ਐਸ ਐਲ ਵਿਰਦੀ ਐਡਵੋਕੇਟ
(ਸਮਾਜ ਵੀਕਲੀ) ਨਾਟਕ ਸੀਨ-ਜਦੋਂ ਦਲਿਤ ਮਜ਼ਦੂਰ ਆਗੂ ਚਰਨ ਦਾਸ ਨਿਧੜਕ ਨੇ ਦੁਆਨੀ ਵਿਚੋ ਮਨੂੰਵਾਦ ਦਾ ਭੂਤ ਕੱਢਿਆ
ਕਮੈਂਟਰੀ- ਫਗਵਾੜੇ ਇਕ ਚਰਨ ਦਾਸ ਨਿਧੜਕ ਹੋਇਆ। ਮਾਨਯੋਗ ਨਿਧਰੜ ਜੀ ਨੇ ਅੰਗਰੇਜ਼ ਸਰਕਾਰ ਖਿਲਾਫ ਲਾਏ ਗਏ ਜੈਤੋ ਦੇ ਮੋਰਚੇ ਵਿਚ ਭਾਗ ਲਿਆ। ਫਿਰ ਜਦ ਆਦਿ ਧਰਮ ਮੰਡਲ ਦਾ ਅੰਦੋਲਨ ਹੋਇਆ ਤਾਂ ਉਹ ਉਸ ਵਿਚ ਵੀ ਸਰਗਰਮ ਹੋ ਗਿਆ। ਫਗਵਾੜਾ ਨਜ਼ਦੀਕ ਪਿੰਡ ਚੱਕ ਹਕੀਮ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਧਰਮ ਅਸਥਾਨ (ਮੌਜੂਦਾ ਸ੍ਰੀ ਗੁਰੂ ਰਵਿਦਾਸ ਮੰਦਿਰ) ਵਿਖੇ ਗੁਰੂ ਰਵਿਦਾਸ ਜੀ ਦੇ ਨਿਰਵਾਣ ਦਿਵਸ ਮੌਕੇ ਇਕ-ਦੋ ਹਾੜ ਨੂੰ ਸੰਤ ਹੀਰਾ ਦਾਸ ਜੀ ਮੇਲਾ ਲਾਉਂਦੇ ਸੀ। ਪ੍ਰੰਤੂ ਨਜ਼ਦੀਕ ਦੇ ਪਿੰਡਾਂ ਦੇ ਜ਼ਿੰਮੀਦਾਰਾਂ ਦੇ ਮੁੰਡੇ ਇਸ ਮੇਲੇ ਵਿਚ ਆ ਕੇ ਦਲਿਤਾਂ ਦੀਆਂ ਲੜਕੀਆਂ ਤੇ ਬਹੂ ਬੇਟੀਆਂ ਨਾਲ ਗੁੰਡਾ ਗਰਦੀ ਕਰਿਆ ਕਰਦੇ ਸੀ ਤੇ ਖੱਪਖਾਨਾ ਕਰਕੇ ਮੇਲਾ ਖਰਾਬ ਕਰ ਦਿੰਦੇ ਸੀ।
1939 ਵਿਚ ਚਰਨ ਦਾਸ ਨਿਧੜਕ ਤੇ ਉਹਨਾਂ ਦੇ ਭਾਈ ਕਰਤਾਰ ਚੰਦ ਨੇ ਡਾਂਗਾਂ ਲੈ ਕੇ ਮੇਲੇ ਦੀ ਰੱਖਿਆ ਕਰਨ ਲਈ ਚੱਕ ਹਕੀਮ ਚਲੇ ਗਏੇ। ਜਿਉਂ ਹੀ ਜ਼ਿਮੀਦਾਰ ਗੁੰਡਿਆਂ ਨੇ ਗੁੰਡਾਗਰਦੀ ਸ਼ੁਰੂ ਕੀਤੀ ਤਾਂ ਦੋਵਾਂ ਭਰਾਵਾਂ ਨੇ ਡਾਂਗਾਂ ਨਾਲ ਗੁੰਡਿਆਂ ਤੇ ਮੀਂਹ ਵਰਸਾ ਦਿੱਤਾ। ਗੁੰਡੇ ਮੇਲਾ ਛੱਡ ਕੇ ਭੱਜ ਗਏ। ਇਸ ਤੋਂ ਬਾਅਦ ਫਿਰ ਚੱਕ ਹਕੀਮ ਦੇ ਮੇਲੇ ਨੂੰ ਖਰਾਬ ਕਰਨ ਦੀ ਕਿਸੇ ਗੁੰਡੇ ਦੀ ਜੁਰਰਤ ਨਾ ਪਈ। ਤਦ ਤੋਂ ਹੀ ਚਰਨ ਦਾਸ ਨੂੰ ਲੋਕਾਂ ਨੇ ਸਤਿਕਾਰ ਨਾਲ ਨਿਧੜਕ ਕਹਿਣਾ ਸ਼ੁਰੂ ਕਰ ਦਿੇਤਾ ਹੈ। ਅੱਜ ਹਰ ਪੰਜਾਬੀ ਉਹਨਾਂ ਦੇ ਨਾ ਤੋਂ ਮਾਣ ਕਰਦਾ ਹੈ।
ਕਟਿਹਰਾ ਚੌਂਕ ਵਿਚ ਇਕ ਹਲਵਾਈ ਦੀ ਲੱਸੀ ਬੜੀ ਮਸ਼ਹੂਰ ਸੀ। ਲੋਕ ਦੂਰ ਦੂਰ ਤੋਂ ਲੱਸੀ ਪੀਣ ਆਉਦੇ ਸਨ। ਇਕ ਵਾਰ ਨਿਧੜਕ ਵੀ ਕਟਿਹਰਾ ਚੌਂਕ ਵਿਚ ਲੱਸੀ ਪੀਣ ਚਲੇ ਗਿਆ। ਸੀਨ ਤਿਆਰ ਹੈ, ਲਓ ਫਿਰ ਅੱਖੀ ਦੇਖੋ।
( ਫਲੈਕਸ ਫੋਟੋ ਚਰਨ ਦਾਸ ਨਿਧੜਕ )
ਨਿਧੜਕ- ਹਲਵਾਈ, ਇਕ ਗਲਾਸ ਲੱਸੀ ਦਾ ਦਈ,
ਹਲਵਾਈ- ਕਿਹੜੀ ਜਾਤ ਐ?
ਨਿਧੜਕ- ਆਦਿਧਰਮੀ।
ਹਲਵਾਈ- ਔਹ… ਗਲਾਸ ਚੁੱਕ।
ਨਿਧੜਕ- ਗਲਾਸ ਚੁਕਿਆ, ਉਸ ਉਪਰੋਂ ਦੂਰ ਤੋਂ ਲੱਸੀ ਪਾ ਦਿੱਤੀ।
ਨਿਧੜਕ ਲੱਸੀ ਪੀਤੀ ਤੇ ਪੁੱਛਿਆ, ਕਿੰਨੇ ਪੈਸੇ?
ਹਲਵਾਈ- ਦੋ ਆਨੇ,
ਨਿਧੜਕ- ਨੇ ਜੇਬ ਵਿਚੋਂ ਚੁਆਨੀ ਕੱਢੀ, ਫੜ ਪੈਸੇ,
ਹਲਵਾਈ- ਬੋਰੀ ਤੇ ਇਛਾਰਾ ਕਰ, ਇੱਥੇ ਸੁੱਟ ਦੇ।
ਨਿਧੜਕ- ਲਾਲਾ ਜੀ, ਇਹ ਤਾਂ ਪੈਸੇ ਐ, ਇਹਨਾਂ ਨੂੰ ਫੜ ਲੈਅ।
ਹਲਵਾਈ- ਗੁੱਸੇ ’ਚ, ‘ਤੈਨੂੰ ਕਿਹਾ ਥੱਲੇ ਸੁੱਟ ਦੇ, ਆ ਜਾਂਦੇ ਆ ਚ…ਲੱਸੀ ਪੀਣ’
ਨਿਧੜਕ- ਚੁਆਨੀ ਸੁੱਟ ਦਿੱਤੀ।
ਹਲਵਾਈ- ਨੇ ਚਿਮਟੇ ਨਾਲ ਚੁਆਨੀ ਚੁੱਕੀ ਤੇ ਅੱਗ ਵਿਚ ਪਾ, ਠੰਡੀ ਕਰ, ਬੋਰੀ ਥੱਲੇ ਰੱਖ, ਬਾਕੀ ਦੁਆਨੀ ਉਠਾ, ਹੱਥ ਅੱਗੇ ਵਧਾ, ਲੈ ਫੜ ਵਾਪਸ ਦੁਆਨੀ।
ਨਿਧੜਕ- ਥੱਲੇ ਸੁੱਟ ਦੇ।
ਹਲਵਾਈ- ਇਹ ਮਾਇਆ ਹੈ, ਇਸ ਦਾ ਨਿਰਾਦਰ ਨਹੀਂ ਕਰੀਦਾ, ਫੜ ਵਾਪਸ ਦੁਆਨੀ।
ਨਿਧੜਕ- ਗੁੱਸੇ ’ਚ, ‘ਤੈਨੂੰ ਕਿਹਾ ਥੱਲੇ ਸੁੱਟ ਦੇ।
ਹਲਵਾਈ- ਨੇ ਦੁਆਨੀ ਥੱਲੇ ਸੁੱਟ ਦਿੱਤੀ।
ਨਿਧੜਕ- ਜੁੱਤੀ ਖੋਲ੍ਹੀ, ਫਾੜ ਫਾੜ ਦੁਆਨੀ ਉਤੇ ਜੁੱਤੀਆਂ ਮਾਰਨ ਲੱਗ ਪਿਆ। ਖੜਾਕਾ ਸੁਣ ਦੁਕਾਨਦਾਰ ਇਕੱਠੇ ਹੋ ਗਏ। ਨਿਧੜਕ ਫਾੜ ਫਾੜ ਦੁਆਨੀ ਉਤੇ ਜੁੱਤੀਆਂ ਮਾਰਦਾ ਰਿਹਾ, ਬਜ਼ਾਰ ਇਕੱਠਾ ਹੁੰਦਾ ਗਿਆ, ਫਿਰ 101 ਜੁਤੀਆਂ ਮਾਰ ਕੇ ਨਿਧੜਕ ਹਟਿਆ ਤਾਂ,
ਬ. ਪ੍ਰਧਾਨ- ਨਿਧੜਕਾ, ‘ਇਹ ਕੀ ਕਰਦਾ ਸੀ?
ਨਿਧੜਕ- ਇਸ ਦੁਆਨੀ ਵਿਚ ਮਨੂੰਵਾਦ ਦਾ ਭੂਤ ਵੜਿਆ ਸੀ, ਮੈਂ ਉਹ ਕੱਢਦਾ ਸੀ।
ਸਭ ਨੀਵੀਆਂ ਪਾ ਉਥੋ ਖਿਸਕ ਗਏ,
ਨਿਧੜਕ, ਦੁਆਨੀ ਚੁੱਕੀ ਤੇ ਆ ਗਿਆ।-ਪਰਦਾ
ਨਵਾਂ ਸੀਨ-ਨਿਧੜਕ ਨੇ ਜਦੋਂ ਆਮ ਟੂਟੀਆਂ ਤੋਂ ਪਾਣੀ ਪੀਣ ਦਾ ਮੋਰਚਾ ਜਿੱਤਿਆ
ਕਮਿਨਟਰੀ- ਦੇਸ਼ ਦੀ ਵੰਡ ਤੋਂ ਪਹਿਲਾਂ ਆੜਤੀ ਲਾਲੇ, ਦਲਿਤਾਂ ਨੂੰ ਦਾਣਾ ਮੰਡੀਆਂ ਵਿਚ ਕੰਮ ਉਤੇ ਨਹੀਂ ਲਾਉਂਦੇ ਸੀ। ਮੁਸਲਮਾਨ ਅਤੇ ਗੁਜਰ ਹੀ ਪੱਲੇਦਾਰੀ-ਸਮਾਨ ਢੋਅ ਢੁਆਈ ਦਾ ਕੰਮ ਕਰਦੇ ਸਨ। ਪਾਕਿਸਤਾਨ ਬਣਨ ਤੇ ਮੁਸਲਮਾਨ ਪਾਕਿਸਤਾਨ ਚਲੇ ਗਏ। ਢੋਅ ਢੁਆਈ ਲਈ ਜਦ ਲਾਲਿਆਂ ਦੀ ਮੈਨ-ਪਾਵਰ ਦੀ ਮਜ਼ਬੂਰੀ ਬਣੀ ਤਾਂ ਉਹਨਾਂ ਦਲਿਤਾਂ ਨੂੰ ਮੰਡੀਆਂ ਵਿਚ ਕੰਮ ਕਰਨ ਦਾ ਮੌਕਾ ਦਿੱਤਾ। ਪਰ ਪਾਣੀ ਪੀਣ ਤੇ ਨਹਾਉਣ ਧੋਣ ਲਈ ਮੰਡੀ ਵਿਚ ਟੂਟੀਆਂ ਅਲੱਗ ਅਲੱਗ ਸਨ। ਸੀਨ ਤਿਆਰ ਹੈ, ਲਓ ਫਿਰ ਅੱਖੀ ਦੇਖੋ।
( ਫਲੈਕਸ ਫੋਟੋ, ਟੂਟੀਆਂ ਦਾਣਾ ਮੰਡੀ )
ਪੱਲੇਦਾਰ- ਮੱਥੇ ਤੋਂ ਪਸੀਨਾ ਪੋਚਦਿਆਂ ਆ, ਜਲਦੀ ਜਲਦੀ ਟੂਟੀ ਤੋਂ ਪਾਣੀ ਪੀਣ ਲੱਗਾ, ਪਾਣੀ ’ਚ ਘੁਲੀਆਂ ਬਿੱਠਾਂ, ਜਦ ਉਸ ਦੇ ਮੂੰਹ ਵਿਚ ਗਈਆਂ ਤਾਂ ਉਸ ਥੂਹ ਕਰ ਪਾਣੀ ਬਾਹਰ ਕੱਢਦਿਆ, ਅਸੀ ਬਿੱਠਾਂ ਵਾਲਾ ਪਾਣੀ ਨਹੀ ਪੀਣਾ, ਅਸੀ ਬੰਦੇ ਨਹੀ, ਉਸ ਸਾਰੇ ਪੱਲੇਦਾਰ ਮਜ਼ਦੂਰ ਇਕੱਠੇ ਕਰ ਲਏ। ਭਰਾਵੋ, ਇਹ ਵੀ ਕੋਈ ਸਾਡੀ ਜਿੰਦਗੀ ਹੈ।
ਗਿਆਨੀ- ਬੰਤਾ ਸਿੰਘ ਨੇ ਪੱਲੇਦਾਰਾਂ ਨੂੰ ਆੜਤੀਆਂ ਦੇ ਪ੍ਰਧਾਨ ਪਾਸ ਲਿਜਾ, ‘ਅਸੀਂ ਵੀ ਤੁਹਾਡੇ ਵਾਲੀਆਂ ਟੂਟੀਆਂ ਤੋਂ ਪਾਣੀ ਪੀਣਾ ਹੈ। ਅਸੀਂ ਬਿੱਠਾਂ ਵਾਲਾ ਪਾਣੀ ਨਹੀਂ ਪੀਣਾ।
ਪ੍ਰਧਾਨ- ਨਾ ਪੀਓ, ਪਰ ਅਸੀ ਤੁਹਾਨੂੰ ਆਪਣੀਆਂ ਟੂਟੀਆਂ ਤੋਂ ਪਾਣੀ ਨਹੀ ਪੀਣ ਦੇਣਾ।
ਗਿਆਨੀ- ਭਰਾਵੋ, ਆਪਾਂ ਸ਼ਾਮ ਨੂੰ ਡਾ. ਅੰਬੇਡਕਰ ਦੇ ਸਾਥੀ ਚਰਨ ਦਾਸ ਨਿਧੜਕ ਪਾਸ ਚਲਦੇ ਆ, ਉਹ ਬੜਾ ਨਿਧੜਕ ਤੇ ਸੰਘਰਸ਼ੀ ਯੋਧਾ ਹੈ।
ਪੱਲੇਦਾਰ- ਠੀਕ ਆ ਗਿਆਨੀ ਬੰਤਾ ਸਿੰਘ ਜੀ, ਅਸ਼ੀ ਤੁਹਾਡੇ ਨਾਲ ਚੱਲਾਂਗੇ।
-ਪਰਦਾ
ਨਿਧੜਕ- ਮੰਜ਼ੇ ਉਤੇ ਬੈਠੇ ਲਿੱਖ ਰਿਹਾ,
ਗਿਆਨੀ- ਜੈ ਭੀਮ ਨਿਧੜਕ ਜੀ,
ਨਿਧੜਕ- ਪੱਲੇਦਾਰ ਭਰਾਵੋ ਕਿਵੇ ਆਏ ਹੋ?
ਗਿਆਨੀ- ਨਿਧੜਕ ਜੀ, ਮੰਡੀ ਵਿਚ ਪਾਣੀ ਪੀਣ ਤੇ ਨਹਾਉਣ ਧੋਣ ਲਈ ਟੂਟੀਆਂ ਬਣੀਆਂ ਹਨ। ਪਾਣੀ ਜਮਾਂ ਕਰਨ ਲਈ ਅਲੱਗ ਅਲੱਗ ਟੈਂਕ ਬਣਾਏ ਹੋਏ ਹਨ। ਸਵਰਨ ਜਿਸ ਟੈਂਕ ’ਚ ਪਾਣੀ ਪੀਂਦੇ, ਨਹਾਉਂਦੇ, ਧੋਂਦੇ ਉਸ ਉੱਤੇ ਟੀਨਾ ਪਾਈਆ ਹੋਈਆਂ ਹਨ।
ਦਲਿਤਾਂ ਦੇ ਪਾਣੀ ਪੀਣ ਤੇ ਨਹਾਉਣ ਧੋਣ ਵਾਲੀ ਟੂਟੀ-ਚਬੱਚੇ ’ਤੇ ਇਕ ਤਾਂ ਛੂਆ-ਛਾਤ ਦਾ ਪ੍ਰਤੀਕ ਰੰਬੀ ਤੇ ਝਾੜੂ ਦਾ ਨਿਸ਼ਾਨ ਬਣਾਇਆ ਗਿਆ ਹੈ। ਇਹ ਟੂਟੀ ਬਾਕੀ ਟੂਟੀਆਂ ਨਾਲੋਂ ਹਟਵੀ ਤੇ ਨੀਵੀਂ ਥਾਂ ਉੱਤੇ ਹੈ, ਉਹ ਵੀ ਉਪਰੋਂ ਨੰਗੀ ਹੈ, ਕਬੂਤਰ, ਘੁਗੀਆਂ ਜ਼ਨੌਰ ਉਪਰ ਬੈਠ ਚਬੱਲੇ ਵਿਚ ਬਿੱਠਾਂ ਕਰ ਦਿੰਦੇ ਆ। ਜਦ ਪੱਲੇਦਾਰ ਪਾਣੀ ਪੀਦੇ ਆ ਤਾਂ ਪਾਣੀ ਵਿਚ ਬਿੱਠਾ ਘੁਲ ਘੁਲ ਕੇ ਆਉਂਦੀਆਂ ਸਨ। ਨਾਲੇ ਜਾਤ ਪਾਤ ਤੇ ਛੂਆ-ਛਾਤ ਦੀ ਪਛਾਣ ਲਈ ਲਾਲਿਆਂ ਟੂਟੀਆਂ ਉੱਤੇ ਰੰਬਾ ਤੇ ਝਾੜੂ ਦੇ ਨਿਸ਼ਾਨ ਪੇਕੇ ਸੀਮਿੰਟ ਦੇ ਬਣਾਏ ਹੋਏ ਹਨ।
ਨਿਧੜਕ- ਫਿਰ ਹੁਣ ਆਪਾਂ ਕੀ ਚਾਹੁੰਦੇ ਆ?
ਗਿਆਨੀ- ਅਸੀ ਵੀ ਡਾ. ਬਾਬਾ ਸਾਹਿਬ ਅੰਬੇਡਕਰ ਵਾਂਗ, ਜਿੱਦਾ ਉਹਨੀ ਸਾਂਝੇ ਚੌਦਾਰ ਤਾਲਾਬ ਤੋ ਸਾਫ਼ ਪਾਣੀ ਪੀਣ ਲਈ ਮੋਰਚਾ ਲਾ ਕੇ ਪਾਣੀ ਪੀਤਾ, ਅਸੀ ਵੀ ਸਾਫ਼ ਪਾਣੀ ਪੀਣਾ ਚਾਹੁੰਦੇ ਹਾਂ।
ਨਿਧੜਕ- ਠੀਕ ਹੈ, ਮੈਂ ਸਵੇਰੇ 10 ਵਜੇ ਪਾਰਟੀ ਦੇ ਵਰਕਰਾਂ ਨੂੰ ਸਾਥ ਲੈ ਕੇ ਮੰਡੀ ਵਿਚ ਆਓਗਾ, ਤੁਸੀ ਵੀ ਸਾਰਿਆਂ ਨੇ ਵੱਧ ਤੋਂ ਵੱਧ ਆਪਣੇ ਨਾਲ ਹੋਰ ਸਾਥੀ ਲੈ ਕੇ ਅਉਣਾ, ਉਥੇ ਜਲਸਾ ਕਰਾਂਗੇ।
-ਪਰਦਾ
( ਫਲੈਕਸ ਫੋਟੋ, ਟੂਟੀਆਂ ਦਾਣਾ ਮੰਡੀ, ਨਿਧੜਕ ਤੇ ਨੀਲਾ ਝੰਡਾ )
ਨਿਧੜਕ- ਸਾਥੀਆਂ ਦੇ ਜਲੂਸ ਨਾਲ, ਸਭ ਤੋ ਅੱੱਗੇ ਨੀਲਾ ਝੰਡਾ ਲਈ, ਨਾਹਰੇ-
ਡਾਕਟਰ ਅੰਬੇਡਕਰ-ਜਿੰਦਾਬਾਦ! -ਜਿੰਦਾਬਾਦ! ਜਿੰਦਾਬਾਦ!
ਗਾਂਧੀ ਕੀ ਜਾਨ ਬਚਾਨੇ ਵਾਲੇ ਕੌਣ ਥੇ-ਡਾ. ਬਾਬਾ ਸਾਹਿਬ ਅੰਬੇਡਕਰ
ਜਾਤ ਪਾਤ- ਮੁਰਦਾਬਾਦ!-ਮੁਰਦਾਬਾਦ! ਮੁਰਦਾਬਾਦ!
ਛੂਆ-ਛਾਤ- ਮੁਰਦਾਬਾਦ!-ਮੁਰਦਾਬਾਦ! ਮੁਰਦਾਬਾਦ!
ਪੱਲੇਦਾਰ ਯੂਨੀਅਨ-ਜਿੰਦਾਬਾਦ! -ਜਿੰਦਾਬਾਦ! ਜਿੰਦਾਬਾਦ!
ਜਮੀਨ, ਇੰਡਸਟਰੀ, ਮਿੱਲ੍ਹਾਂ-ਕੌਮੀ ਕਰੋ! ਕੌਮੀ ਕਰੋ!
ਗਿਆਨੀ- ਚਰਨ ਦਾਸ ਨਿਧੜਕ ਜੀ ਦਾ ਸਾਥੀਆਂ ਨਾਲ ਇੱਥੇ ਆਉਣ ਤੇ ਅਸੀ ਸਾਰੇ ਪੱਲੇਦਾਰ ਸਵਾਗਤ ਕਰਦੇ ਹਾਂ। ਉਹਨਾਂ ਦੇ ਨਾਲ ਕਵੀ ਸੂਦ ਜੀ ਵੀ ਆਏ ਹਨ, ਸਭ ਤੋਂ ਪਹਿਲਾਂ ਮੈਂ ਸੂਦ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਕ ਕਵਿਤਾ ਸੁਣਾਉਣ।
ਸੂਦ ਜੀ- ਕਵਿਤਾ ਚਰਨ ਦਾਸ ਨਿਧੜਕ ਜੀ ਦੀ ਹੈ, ਉਹ ਆਪਣੀ ਕਵਿਤਾ ‘ਜਦ ਵਾੜ ਖੇਤ ਨੂੰ ਖਾਂਦੀ ਹੈ’ ’ਚ ਕਹਿੰਦੇੇ-
ਮੈਂ ਦੱਸਾਂ ਹਾਲ ਹਕੂਮਤ ਦਾ ਕੁਝ ਮਜ਼੍ਹਬੀ ਠੇਕੇਦਾਰਾਂ ਦਾ।
ਇਹ ਰਿਸ਼ਤੇ ਪਾਲਣ ਵਾਲਿਆਂ ਦਾ ਤੇ ਖੱਦਰ ਪੋਸ਼ ਗੱਦਾਰਾਂ ਦਾ।
ਇਹ ਕਿੱਸਾ ਬੋਦੀ ਟੋਪੀ ਦਾ ਕੁਝ ਆਕੜਖਾਂ ਸਰਦਾਰਾਂ ਦਾ।
ਢਿੱਡਾਂ ਤੋਂ ਭੁੱਖਿਆਂ ਬੱਚਿਆਂ ਦਾ ਮਜ਼ਬੂਰਾਂ ਦਾ ਲਾਚਾਰਾਂ ਦਾ।
ਮੇਰੀ ਤਾਂ ਸਮਝ ਵਿੱਚ ਆਉਂਦਾ ਏ ਇਹ ਕਰਦੇ ਘਾਲੇ ਮਾਲੇ ਨੇ।
ਉਹ ਦਿਲ ਦੇ ਅੰਦਰੋਂ ਕਾਲੇ ਸੀ ਇਹ ਅੰਦਰੋਂ ਬਾਹਰੋਂ ਕਾਲੇ ਨੇ।
ਲੋਹੇ ਦੇ ਗਾਡਰ ਖਾ ਖਾ ਕੇ ਇਹ ਸਾਨ੍ਹਾਂ ਵਰਗੇ ਬਣ ਗਏ ਨੇ।
ਸਾਡੇ ਫਿਕਰਾਂ ਦੇ ਵਿੱਚ ਸੁੱਕ ਸੁੱਕ ਕੇ ਭਲਵਾਨਾਂ ਵਰਗੇ ਬਣ ਗਏ ਨੇ।
ਪੁਲਿਸ ਕਚਹਿਰੀ ਦਫਤਰ ਕੀ ਹਰ ਥਾਂ ਤੇ ਚੱਲਦੀ ਵੱਢੀ ਏ।
ਜਿੱਥੇ ਵੀ ਜਾ ਕੇ ਦੇਖ ਲਵੋ ਹਰ ਥਾਂ ਤੇ ਝੋਲੀ ਅੱਡੀ ਏ।
ਇਹ ਲਹੂ ਪੀਣੀਆਂ ਜੋਕਾਂ ਨੇ ਰੱਤੀ ਵੀ ਰੱਤ ਨਾ ਛੱਡੀ ਏ।
ਇਹ ਟੋਲੀ ਲੋਟੂ ਬੰਦਿਆਂ ਦੀ, ਕਦੇ ਗਰੀਬਾਂ ਸੰਗ ਬਹਿਣੀ ਨਹੀਂ।
‘ਨਿਧੜਕਾ’ ਏਹ ਨਾਦਰਸ਼ਾਹੀ ਦੀ ਸਦਾ ਕਾਇਮ ਹਕੂਮਤ ਰਹਿਣੀ ਨਹੀਂ। -ਜੈ ਭੀਮ-ਜੈ ਭਾਰਤ
ਗਿਆਨੀ- ਹੁਣ ਮੈਂ ਕਵੀ ਲਾਲ ਚੰਦ ਕਮਲਾ ਰੇਰੂ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਕ ਕਵਿਤਾ ਸੁਣਾਉਣ।
ਲਾਲ ਚੰਦ- ਸਾਥੀਓ, ਕਵਿਤਾ ਮੇਰੀ ਵੀ ਨਿਧੜਕ ਜੀ ਦੀ ਹੈ, ਮਨੂੰਵਾਦੀ ਆਹ ਜਿਹੜੀ ਦਲੀਲ ਦਿੰਦੇ ਆ ਕਿ ਜਾਤ-ਪਾਤ, ਛੂਆ-ਛਾਤ ਰੱਬ ਦੀ ਬਣਾਈ ਆ, ਲਓ ਮੈਂ ਤੁਹਾਨੂੰ ਨਿਧੜਕ ਦੀਆਂ ਉਸ ‘ਰੱਬ ਨਾਲ ਗੱਲਾਂ’ ਸੁਣਾਉਦਾ ਹਾਂ-
ਰੱਬਾ ਸਿੱਖ, ਹਿੰਦੂ ਜਾ ਮੁਸਲਮਾਨ ਹੈ ਤੂੰ, ਜਾਂ ਹੈ ਈਸਾਈ ਕਿ ਅਛੂਤ ਹੈ ਤੂੰ।
ਕਰੇਂ ਕੰਮ ਕਿਹੜੇ ਨਾਮਲੂਮ ਹੈ ਮੈਨੂੰ, ਅਕਲਮੰਦ ਹੈ ਜਾਂ ਫਿਰ ਬੇਵਕੂਫ ਹੈ ਤੂੰ।
ਜਾਂ ਤੂੰ ਕੁੱਲ ਜਹਾਨ ਤੋਂ ਹੈ ਸੋਹਣਾ, ਜਾਂ ਕਿਸੇ ਸ਼ਮਸਾਨ ਦਾ ਭੂਤ ਹੈ ਤੂੰ।
ਇੱਕੋ ਜਿਹੇ ਨਹੀਂ ਸਮਝਦਾ ਸਾਰਿਆਂ ਨੂੰ, ਦੱਸ ਰੱਬ ਹੈ ਕਿ ਜਮਦੂਤ ਹੈ ਤੂੰ।
ਤੈਨੂੰ ਬੰਦੇ ਦਾ ਪੁੱਤ ਬਣਾ ਦਿੰਦਾ, ਜੇ ਮੈਂ ਰੱਬ ਹੁੰਦਾ ਤੇ ਤੂੰ ਚਮਾਰ ਹੁੰਦਾ।
ਨਿਧੜਕ ‘ਰੱਬ ਨਾਲ ਗੱਲਾਂ’ ਵਿੱਚ ਰੱਬ ਨੂੰ ਉਲਾਂਭਾ ਦਿੰਦੇ ਹੋਏ ਲਿੱਖਦੇ-
ਲੋਕੀ ਖਾਣ ਖਾਣੇ ਵਿੱਚ ਹੋਟਲਾਂ ਦੇ, ਅਸੀਂ ਟੁਕੜਿਆਂ ਤੋਂ ਆਵਾਜ਼ਾਰ ਫਿਰਦੇ।
ਜੇ ਕਿਤੇ ਭੁੱਲ ਕੇ ਸੂਟ ਸਵਾ ਲਈਏ, ਲੋਕ ਕਹਿੰਦੇ ਉਹ ਚੂੜ੍ਹੇ ਚਮਾਰ ਫਿਰਦੇ।
ਲੋਕੀ ਨੱਕ ਵੱਟਣ ਹਲਵੇ ਪੂਰੀਆਂ ਤੋਂ, ਸਾਡੀ ਰੋਟੀ ’ਤੇ ਨਹੀਂ ਆਚਾਰ ਹੁੰਦਾ।
ਇਹਨਾਂ ਦੁੱਖਾਂ ਤੋਂ ਤੈਨੂੰ ਮੈਂ ਰਹਿਤ ਕਰਦਾ, ਜੇ ਮੈਂ ਰੱਬ ਹੁੰਦਾ ਤੂੰ ਚਮਾਰ ਹੁੰਦਾ। ਜੈ ਭੀਮ-ਜੈ ਭਾਰਤ
ਗਿਆਨੀ- ਪੱਲੇਦਾਰ ਭਰਾਵੋ, ਆਪਾਂ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਆ, ਸੰਸਾਰ ਉਤੇ ਜਿੰਨੇ ਵੀ ਤੁਸੀ ਦੇਵੀ-ਦੇਵਤੇ ਦੇਖਦੇ ਹੋ, ਸਭ ਗੱਲਾਂ ਸ਼ਾਂਤੀ ਦੀਆਂ ਕਰਦੇ ਆ, ਪਰ ਸਭ ਹੱਥਾਂ ਵਿਚ ਹਥਿਆਰ ਲਈ ਫਿਰਦੇ ਹਨ।
ਬਾਬਾ ਸਾਹਿਬ ਨੇ ਕੋਈ ਹਥਿਆਰ ਨਹੀ ਚੁੱਕਿਆ, ਕੋਈ ਸਾੜ ਫੂਕ ਨਹੀ ਕੀਤੀ, ਬੱਸ ਕਲਮ ਨਾਲ ਹੀ ਉਹ ਕੰਮ ਕਰ ਦਿੱਤੇ ਜੋ ਕਰੋੜਾਂ ਦੇਵੀ-ਦੇਵਤੇ, ਪੀਰ-ਪੈਗੰਬਰ, ਔਲੀਏ ਨਹੀ ਕਰ ਸਕੇ।
ਹੁਣ ਮੈਂ ਕਵੀ ਸੋਹਣ ਲਾਲ ਰਾਹੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਨਿਧੜਕ ਜੀ ਦੀ ਬਾਬਾ ਸਾਹਿਬ ਨੂੰ ਸਮਰਪਤ ਨਜ਼ਮ, ‘ਝੰਡਾ ਚੁੱਕ ਬਗਾਵਤ ਦਾ’ ਤੁਹਨੂੰ ਸੁਣਾਉਣ।
ਰਾਹੀ ਜੀ- ਜਥੇਬੰਦ ਹੋ ਪੈਰਾਂ ਉਤੇ,
ਆਪ ਖਲੋਣਾ ਦੱਸ ਗਿਆ।
ਝੰਡਾ ਚੁੱਕ ਬਗਾਵਤ ਦਾ,
ਤੂੰ ਬਾਗੀ ਹੋਣਾ ਦੱਸ ਗਿਆ।
ਪਤਾ ਨਹੀਂ ਤੇਰੇ ਦਿਲ ਦੇ ਅੰਦਰ,
ਕਿਉਂ ਗਰੀਬੀ ਵਸਦੀ ਸੀ।
ਜਦ ਲਿਖਦਾ ਤਕਦੀਰਾਂ ਨੂੰ,
ਤਕਦੀਰ ਵੀ ਤੈਥੋਂ ਨੱਸਦੀ ਸੀ।
ਜਾਣੀ ਜਾਣ ਸੀ ਦੁਨੀਆਂ ਦਾ ਤੂੰ,
ਕਲਮ ਤੇਰੀ ਇਹ ਦੱਸਦੀ ਸੀ।
ਗਾਂਧੀ ਦੀ ਤੂੰ ਜਾਨ ਬਚਾਈ,
ਅਜਬ ਤੇਰੀ ਕੋਈ ਹਸਤੀ ਸੀ
ਜਾਂਦਾ ਹੋਇਆ ਦੁਨੀਆਂ ਵਿਚੋਂ,
ਰਸਤਾ ਸੋਹਣਾ ਦੱਸ ਗਿਆ।
ਝੰਡਾ ਚੁੱਕ ਬਗਾਵਤ ਦਾ ਤੂੰ,
ਬਾਗੀ ਹੋਣਾ ਦੱਸ ਗਿਆ।
ਭੀਮ ਤੂੰ ਇਸ ਧਰਤੀ ਉੱਤੇ।
ਬੀਜ ਕੋਈ ਐਸਾ ਬੋ ਦਿੱਤਾ।
ਸੜਿਆ ਬੁਸਿਆ ਸਦੀਆਂ ਦਾ
ਤੇ ਪੈਰਾਂ ਦੇ ਵਿਚ ਰੁਲਦਾ ਮੋਤੀ,
ਤੈਂ ਲੜੀ ਦੇ ਵਿਚ ਪਰੋ ਦਿੱਤਾ।
ਭਾਰਤ ਦੀ ਤਕਦੀਰ ਬਣਾ ਕੇ,
ਢੋਣਾ ਕਿਸੀ ਦਾ ਢੋਅ ਦਿੱਤਾ।
ਬੁੱਧ ਧੱਮ ਦੀ ਜੋਤ ਜਗਾਕੇ,
ਫੇਰ ਕਿਉਂ ਸਾਥੋਂ ਨੱਸ ਗਿਆ।
ਝੰਡਾ ਚੁੱਕ ਬਗਾਵਤ ਦਾ,
ਤੁੂੰ ਬਾਗੀ ਹੋਣਾ ਦੱਸ ਗਿਆ।
ਇੱਕੀ ਸਾਲ ਮਰਨੇ ਤੋਂ ਪਹਿਲਾਂ,
ਕਸਮ ਤੂੰ ਐਸੀ ਖਾਧੀ।
ਹਿੰਦੂ ਧਰਮ ਵਿਚ ਨਹੀਂ ਮਰਾਂਗਾ,
ਇਹ ਧਰਮ ਅਪਰਾਧੀ।
ਬੁੱਧ ਧਰਮ ਜਦ ਤੈਂ ਅਪਣਾਇਆ,
ਫਿਰਕੂ ਕਰਨ ਫਸਾਦ ਫਸਾਦੀ।
ਪਰ ਜਿੰਦਰੇ ਮਾਰਕੇ ਭੀਮ ਸਿਆਣਾ,
ਪਾਸ ਲੈ ਗਿਆ ਚਾਬੀ।
ਸੀਸ ਤਲੀ ਧਰ ਗਲੀ ਵਿਚ ਆਉ,
ਅੱਗੇ ਖੜੀ ਆਜ਼ਾਦੀ।
ਮਾਰਚ ਕਰਦਾ ਜਾੲੀਂ ‘ਨਿਧੱੜਕਾ’,
ਮੰਜਲ ਬਹੁਤ ਦੁਰਾਡੀ।
ਅੰਨਿ੍ਹਆਂ ਦੇ ਹੱਥ ਡੰਡਾ ਫੜਾ ਕੇ,
ਰਸਤਾ ਟੋਹਣਾ ਦੱਸ ਗਿਆ।
ਝੰਡਾ ਚੁੱਕ ਬਗਾਵਤ ਦਾ,
ਤੂੰ ਬਾਗੀ ਹੋਣਾ ਦੱਸ ਗਿਆ। -ਜੈ ਭੀਮ-ਜੈ ਭਾਰਤ
ਗਿਆਨੀ- ਹੁਣ ਮੈਂ ਨਿਧੜਕ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਪੱਲੇਦਾਰਾਂ ਨੂੰ ਸੰਬੋਧਨ ਕਰਨ।
ਨਿਧੜਕ- ਪੱਲੇਦਾਰ ਭਰਾਵੋ, ਭਾਰਤ ਦਾ ਸੰਵਿਧਾਨ ਡਾ. ਬਾਬਾ ਸਾਹਿਬ ਅੰਬੇਡਕਰ ਨੇ ਲਿੱਖਿਆ ਹੈ। ਉਹਨਾਂ ਸੰਵਿਧਾਨ ਦੇ ਆਰਟੀਕਲ 17 ਵਿਚ ਛੂਆ-ਛਾਤ ਕਰਨ ਨੂੰ ਅਪਰਾਧ ਘੋਸਿਤ ਕੀਤਾ ਹੈ। ਜੇ ਕੋਈ ਛੂਆ-ਛਾਤ ਕਰੇਗਾ ਤਾਂ ਉਸ ਨੂੰ ਸਿਵਲ ਰਾਈਟਸ ਤਹਿਤ ਛੇ ਮਹੀਨੇ ਦੀ ਕੈਦ ਤੇ ਜ਼ੁਰਮਾਨਾ ਹੋਵੇਗਾ।
ਆਹ ਲਾਲੇ ਲੋਕ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਛੂਆ-ਛਾਤ ਕਰੀ ਜਾ ਰਹੇ ਹਨ।
ਪੱਲੇਦਾਰ ਭਰਾਵੋ, ਇਹ ਸਾਡੀ ਕਮਜੋਰੀ ਆ, ਮੈਂ ਇਹਨਾਂ ਨੂੰ ਨੋਟਿਸ ਦਿੰਦਾ ਹਾਂ ਕਿ ਤੁਸੀ ਦਲਿਤਾਂ ਨਾਲ ਇਹ ਭੇਦ-ਭਾਵ ਬੰਦ ਕਰ ਦਿਓ, ਨਹੀ ਤਾਂ ਫੇਰ ਜੇਲ੍ਹਾਂ ਵਿਚ ਤੁਹਾਨੂੰ ਚਣੇ ਚੁਬਾਵਾਂਗੇ।
ਪੱਲੇਦਾਰ ਭਰਾਵੋ, ਸਾਫ਼ ਪਾਣੀ ਪੀਣਾਂ ਸਾਡਾ ਜਨਮ ਸਿੱਧ ਅਧਿਕਾਰ ਹੈ,
ਭਰਾਵੋ! ਔਹ ਪੁਲਿਸ ਖੜੀ ਹੈ, ਪਰ ਉਹ ਸਾਡੇ ਸੰਵਿਧਾਨਕ ਹੱਕਾਂ ਦੀ ਰਾਖੀ ਨਹੀ ਕਰ ਰਹੀ?
ਉਠੋ! ਆਓ ਮੇਰੇ ਸਾਥ, ਸਭ ਤੋਂ ਪਹਿਲਾਂ ਮੈਂ ਉਚ ਜਾਤੀਆਂ ਵਾਲੀਆਂ ਟੂਟੀਆਂ ਤੋਂ ਪਾਣੀ ਪੀਵਾਂਗਾ, ਫਿਰ ਤੁਸੀ ਵੀ ਪੀਵੋ, ਨਾਹਰੇ-
ਡਾਕਟਰ ਅੰਬੇਡਕਰ-ਜਿੰਦਾਬਾਦ! -ਜਿੰਦਾਬਾਦ! ਜਿੰਦਾਬਾਦ!
ਜਾਤ ਪਾਤ- ਮੁਰਦਾਬਾਦ!-ਮੁਰਦਾਬਾਦ! ਮੁਰਦਾਬਾਦ!
ਛੂਆ-ਛਾਤ- ਮੁਰਦਾਬਾਦ!-ਮੁਰਦਾਬਾਦ! ਮੁਰਦਾਬਾਦ!
ਪੱਲੇਦਾਰ ਯੂਨੀਅਨ-ਜਿੰਦਾਬਾਦ! -ਜਿੰਦਾਬਾਦ! ਜਿੰਦਾਬਾਦ!
( ਨਿਧੜਕ ਦਾ ਜਲਸਾ ਹੋਣ ਕਾਰਨ, ਪੁਲਿਸ ਵੀ ਮੌਕੇ ਉਤੇ ਆਈ ਹੋਈ ਸੀ )
ਨਿਧੜਕ- ਨੇ ਉਚ ਜਾਤੀਆਂ ਵਾਲੀਆਂ ਟੂਟੀਆਂ ਤੋਂ ਪਾਣੀ ਪੀਤਾ, ਫਿਰ ਧੜਾ-ਧੜ ਸਾਰੇ ਪੱਲੇਦਾਰ ਮਜ਼ਦੂਰ ਪਾਣੀ ਪੀਣ ਲੱਗ ਪਏ,
ਗਿਆਨੀ- ਮੈਂ ਤਾਂ ਇਥੇ ਨਹਾਉਣਾ ਵੀ ਆ, ਗਿਆਨੀ ਜੀ ਨਹਾਉਣ ਲੱਗ ਪਏ,
ਪੱਲੇਦਾਰ-ਫਿਰ ਦੇਖਾ-ਦੇਖੀ ਸਾਰੇ ਪੱਲੇਦਾਰ ਨਹਾਉਣ ਲੱਗ ਪਏ।
ਪ੍ਰਧਾਨ- ਦਾਣਾ ਮੰਡੀ, ਸਾਰੇ ਲਾਲਿਆਂ ਨੂੰ ਲੈ ਕੇ ਥਾਣੇਦਾਰ ਪਾਸ ਆਇਆ,
ਥਾਣੇਦਾਰ ਸਾਹਿਬ, ਇਹਨਾਂ ਚੂਹੜਿਆਂ-ਚਮਾਰਾਂ ਨੂੰ ਰੋਕੇ, ਇਹ ਤੁਹਾਡੇ ਸਾਹਮਣੇ ਹੀ ਸਾਡੀਆਂ ਟੂਟੀਆਂ ਭਿ੍ਰਸ਼ਟ ਕਰੀ ਜਾਂਦੇ ਆ, ਇਹਨਾਂ ਉਤੇ ਲਾਠੀਚਾਰਜ ਕਰੋ?
ਥਾਣੇਦਾਰ- ਮੰਡੀ ਪ੍ਰਧਾਨ ਲਾਲਾ ਧੀਰੂ ਮਲ ਜੀ, ਤੁਸੀ ਨਿਧੜਕ ਦਾ ਭਾਸ਼ਣ ਨਹੀ ਸੁਣਿਆ ਕਿ ਸੰਵਿਧਾਨ ਦੇ ਆਰਟੀਕਲ 17 ਵਿਚ ਛੂਆ-ਛਾਤ ਕਰਨ ਨੂੰ ਅਪਰਾਧ ਕਿਹਾ ਗਿਆ ਹੈ। ਜੇ ਕੋਈ ਛੂਆ-ਛਾਤ ਕਰੇਗਾ ਤਾਂ ਉਸ ਨੂੰ ਸਿਵਲ ਰਾਈਟਸ ਪ੍ਰੋਟੈਕਸ਼ਨ ਐਕਟ ਤਹਿਤ ਛੇ ਮਹੀਨੇ ਦੀ ਕੈਦ ਤੇ ਜ਼ੁਰਮਾਨਾ ਹੋਵੇਗਾ।
ਹੁਣ ਤੁਸੀ ਸਾਨੂੰ ਵੀ ਕੈਦ ਕਰਾਉਣਾ ਚਾਹੁੰਦੇ ਹੋ?
ਥਾਣੇਦਾਰ ਨੇ ਚਿਤਾਵਨੀ ਦਿੰਦਿਆ ਕਿਹਾ, ਜੇ ਤੁਸੀ ਪੱਲੇਦਾਰ ਮਜ਼ਦੂਰਾਂ ਨੂੰ ਟੂਟੀਆਂ ਤੋਂ ਪਾਣੀ ਪੀਣ ਤੋਂ ਰੋਕਿਆ ਤਾਂ ਮੈਨੂੰ-ਤੁਹਾਨੂੰ ਗਿਰਫਤਾਰ ਕਰਨਾ ਪਵੇਗਾ।
ਗਿਆਨੀ- ਨਾਹਰੇ-
ਡਾਕਟਰ ਅੰਬੇਡਕਰ-ਜਿੰਦਾਬਾਦ! -ਜਿੰਦਾਬਾਦ! ਜਿੰਦਾਬਾਦ!
ਜਾਤ ਪਾਤ- ਮੁਰਦਾਬਾਦ!-ਮੁਰਦਾਬਾਦ! ਮੁਰਦਾਬਾਦ!
ਛੂਆ-ਛਾਤ- ਮੁਰਦਾਬਾਦ!-ਮੁਰਦਾਬਾਦ! ਮੁਰਦਾਬਾਦ!
ਪੱਲੇਦਾਰ ਯੂਨੀਅਨ-ਜਿੰਦਾਬਾਦ! -ਜਿੰਦਾਬਾਦ! ਜਿੰਦਾਬਾਦ!
ਪ੍ਰਧਾਨ- ਪੱਲੇਦਾਰਾਂ ਦੇ ਰੋਹ ਭਰੇ ਨਾਹਰਿਆਂ ਤੋ ਡਰਕੇ ਸਹਿਮੇ, ਨੀਵੀ ਪਾ, ਮਹਾਜਨ ਵੀਰੋਂ, ਆ ਜਾਓ, ਹੁਣ ਮਨੂੰਸਿਮਰਤੀ ਨਾਲ ਰਾਜ ਨਹੀ ਚਲਦਾ, ਹੁਣ ਤਾਂ ਡਾਕਟਰ ਅੰਬੇਡਕਰ ਦੇ ਬਣਾਏ ਸੰਵਿਧਾਨ ਨਾਲ ਰਾਜ ਚਲਦਾ,
ਸਾਰੇ ਮੰਡੀ ਦੇ ਲਾਲੇ ਨੀਵੀਆਂ ਪਾਈ, ਆਪਣੀਆਂ, ਆਪਣੀਆਂ ਆੜਤ ਦੁਕਾਨਾਂ ਵਿਚ ਵੜ ਗਏ।
-ਪਰਦਾ
***
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly