(ਸਮਾਜ ਵੀਕਲੀ) ਪੰਜਾਬੀ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਪਿੱਛੇ ਇੱਕ -ਦੂਜੇ ਦੀ ਦੇਖਾ-ਦੇਖੀ, ਬਿਨਾਂ ਲੋੜ ਤੋਂ ਹੀ ‘ਅ’ ਅੱਖਰ ਪਾਉਣ ਦਾ ਰਿਵਾਜ ਚੱਲ ਪਿਆ ਹੈ। ਅਜਿਹੇ ਸ਼ਬਦਾਂ ਵਿੱਚੋਂ ਇੱਕ ਸ਼ਬਦ ਹੈ: “ਨਾਂ”। ਇਹ ਸ਼ਬਦ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ “ਨਾਮ” ਸ਼ਬਦ ਤੋਂ ਬਣਿਆ ਹੈ। ਇਹ ਸ਼ਬਦ “ਨਾਂ” ਸ਼ਬਦ “ਨਾਮ” ਸ਼ਬਦ ਦਾ ਹੀ ਤਦਭਵ ਰੂਪ ਹੈ। ਤਦਭਵ ਸ਼ਬਦ ਬਣਨ ਵਾਲ਼ੀ ਪ੍ਰਕਿਰਿਆ ਦੌਰਾਨ ਕੇਵਲ ਨਾਮ ਸ਼ਬਦ ਵਿਚਲਾ ਮ ਅੱਖਰ “ਨਾਂ” ਦੇ ਕੰਨੇ ਉੱਤੇ ਬਿੰਦੀ ਦੇ ਤੌਰ ‘ਤੇ ਹੀ ਬਿਰਾਜਮਾਨ ਹੋਇਆ ਹੈ। ਦੂਜੀ ਗੱਲ ਇਹ ਹੈ ਕਿ ਨਾਂ (ਨਾਮ) ਸ਼ਬਦ ਦੇ ਸਮਾਨਾਰਥਕ ਹੋਰ ਕੋਈ ਵੀ ਸ਼ਬਦ ਨਹੀਂ ਹੈ। ਇਸ ਨਾਲ਼ ਰਲ਼ਦੇ-ਮਿਲ਼ਦੇ ਸ਼ਬਦ “ਨਾ” (“ਨਹੀਂ” ਦੇ ਅਰਥਾਂ ਵਾਲ਼ੇ) ਸ਼ਬਦ ਉੱਤੇ ਵੀ ਬਿੰਦੀ ਨਹੀਂ ਪੈਂਦੀ। ਫਿਰ ਇਸ (ਨਾਂ) ਸ਼ਬਦ ਪਿੱਛੇ ਅ ਅੱਖਰ ਵਾਧੂ ਪਾਉਣ ਦੀ ਖੇਚਲ਼ ਕਿਉਂ? ਅਜਿਹੇ ਫ਼ਾਲਤੂ ਦੇ ਬੋਝ ਤੋਂ ਬਚਣ ਦੀ ਲੋੜ ਹੈ। ਵਿਆਕਰਨ ਵਿੱਚ ਵਰਤੇ ਜਾਣ ਵਾਲ਼ੇ ਨਾਂਵ (ਨਾਂਵ/ਪੜਨਾਂਵ ਵਾਲ਼ੇ) ਸ਼ਬਦ ਨੂੰ ਵੀ ਇਸੇ ਤਰ੍ਹਾਂ ਵ ਅੱਖਰ ਨਾਲ਼ ਲਿਖਣਾ ਹੀ ਸਹੀ ਮੰਨ ਲਿਆ ਗਿਆ ਹੈ।
ਇਸ ਤੋਂ ਬਿਨਾਂ ਇੱਕ ਹੋਰ ਸ਼ਬਦ “ਭਾ ਜੀ” ਹੈ ਜਿਹੜਾ ਕਿ ਆਮ ਬੋਲ-ਚਾਲ ਦੀ ਬੋਲੀ ਵਿੱਚ “ਭਰਾ ਜੀ” ਦੀ ਥਾਂ ਵਰਤਿਆ ਜਾਂਦਾ ਹੈ। ਇਸ ਨੂੰ ਇਸੇ ਤਰ੍ਹਾਂ “ਭਾ ਜੀ” (ਤੋੜ ਕੇ) ਹੀ ਲਿਖਿਆ ਜਾਣਾ ਚਾਹੀਦਾ ਹੈ ਕਿਉਂਕਿ ਜੇਕਰ ਇਸ ਨੂੰ ਜੋੜ ਕੇ ਲਿਖਾਂਗੇ ਤਾਂ ਇਹ “ਭਾਜੀ” (ਸਬਜ਼ੀ ਜਾਂ ਵਿਆਹ ਸਮੇਂ ਵੰਡੀ ਜਾਣ ਵਾਲ਼ੀ ਭਾਜੀ) ਬਣ ਜਾਵੇਗਾ। ਜੇਕਰ “ਭਾ” ਪਿੱਛੇ ਅ ਲਾ ਕੇ “ਭਾਅ ਜੀ” ਲਿਖਾਂਗੇ ਤਾਂ “ਭਾਅ ਜੀ” ਬਣ ਜਾਵੇਗਾ ਜਿਸ ਵਿੱਚ “ਭਾਅ” ਦੇ ਅਰਥ ਹੋ ਜਾਣਗੇ: ਕਿਸੇ ਚੀਜ਼ ਦਾ ਮੁੱਲ ਜਾਂ ਕੀਮਤ। ਇਸ ਲਈ ਅਜਿਹੇ ਝਮੇਲਿਆਂ ਤੋਂ ਬਚਣ ਲਈ ਸਾਨੂੰ ਭਰਾ ਜੀ ਸ਼ਬਦ ਦੇ ਬਦਲ ਵਜੋਂ “ਭਾ ਜੀ” ਸ਼ਬਦ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ, “ਭਾਜੀ” ਜਾਂ “ਭਾਅ ਜੀ” ਆਦਿ ਦੀ ਨਹੀਂ।
ਕੋਸ਼ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਜੇਕਰ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਊੜਾ ਅੱਖਰ ਲੱਗਿਆ ਹੋਵੇ ਤਾਂ ਕੇਵਲ ਚਾਰ ਸ਼ਬਦਾਂ: “ਇਉਂ, ਕਿਉਂ, ਜਿਉਂ,ਤਿਉਂ” ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ, ਭਾਵੇਂ ਉਹਨਾਂ ਸ਼ਬਦਾਂ ਦੇ ਅੰਤ ਵਿੱਚ ਲੱਗੇ ਊੜੇ ਦੀ ਅਵਾਜ਼ ਹੋੜੇ ਦੀ ਹੋਵੇ ਤੇ ਭਾਵੇਂ ਔਂਕੜ ਦੀ; ਜਿਵੇਂ: ਖਾਓ,ਪੀਓ, ਆਓ, ਜਾਓ, ਲਓ, ਦਿਓ, ਘਿਓ, ਕਿਤਿਓਂ, ਵਾਟਿਓਂ, ਵਾਂਢਿਓਂ, ਖੱਬਿਓਂ, ਸੱਜਿਓਂ, ਥੱਲਿਓਂ, ਥੈਲਿਓਂ, ਅੰਬਾਲ਼ਿਓਂ, ਮੁਹਾਲ਼ੀਓਂ, ਫਗਵਾੜਿਓਂ, ਪਟਿਆਲ਼ਿਓਂ, ਲੁਧਿਆਣਿਓਂ ਆਦਿ।
ਦੇਖਣ ਵਿੱਚ ਆਇਆ ਹੈ ਕਿ ਜਗਰਾਓਂ ਅਤੇ ਸਮਾਓਂ ਸ਼ਬਦ ਵਰਤਣ ਵੇਲ਼ੇ ਬਹੁਤੇ ਸੱਜਣ ਅਜੇ ਵੀ ਇਹਨਾਂ ਸ਼ਹਿਰਾਂ ਦੇ ਨਾਂ ਪੁਰਾਤਨ ਰਵਾਇਤਾਂ ਅਨੁਸਾਰ ਅਰਥਾਤ ਊੜੇ ਨੂੰ ਔਂਕੜ ਪਾ ਕੇ ਹੀ ਲਿਖ ਰਹੇ ਹਨ ਜੋਕਿ ਅਜੋਕੇ ਵਿਆਕਰਨਿਕ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਗ਼ਲਤ ਹੈ। ਇਹ ਤਾਂ ਹੋ ਸਕਦਾ ਹੈ ਕਿ ਸਰਕਾਰ ਦੁਆਰਾ ਇਹਨਾਂ ਸ਼ਹਿਰਾਂ ਦੇ ਨਾਂਵਾਂ ਦੀ ਨੋਟੀਫ਼ਿਕੇਸ਼ਨ ਹੀ ਪੁਰਾਤਨ ਰਵਾਇਤਾਂ ਅਨੁਸਾਰ (ਊੜੇ ਨੂੰ ਔਂਕੜ ਪਾ ਕੇ) ਅਰਥਾਤ ਗਲਤ ਢੰਗ ਨਾਲ਼ ਹੋਈ ਹੋਵੇ ਪਰ ਅਜੋਕੇ ਨਿਯਮਾਂ ਅਨੁਸਾਰ ਸਾਨੂੰ ਅਜਿਹੇ ਸ਼ਹਿਰਾਂ ਦੇ ਨਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਚਾਹੀਦੇ ਹਨ ਤੇ ਜਾਰੀ ਹੋਏ ਨੋਟੀਫ਼ਿਕੇਸ਼ਨਾਂ ਵਿੱਚ ਸੋਧ ਕਰਵਾਉਣ ਦੇ ਉਪਰਾਲੇ ਵੀ ਨਾਲ਼ੋ-ਨਾਲ਼ ਜਾਰੀ ਰੱਖਣੇ ਚਾਹੀਦੇ ਹਨ। ਅਸੀਂ ਆਪਣੇ ਵਿਦਿਆਰਥੀ-ਜੀਵਨ ਸਮੇਂ ਦੇਖਦੇ ਰਹੇ ਹਾਂ ਕਿ ਸਰਕਾਰ ਵੱਲੋਂ ਦੁਰਘਟਨਾਵਾਂ ਤੋਂ ਬਚਣ ਲਈ ਸੜਕਾਂ ਦੇ ਕਿਨਾਰਿਆਂ ‘ਤੇ ਲੱਗੇ ਬੋਰਡਾਂ ਉੱਤੇ ਆਮ ਤੌਰ ‘ਤੇ ਊੜੇ ਨੂੰ ਔਂਕੜ ਪਾ ਕੇ ਲਿਖਿਆ ਹੁੰਦਾ ਸੀ: “ਬਚਾਉ ਵਿੱਚ ਹੀ ਬਚਾਉ ਹੈ” ਜਾਂ “ਬਚਾਓ ਵਿੱਚ ਹੀ ਬਚਾਓ ਹੈ” ਪਰ ਹੁਣ ਇਹਨਾਂ ਹੀ ਬੋਰਡਾਂ ਉੱਤੇ ਨਵੇਂ ਵਿਆਕਰਨਿਕ ਨਿਯਮਾਂ ਅਨੁਸਾਰ ਸ਼ੁੱਧ ਪੰਜਾਬੀ ਵਿੱਚ ਲਿਖਿਆ ਹੁੰਦਾ ਹੈ: “ਬਚਾਅ ਵਿੱਚ ਹੀ ਬਚਾਅ ਹੈ”। ਇਸ ਤੋਂ ਸਬਕ ਲੈਂਦਿਆਂ ਸਾਨੂੰ ਵੀ ਸਮੇਂ ਦੇ ਨਾਲ਼ ਬਦਲਦੇ ਹੋਏ ਵਿਆਕਰਨਿਕ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹਨਾਂ ਨਿਯਮਾਂ ਅਨੁਸਾਰ ਚੱਲਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
ਸੋ, ਉਪਰੋਕਤ ਚਾਰ ਸ਼ਬਦਾਂ (ਇਉਂ, ਕਿਉਂ, ਜਿਉਂ, ਤਿਉ) ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਅੱਖਰ ਨਾਲ਼ ਕੇਵਲ ਹੋੜੇ ਦੀ ਲਗ ਹੀ ਲੱਗਣੀ ਹੈ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ, ਔਂਕੜ ਦੀ ਲਗ ਬਿਲਕੁਲ ਨਹੀਂ ਲਾਉਣੀ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮਾਂ ਵੱਲ ਜੇਕਰ ਜ਼ਰਾ ਜਿੰਨਾ ਵੀ ਧਿਆਨ ਦਿੱਤਾ ਜਾਵੇ ਤਾਂ ਇਹ ਬਹੁਤ ਹੀ ਅਸਾਨ ਜਾਪਦੇ ਹਨ ਅਤੇ ਇਹਨਾਂ ਉੱਤੇ ਅਮਲ ਕਰਨਾ ਵੀ ਓਨਾ ਹੀ ਅਸਾਨ ਹੈ।
ਉਪਰੋਕਤ ਚਾਰ ਸ਼ਬਦਾਂ (ਇਉਂ, ਕਿਉਂ, ਜਿਉਂ, ਤਿਉਂ) ਨੂੰ ਉੱਪਰ ਦੱਸੇ ਗਏ ਨਿਯਮਾਂ ਤੋਂ ਛੋਟ ਦੇਣ ਦਾ ਕਾਰਨ ਇਹ ਹੈ ਕਿ ਇਹਨਾਂ ਚਾਰ ਸ਼ਬਦਾਂ ਨੂੰ ਇਸੇ ਰੂਪ ਵਿੱਚ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਇਹਨਾਂ ਸ਼ਬਦਾਂ ਦੇ ਇਹੋ ਸ਼ਬਦ-ਰੂਪ ਹੀ ਸਹੀ ਮੰਨੇ ਗਏ ਹਨ।
ਜਸਵੀਰ ਸਿੰਘ ਪਾਬਲਾ
ਸੰਪਰਕ ਨੰਬਰ +91 98884 03052
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly