ਕੋਲੰਬੋ (ਸਮਾਜ ਵੀਕਲੀ): ਭਾਰਤੀ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਅੱਜ ਆਪਣੇ ਅਧਿਕਾਰਿਤ ਦੌਰੇ ’ਤੇ ਅੱਜ ਇੱਥੇ ਪਹੁੰਚ ਗਏ ਹਨ। ਉਹ ਸ੍ਰੀਲੰਕਾ ਦੇ ਸੀਨੀਅਰ ਫੌਜੀ ਅਤੇ ਗ਼ੈਰ-ਫੌਜੀ ਆਗੂਆਂ ਨੂੰ ਮਿਲਣਗੇ ਅਤੇ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਚਰਚਾ ਕਰਨਗੇ। ਜਨਰਲ ਨਰਵਾਣੇ ਆਪਣੇ ਸ੍ਰੀਲੰਕਾਈ ਹਮਰੁਤਬਾ ਜਨਰਲ ਸ਼ਵੇਂਦਰਾ ਸਿਲਵਾ ਦੇ ਸੱਦੇ ’ਤੇ ਚਾਰ ਰੋਜ਼ਾ ਦੌਰੇ ’ਤੇ ਇੱਥੇ ਪੁੱਜੇ ਹਨ, ਜਿਨ੍ਹਾਂ ਨੇ ਇੱਥੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸ੍ਰੀਲੰਕਾ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇੱਕ ਟਵੀਟ ਵਿੱਚ ਕਿਹਾ, ‘‘ਜਨਰਲ ਨਰਵਾਣੇ ਸ੍ਰੀਲੰਕਾ ਪਹੁੰਚ ਚੁੱਕੇ ਹਨ ਅਤੇ ਸ੍ਰੀਲੰਕਾ ਫ਼ੌਜ ਦੇ ਚੀਫ਼ ਆਫ ਡਿਫੈਂਸ ਸਟਾਫ਼ ਤੇ ਕਮਾਂਡਰ ਜਨਰਲ ਸ਼ਵੇਂਦਰਾ ਸਿਲਵਾ ਨੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਉਨ੍ਹਾਂ ਦਾ ਦੌਰਾ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਰੱਖਿਆ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਰਾਹ ਪੱਧਰਾ ਕਰੇਗਾ।’’ ਦੌਰੇ ਦੌਰਾਨ ਜਨਰਲ ਨਰਵਾਣੇ ਵੱਲੋਂ ਸ੍ਰੀਲੰਕਾਈ ਹਥਿਆਰਬੰਦ ਬਲਾਂ ਦੇ ਕਮਾਂਡਰ-ਇਨ-ਚੀਫ਼ ਅਤੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨਾਲ ਮੁਲਾਕਾਤ ਕੀਤੇ ਜਾਣ ਦੀ ਉਮੀਦ ਹੈ। ਸ੍ਰੀਲੰਕਾਈ ਫੌਜ ਨੇ ਕਿਹਾ ਕਿ ਬੁੱਧਵਾਰ ਨੂੰ ਜਨਰਲ ਨਰਵਾਣੇ ਨੂੰ ਫ਼ੌਜ ਦੇ ਮੁੱਖ ਦਫ਼ਤਰ ਵਿੱਚ ਵਿਸ਼ੇਸ਼ ਗਾਰਦ ਸਲਾਮੀ ਦਿੱਤੀ ਜਾਵੇਗੀ। ਵੀਰਵਾਰ ਨੂੰ ਉਹ ਪੂਰਬ ਵਿੱਚ ਮਦੁਰੂ ਓਯਾ ਸਪੈਸ਼ਲ ਫੋਰਸ ਟਰੇਨਿੰਗ ਸਕੂਲ ਵਿੱਚ ਚੱਲ ਰਹੇ ਦੁਵੱਲੇ ਅਭਿਆਸ ‘ਮਿੱਤਰ ਸ਼ਕਤੀ’ ਨੂੰ ਦੇਖਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly