ਭਵਾਨੀਗੜ੍ਹ, (ਰਮੇਸ਼ਵਰ ਸਿੰਘ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਪੰਜਾਬੀ ਦੀ ਸਮਰੱਥ ਕਵਿੱਤਰੀ ਨਰਿੰਦਰ ਪਾਲ ਕੌਰ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਸਕੱਤਰ ਅਤੇ ਉੱਘੇ ਬਾਲ ਸਾਹਿਤਕਾਰ ਰਜਿੰਦਰ ਸਿੰਘ ਰਾਜਨ ਨੇ ਕੀਤੀ। ਇਸ ਰੂਬਰੂ ਪ੍ਰੋਗਰਾਮ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬਿਆਨਦੇ ਹੋਏ ਸਾਹਿਤ ਰਚਨਾ ਬਾਰੇ ਆਪਣੇ ਬੜੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਹੁਣ ਤੱਕ ਕੈਕਟਸ ਦੀ ਖ਼ੁਸ਼ਬੂ (ਕਵਿਤਾ), ਕਸ਼ੀਦ (ਕਵਿਤਾ), ਹਰਨੋਟਾ ਤੇ ਸੋਨੇ ਦੀਆਂ ਖੁਰੀਆਂ (ਬਾਲ ਕਹਾਣੀਆਂ), ਚੂਹਾ ਸਭਾ (ਬਾਲ ਕਵਿਤਾਵਾਂ) ਆਦਿ ਪੁਸਤਕਾਂ ਮਾਂ ਬੋਲੀ ਪੰਜਾਬੀ ਦੀ ਝੋਲ਼ੀ ਵਿੱਚ ਪਾਉਣ ਵਾਲ਼ੀ ਨਰਿੰਦਰਪਾਲ ਕੌਰ ਨੇ ਬੇਗਾਨੇ ਆਲ੍ਹਣੇ ‘ਚ, ਜੰਗਲੀ ਮਨੁੱਖ ਦੀ ਦਰਦ ਭਰੀ ਕਹਾਣੀ ਅਤੇ ਤੇਲੀ ਦਾ ਤੋਤਾ ਕਿਤਾਬਾਂ ਦਾ ਅਨੁਵਾਦ ਵੀ ਕੀਤਾ ਹੈ।
ਰੂਬਰੂ ਸਮੇਂ ਬਾਲ ਗਾਇਕ ਭਗਤ ਸਿੰਘ, ਰਘਵੀਰ ਸਿੰਘ ਭਵਾਨੀਗੜ੍ਹ, ਕੁਲਵੰਤ ਖਨੌਰੀ, ਜਗਮੀਤ ਕੌਰ ਬੀਂਬੜ ਅਤੇ ਹੋਰ ਸਾਹਿਤਕਾਰਾਂ ਨੇ ਉਹਨਾਂ ਦੇ ਜੀਵਨ ਅਤੇ ਲੇਖਣੀ ਬਾਰੇ ਉਹਨਾਂ ਨੂੰ ਸਵਾਲ ਕੀਤੇ ਜਿਨਾਂ ਦੇ ਉਨਾਂ ਨੇ ਬਹੁਤ ਖੂਬਸੂਰਤ ਜਵਾਬ ਦਿੱਤੇ। ਮੰਚ ਵੱਲੋਂ ਉਹਨਾਂ ਦੇ ਸਨਮਾਨ ਉਪਰੰਤ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਮਾਲਵਾ ਲਿਖਾਰੀ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ, ਅਮਨ ਵਸ਼ਿਸ਼ਟ, ਉਮੇਸ਼ ਘਈ, ਪਵਨ ਹੋਸ਼ੀ, ਗੁਰੀ ਚੰਦੜ, ਹਰਵੀਰ ਸਿੰਘ ਬਾਗੀ, ਬਲਜੀਤ ਸਿੰਘ ਬਾਂਸਲ, ਰਣਜੀਤ ਆਜ਼ਾਦ ਕਾਂਝਲਾ, ਜਗਤਾਰ ਨਿਮਾਣਾ, ਕਰਨੈਲ ਸਿੰਘ ਬੀਂਬੜ ਅਤੇ ਪ੍ਰਗਟ ਸਿੰਘ ਘੁਮਾਣ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆਂ। ਮੰਚ ਸੰਚਾਲਨ ਗੁਰਜੰਟ ਬੀਂਬੜ ਵੱਲੋਂ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly