰਜਾਬੀ ਵਿੱਚ ਨਾਥ ਪਰੰਪਰਾ ਅਤੇ ਯੋਗ ਬਾਰੇ ਪੰਜਾਬੀ ਵਿੱਚ ਸਰਲ ਭਾਸ਼ਾ ਵਿੱਚ ਇਹ ਕਿਤਾਬ ਲਿਖ ਕੇ ਨਵੀਂ ਪੀੜ੍ਹੀ ਨੂੰ ਪੰਜਾਬ ਦੀ ਇਤਿਹਾਸਕ ਵਿਰਾਸਤ ਨਾਲ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਹੈ। ਇਹ ਪੁਸਤਕ ਪ੍ਰਕਾਸ਼ਿਤ ਕਰਨ ਲਈ ਉਨ੍ਹਾਂ ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਆਪਣੇ ਖੋਜਾਰਥੀਆਂ ਨੂੰ ਯੋਗ ਅਗਵਾਈ ਦੇ ਕੇ ਸਮਾਜ ਲਈ ਮੁੱਲਵਾਨ ਖੋਜ ਕਰਨ ਲਈ ਉਤਸ਼ਾਹਤ ਕਰ ਰਿਹਾ ਹੈ। ਵਿਦਿਆਰਥੀਆਂ ਨੂੰ ਪੁਸਤਕ ਲਿਖਣ ਤੇ ਪ੍ਰਕਾਸ਼ਿਤ ਕਰਵਾਉਣ ਵਿੱਚ ਅਗਵਾਈ ਦੇਣਾ ਬਹੁਤ ਹੀ ਮਹੱਤਵਪੂਰਨ ਕਾਰਜ ਹੈ।
ਦੀਪ ਜਗਦੀਪ ਸਿੰਘ ਨੇ ਪੁਸਤਕ ਬਾਰੇ ਆਪਣਾ ਖੋਜ-ਪੱਤਰ ਪੜ੍ਹਦਿਆਂ ਕਿਹਾ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਨਾਥ ਸਾਹਿਤ ਪੰਜਾਬੀ ਸਾਹਿਤ ਦੇ ਆਦਿ-ਸਾਹਿਤ ਵੱਜੋਂ ਦਰਜ ਕੀਤਾ ਹੈ। ਪੰਜਾਬੀ ਭਾਸ਼ਾ ਦੇ ਮੁੱਢਲੇ ਨਕਸ਼ ਨਾਥ ਸਾਹਿਤ ਵਿੱਚ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਿੱਧ-ਗੋਸ਼ਟਿ ਕਰ ਕੇ ਨਾਥ ਸੰਪ੍ਰਦਾਇ ਨਾਲ ਇਕ ਗੰਭੀਰ ਸੰਵਾਦ ਕੀਤਾ। ਉਨ੍ਹਾਂ ਨਾਲ ਸੰਵਾਦ ਕਰਨ ਵਾਲੇ ਨਾਥਾਂ ਨੇ ਵੀ ਉਨ੍ਹਾਂ ਦੇ ਵਿਚਾਰਾਂ ਦਾ ਸਮਰਥਨ ਕੀਤਾ। ਗੁਰੂ ਨਾਨਕ ਸਾਹਿਬ ਨਾਲ ਗੋਸ਼ਟਿ ਕਰਨ ਵਾਲੇ ਚਰਪਟ ਨਾਥ ਨੇ ਨਾਥ ਸੰਪ੍ਰਦਾਇ ਵਿੱਚ ਸੁਧਾਰਵਾਦੀ ਲਹਿਰ ਸ਼ੁਰੂ ਕੀਤੀ। ਉਨ੍ਹਾਂ ਨੇ ਸਮਕਾਲ ਵਿੱਚ ਇਸ ਪੁਸਤਕ ਦੀ ਪ੍ਰਸੰਗਿਕਤਾ ਬਾਰੇ ਬੋਲਦਿਆਂ ਕਿਹਾ ਕਿ ਅੱਜ ਮਨੁੱਖ ਅਤੇ ਧਰਤੀ ਜੋ ਸਿਹਤ ਦੇ ਸੰਕਟ ਵਿੱਚੋਂ ਲੰਘ ਰਹੀ ਹੈ, ਉਸ ਦਾ ਹੱਲ ਨਾਥ ਸੰਪਰਦਾਇ ਦੇ ਮੁੱਲ-ਵਿਧਾਨ ਅਤੇ ਯੋਗ ਅਭਿਆਸ ਵਿੱਚੋਂ ਲੱਭਿਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਨੇ ਪੌਣ, ਪਾਣੀ ਅਤੇ ਧਰਤੀ ਦੀ ਸ਼ੁੱਧਤਾ ਨੂੰ ਉੱਚਾ ਦਰਜਾ ਦਿੱਤਾ ਸੀ।
ਪੁਸਤਕ ਉੱਤੇ ਚਰਚਾ ਦਾ ਆਰੰਭ ਕਰਦਿਆਂ ਹੋਇਆਂ ਹਿੰਦੀ ਵਿਭਾਗ ਦੇ ਪ੍ਰੋਫ਼ੈਸਰ ਵੇਦ ਪ੍ਰਕਾਸ਼ ਨੇ ਕਿਹਾ ਨਾਥ ਸੰਪ੍ਰਦਾਇ ਉਸ ਵੇਲੇ ਦੀ ਪ੍ਰਚੱਲਿਤ ਧਾਰਾ ਦੇ ਖੰਡਨ ਦੇ ਰੂਪ ਵਿੱਚ ਪੈਦਾ ਹੋਇਆ ਸੀ। ਇਸ ਵਿੱਚ ਉਹ ਲੋਕ ਸ਼ਾਮਲ ਹੋਏ ਜੋ ਉਸ ਵੇਲੇ ਦੇ ਜਾਤੀਵਾਦੀ ਸਮਾਜ ਵਿੱਚ ਹੇਠਲੇ ਪਾਏਦਾਨ ’ਤੇ ਗਿਣੇ ਜਾਂਦੇ ਸਨ। ਨਾਥ ਸੰਪ੍ਰਦਾਇ ਨੇ ਜਾਤ ਦੇ ਵਿਤਕਰੇ ਨੂੰ ਚੁਣੌਤੀ ਦਿੱਤੀ। ਨਾਥ ਆਪਣੇ ਸਮੂਹਿਕ ਕਾਰਜਾਂ ਲਈ ਬਾਹਰੋਂ ਪੁਜਾਰੀ ਨਹੀਂ ਬੁਲਾਉਂਦੇ ਸਨ ਬਲਕਿ ਆਪ ਹੀ ਆਪਣੇ ਵਿਧੀ-ਵਿਧਾਨ ਪੂਰੇ ਕਰਦੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਖੋਜਾਰਥੀ ਡਾ. ਦਯਾ ਸਿੰਘ ਪੰਜਾਬੀ ਨੂੰ ਇਸ ਵਿਸ਼ੇ ਨੂੰ ਅੱਗੇ ਵਧਾਉਂਦਿਆਂ ਨਾਥ ਸੰਪ੍ਰਦਾਇ ਬਾਰੇ ਖੋਜ ਆਧਾਰਤ ਪੁਸਤਕਾਂ ਦੀ ਲੜੀ ਤਿਆਰ ਕਰਨੀ ਚਾਹੀਦੀ ਹੈ।
ਉੱਤਰ ਪ੍ਰਦੇਸ਼ ਪੰਜਾਬੀ ਅਕਾਦਮੀ ਦੇ ਪ੍ਰੋਗਰਾਮ ਕੋਆਰਡੀਨੇਟਰ ਅਰਵਿੰਦ ਨਾਰਾਇਣ ਮਿਸ਼੍ਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨਿਰਦੇਸ਼ਕ ਓਮ ਪ੍ਰਕਾਸ਼ ਸਿੰਘ ਦੀ ਅਗਵਾਈ ਵਿੱਚ ਅਕਾਦਮੀ ਉੱਤਰ ਪ੍ਰਦੇਸ਼ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਉਨ੍ਹਾਂ ਦੀ ਮਾਂ-ਬੋਲੀ ਨਾਲ ਜੋੜੀ ਰੱਖਣ ਲਈ, ਪੰਜਾਬੀ ਬੋਲੀ ਤੇ ਸਾਹਿਤ ਦੀ ਪ੍ਰਫੁੱਲਤਾ ਲਈ ਵੱਡੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਵੱਲੋਂ ਪੰਜਾਬੀ ਵਿੱਚ ਕਰਵਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕਾਦਮੀ ਮਾਣ ਮਹਿਸੂਸ ਕਰ ਰਹੀ ਹੈ ਕਿ ਵਿਭਾਗ ਦੇ ਵੱਡਮੁੱਲੇ ਖੋਜ ਕਾਰਜਾਂ ਨੂੰ ਪ੍ਰਕਾਸ਼ਿਤ ਕਰਨ ਦਾ ਮੌਕਾ ਹਾਸਲ ਹੋਇਆ ਹੈ। ਅਕਾਦਮੀ ਭਵਿੱਖ ਵਿੱਚ ਵੀ ਮੁੱਲਵਾਨ ਪੰਜਾਬੀ ਸਾਹਿਤ ਛਾਪਣ ਲਈ ਵਚਨਬੱਧ ਹੈ।
ਫੈਕਲਟੀ ਆਫ਼ ਆਰਟਸ ਦੇ ਡੀਨ ਅਤੇ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਦੇ ਚੇਅਰਮੈਨ ਡਾ. ਟੀ. ਐੱਨ ਸਤੀਸ਼ਨ ਨੇ ਖੋਜਾਰਥੀ ਡਾ. ਦਯਾ ਰਾਮ ਨੂੰ ਇਸ ਮੁੱਲਵਾਨ ਪੁਸਤਕ ਦੇ ਪ੍ਰਕਾਸ਼ਨ ’ਤੇ ਵਧਾਈ ਦਿੰਦਿਆਂ ਕਿਹਾ ਸਾਡੇ ਖੋਜਾਰਥੀ ਆਪਣੀ ਖੋਜ ਰਾਹੀਂ ਅਕਾਦਮਿਕ ਖੇਤਰ ਵਿੱਚ ਵਿਲੱਖਣ ਪਛਾਣ ਸਥਾਪਤ ਕਰ ਰਹੇ ਹਨ। ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿ ਖੋਜਾਰਥੀ ਇੱਥੋਂ ਦੇ ਮਾਹੌਲ ਵਿੱਚ ਵਧਣ-ਫੁੱਲਣ ਤੇ ਖੋਜ ਦੇ ਨਵੇਂ ਦਿਸਹੱਦੇ ਕਾਇਮ ਕਰਨ ਦੇ ਮੌਕੇ ਹਾਸਲ ਕਰ ਰਹੇ ਹਨ। ਸਮਾਗਮ ਦੇ ਆਰਗੇਨਾਈਜਰ ਸਕੱਤਰ ਤੇ ਪੰਜਾਬੀ ਦੇ ਇੰਚਾਰਜ ਡਾ. ਕਰਾਂਤੀਪਾਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਭਾਰਤ ਦੀਆਂ ਸੱਤ ਮਾਣਮੱਤੀਆਂ ਭਾਸ਼ਾਵਾਂ ਦੇ ਸੰਗਮ ਸਥਾਨ ਹੈ। ਇੱਥੇ ਸੱਤ ਸਭਿਆਚਾਰਾਂ ਦਾ ਸੁਮੇਲ ਹੁੰਦਾ ਹੈ, ਜਿੱਥੇ ਖੋਜਾਰਥੀਆਂ ਇਕ ਨਹੀਂ ਸੱਤ ਭਾਸ਼ਾਵਾਂ ਦੇ ਅਨੁਭਵ ਰਾਹੀਂ ਸਮਾਜ ਲਈ ਸੰਵੇਦਨਸ਼ੀਲ ਮਨੁੱਖ ਬਣਨ ਤੇ ਯੋਗਦਾਨ ਦੇਣ ਲਈ ਤਿਆਰ ਹੁੰਦੇ ਹਨ। ਸਮਾਰੋਹ ਦੌਰਾਨ ਮੰਚ ਸੰਚਾਲਨ ਕਰਦਿਆਂ ਮਰਾਠੀ ਸੈਕਸ਼ਨ ਦੇ ਇੰਚਾਰਜ ਤਾਹਿਰ ਐਚ. ਪਠਾਨ ਨੇ ਆਏ ਹੋਏ ਵਿਦਵਾਨਾਂ ਅਤੇ ਵਿਭਾਗ ਦੇ ਉਪਰਾਲਿਆਂ ਬਾਰੇ ਜਾਣ-ਪਛਾਣ ਕਰਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਗਠਨ ਨੂੰ ਮਜਬੂਤ ਤੇ ਚੁਸਤ ਦਰੁਸਤ ਕਰਕੇ ਬਸਪਾ ਵਲੋਂ ਵਿਢੀ ਪੰਜਾਬ ਸੰਭਾਲੋ ਮੁਹਿੰਮ ਘਰ ਘਰ ਪੁਚਾਓ -ਡਾਕਟਰ ਕਰੀਮਪੁਰੀ
Next articleਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪਰਸੋਵਾਲ-ਬੱਸੀ ਕਲਾਂ-ਚੱਕ ਸਾਧੂ ਤੋਂ ਭੇੜੂਆਂ ਸੜਕ ਦੇ ਕੰਮ ਦਾ ਕੀਤਾ ਨਿਰੀਖਣ