(ਸਮਾਜ ਵੀਕਲੀ)
ਨਣਦਾਂ ਵੀ ਹੁੰਦੀਆਂ ਪਿਆਰੀਆਂ,
ਕਹਿ ਭਾਬੀ ਭਾਬੀ ਹੱਸਦੀਆਂ।
ਪੇਕਿਆਂ ਵਾਲ਼ੇ ਘਰ ਦੀ ਉਹਨੂੰ,
ਇਕੋ ਇੱਕ ਚਾਬੀ ਦੱਸਦੀਆਂ।
ਨਣਦਾਂ ਵੀ ਹੁੰਦੀਆਂ….
ਜੇ ਸੱਸਾਂ ਚਾਅ ਕਰਦੀਆਂ ਤਾਂ,
ਨਣਦਾਂ ਪਰਛਾਵੇਂ ਵਰਗੀਆਂ।
ਵੀਰਾਂ ਦੇ ਦੁੱਖ ਸੁੱਖ ਵਿੱਚ ਇਹ,
ਝੱਟ ਆ ਕੇ ਸਾਹਵੇਂ ਖੜਦੀਆਂ।
ਪੈਸੇ ਦਾ ਲਾਲਚ ਕੋਈ ਨਾ,
ਬੱਚਿਆਂ ਨੂੰ ਨੋਟ ਗੁਲਾਬੀ ਦੱਸਦੀਆਂ।
ਨਣਦਾਂ ਵੀ ਹੁੰਦੀਆਂ…..
ਭੈਣਾਂ ਦੇ ਵਾਂਗਰਾਂ ਰਹਿੰਦੀਆਂ,
ਵੱਡੀਆਂ ਆ ਲਾਡ ਲਡਾਉਂਦੀਆਂ।
ਛੋਟੀਆਂ ਦੇ ਨਖ਼ਰੇ ਨੇ ਕੁਝ,
ਆ ਕੇ ਪਰ ਨਾਲ ਬਹਿੰਦੀਆਂ।
ਬਾਪੂ ਤੇ ਵੀਰੇ ਨੂੰ ਜੱਚਦੀ ਬੜੀ,
ਪੱਗ ਇਹ ‘ਣਾਬੀ ਦੱਸਦੀਆਂ।
ਨਣਦਾਂ ਵੀ ਹੁੰਦੀਆਂ….
ਰੁੱਸ ਬੇਸ਼ੱਕ ਜਾਵਣ ਕਿੱਧਰੇ,
ਜੜ੍ਹ ਨਾਲੋਂ ਟੁੱਟਦੀਆਂ ਨਾਹੀਂ।
ਰਿਸ਼ਤੇ ਅਣਮੁੱਲੇ ‘ਮਨਜੀਤ’,
ਛੁੱਟਿਆਂ ਵੀ ਛੁੱਟਦੀਆਂ ਨਾਹੀਂ।
ਤੁਰ ਜਾਂਦੀਆਂ ਦੂਰ ਦੁਰੇਡੇ,
ਵਤਨ ਪੰਜ ਆਬੀ ਦੱਸਦੀਆਂ।
ਨਣਦਾਂ ਵੀ ਹੁੰਦੀਆਂ….
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly