ਰੋਟਰੀ ਕਲੱਬ ਵੱਲੋਂ ਹਰ ਸਾਲ ਜ਼ਿਲ੍ਹੇ ਦੀ ਇੱਕ ਸੰਸਥਾ ਨੂੰ ਦਿੱਤਾ ਜਾਂਦਾ ਇਹ ਸਨਮਾਨ
ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਰੋਟਰੀ ਕਲੱਬ ਰੋਪੜ ਵੱਲੋਂ ਹਰ ਸਾਲ ਦੀ ਤਰ੍ਹਾਂ ਵੋਕੇਸ਼ਨਲ ਐਕਸੀਲੈਂਸ ਐਵਾਰਡ ਪ੍ਰੋਗਰਾਮ ਕਰਵਾਇਆ ਗਿਆ। ਜਿੱਥੇ ਡਿਪਟੀ ਕਮਿਸ਼ਨਰ ਆਈ.ਏ.ਐਸ. ਹਿਮਾਂਸ਼ੂ ਜੈਨ ਨੇ ਮੁੱਖ ਮਹਿਮਾਨ ਅਤੇ ਆਈ.ਏ.ਐਸ ਚੰਦਰਜੋਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਹਰ ਸਾਲ ਜ਼ਿਲ੍ਹੇ ਦੀ ਇੱਕ ਸੰਸਥਾ ਨੂੰ ਉਸ ਵੱਲੋਂ ਕੀਤੇ ਮਾਨਵਤਾਵਾਦੀ ਕਾਰਜਾਂ ਦੇ ਆਧਾਰ ‘ਤੇ ਵੋਕੇਸ਼ਨਲ ਐਕਸੀਲੈਂਸ ਐਵਾਰਡ ਲਈ ਚੁਣਿਆ ਜਾਂਦਾ ਹੈ। ਇਸ ਲੜੀ ਤਹਿਤ ਨੈਣਾ ਜੀਵਨ ਜੋਤੀ ਕਲੱਬ ਨੂੰ 2025 ਲਈ ਚੁਣਿਆ ਗਿਆ। ਵਰਨਣਯੋਗ ਹੈ ਕਿ ਸਨਮਾਨਿਤ ਕਲੱਬ ਸਮਾਜ ਨੂੰ 10 ਸਾਲਾਂ ਤੋਂ ਅੱਖਾਂ ਦਾਨ, ਅੰਗ ਦਾਨ, ਸਰੀਰ ਦਾਨ ਅਤੇ ਖੂਨਦਾਨ ਆਦਿ ਲਈ ਉਚੇਚੇ ਯਤਨਾਂ ਨਾਲ਼ ਪ੍ਰੇਰਿਤ ਕਰ ਰਿਹਾ ਹੈ। ਹੁਣ ਤੱਕ ਕਲੱਬ ਵੱਲੋਂ 12 ਜੋੜੇ ਅੱਖਾਂ ਦਾਨ ਕਰਵਾ ਕੇ 24 ਵਿਅਕਤੀਆਂ ਦੀਆਂ ਜਿੰਦਗੀਆਂ ਨੂੰ ਰੋਸ਼ਨ ਕਰ ਚੁੱਕਿਆ ਹੈ। ਕਲੱਬ ਕੋਲ਼ ਸੈਂਕੜੇ ਹੀ ਅੱਖਾਂ ਦਾਨੀ ਸਵੈ-ਇੱਛਾ ਨਾਲ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਫਾਰਮ ਭਰ ਚੁੱਕੇ ਹਨ। ਕਲੱਬ ਵੱਲੋਂ ਆਪਣੀ ਦੁਕਾਨ ਦੇ ਨਾਂ ‘ਤੇ ਦੁਕਾਨ ਚਲਾਈ ਜਾ ਰਹੀ ਹੈ। ਜਿੱਥੇ ਇਲਾਕਾ ਨਿਵਾਸੀ ਆਪਣੇ ਘਰਾਂ ‘ਚ ਪਈਆਂ ਉਪਯੋਗੀ ਵਸਤਾਂ (ਕੱਪੜੇ, ਫਰਨੀਚਰ, ਖਿਡੌਣੇ, ਭਾਂਡੇ ਆਦਿ) ਦਾਨ ਕਰਦੇ ਹਨ ਅਤੇ ਫਿਰ ਕਲੱਬ ਵੱਲੋਂ ਲੋੜਵੰਦਾਂ ਨੂੰ ਮੁਫਤ ਵਿੱਚ ਦੇ ਦਿੱਤੀਆਂ ਜਾਂਦੀਆਂ ਹਨ। ਕਲੱਬ ਵੱਲੋਂ ਸਮੇਂ-ਸਮੇਂ ‘ਤੇ ਬਸਤੀਆਂ, ਭੱਠਿਆਂ, ਲੇਬਰ ਚੌਕਾਂ ਆਦਿ ਵਿੱਚ ਜਾ ਕੇ ਲੋੜਵੰਦਾਂ ਨੂੰ ਜਰੂਰਤ ਦੀਆਂ ਵਸਤੂਆਂ ਵੰਡੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕਲੱਬ ਦੇ ਸਫਾਈ ਅਭਿਆਨ, ਮ੍ਰਿਤਕ ਦੇਹਾਂ ਲਈ ਫਰਿੱਜ (ਮੋਰਚਰੀ ਫਰੀਜਰ) ਦੀ ਸੇਵਾ, ਬੂਟੇ ਲਗਾਉਣੇ ਅਤੇ ਵਾਟਰ ਕੂਲਰ ਆਦਿ ਸਥਾਪਿਤ ਕਰਨ ਜਿਹੇ ਕਾਰਜ ਜਿਕਰਯੋਗ ਹਨ। ਜਿਨ੍ਹਾਂ ਨੂੰ ਮੁੱਖ ਰੱਖਦਿਆਂ ਰੋਟਰੀ ਕਲੱਬ ਵੱਲੋਂ ਉਕਤ ਸਨਮਾਨ ਦਿੱਤਾ ਗਿਆ। ਨੈਣਾਂ ਜੀਵਨ ਜੋਤੀ ਪਰਿਵਾਰ/ਕਲੱਬ ਵੱਲੋਂ ਰੋਟਰੀ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ, ਡਾਇਰੈਕਟਰ ਵੋਕੇਸ਼ਨਲ ਸਰਵਿਸਿਜ਼ ਡਾ. ਜਗਦੀਪ ਕੁਮਾਰ ਸ਼ਰਮਾ, ਸਕੱਤਰ ਅਰੀਨਾ ਚਾਨਣਾ, ਸਾਬਕਾ ਰੋਟਰੀ ਗਵਰਨਰ ਡਾ.ਆਰ.ਐਸ.ਪਰਮਾਰ, ਸਹਾਇਕ ਗਵਰਨਰ ਡਾ. ਭੀਮ ਸੇਨ, ਰੋਟੇਰੀਅਨ ਇੰਜੀ. ਪਰਮਿੰਦਰ ਕੁਮਾਰ, ਰੋਟੇਰੀਅਨ ਡਾ. ਸੰਜੇ ਕਾਲੜਾ, ਰੋਟੇਰੀਅਨ ਡਾ. ਨਮਰਤਾ ਪਰਮਾਰ, ਰੋਟੇਰੀਅਨ ਅਮਰ ਰਾਜ ਸੈਣੀ, ਰੋਟੇਰੀਅਨ ਸੁਧੀਰ, ਰੋਟੇਰੀਅਨ ਗਗਨ ਸੈਣੀ, ਰੋਟੇਰੀਅਨ ਗੁਰਪ੍ਰੀਤ ਸਿੰਘ, ਰੋਟੇਰੀਅਨ ਜੇ.ਕੇ. ਭਾਟੀਆ, ਰੋਟੇਰੀਅਨ ਊਸ਼ਾ ਭਾਟੀਆ, ਰੋਟੇਰੀਅਨ ਅੰਕੁਰ ਵਾਹੀ, ਰੋਟੇਰੀਅਨ ਅਜੇ ਤਲਵਾੜ ਸਮੇਤ ਸਮੁੱਚੇ ਰੋਟਰੀ ਕਲੱਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਐਵਾਰਡ ਦਾ ਸਾਰਾ ਸਿਹਰਾ ਇਲਾਕਾ ਨਿਵਾਸੀਆਂ ਨੂੰ ਦਿਦਿਆਂ ਕਿਹਾ ਕਿ ਉਨ੍ਹਾਂ ਤੋਂ ਬਿਨਾਂ ਕਲੱਬ ਦੇ ਸਾਰੇ ਕਾਰਜ ਅਧੂਰੇ ਤੇ ਅਸੰਭਵ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj