ਜਲੰਧਰ,(ਸਮਾਜ ਵੀਕਲੀ) (ਵਿਸ਼ੇਸ਼ ਪ੍ਰਤੀਨਿਧੀ)-ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਅਣ ਅਧਿਕਾਰਤ ਕਲੋਨੀਆਂ ਦੇ ਪਲਾਟਾਂ ਦੀ ਐਨ ਓ ਸੀ ਨੂੰ ਖਤਮ ਕਰਨ ਦੇ ਕੀਤੇ ਐਲਾਨ ਨਾਲ ਰਜਿਸਟਰੀਆਂ ਕਰਵਾਉਣ ਦੇ ਚਾਹਵਾਨਾਂ ਦੇ ਚਿਹਰੇ ਤੇ ਆਈ ਖੁਸ਼ੀ ਮੁੜ ਮਾਯੂਸੀ ਦਾ ਕਾਰਨ ਬਣਦੀ ਜਾ ਰਹੀ ਹੈ। ਪੱਤਰਕਾਰਾਂ ਵੱਲੋਂ ਤਹਿਸੀਲ ਕੰਪਲੈਕਸਾਂ ਵਿਚ ਬੈਠੇ ਵਸੀਕਾ ਨਵੀਸਾਂ ਨੂੰ ਜਦੋਂ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਪਬਲਿਕ ਨੂੰ ਪਲਾਟਾਂ ਦੀਆਂ ਰਜਿਸਟਰੀਆਂ ਕਰਾਉਣ ਲਈ ਐਨ ਓ ਸੀ ਨੂੰ ਲੈ ਕੇ ਕਾਫੀ ਖਜ਼ਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਣ ਅਧਿਕਾਰਤ ਕਲੋਨੀਆਂ ਦੇ ਪਲਾਟਾਂ ਦੀ ਰਜਿਸਟਰੀ ਲਈ ਲੋੜੀਂਦੀ ਐਨ ਓ ਸੀ ਵਾਲੀ ਸ਼ਰਤ ਖ਼ਤਮ ਕਰਨ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕਾਫੀ ਸਮਾਂ ਪਹਿਲਾਂ ਕੀਤਾ ਗਿਆ ਸੀ ਪਰ ਉਸ ਬਾਬਤ ਕੋਈ ਲਿਖ਼ਤੀ ਚਿਠੀ ਅਜੇ ਤੱਕ ਤਹਿਸੀਲਾਂ ਵਿਚ ਨਹੀਂ ਪੁੱਜੀ। ਜਿਸ ਕਰਕੇ ਰਜਿਸਟਰੀ ਤੋਂ ਪਹਿਲਾਂ ਐਨ ਓ ਸੀ ਲੈਣ ਲਈ ਸਬੰਧਤ ਮਹਿਕਮੇ ਨੂੰ ਅਪਲਾਈ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਐਨ ਓ ਸੀ ਲੈਣ ਦੀ ਪ੍ਰਕਿਰਿਆ ਕਾਫੀ ਜਟਿਲ ਹੈ ਕਾਫੀ ਸਮੇਂ ਬਾਅਦ ਪੂਰੀ ਹੁੰਦੀ ਹੈ ਅਤੇ ਐਨ ਓ ਸੀ ਲੈਣ ਲਈ ਅਪਲਾਈ ਕਰਨ ਤੋਂ ਲੈ ਕੇ ਐਨ ਓ ਸੀ ਆਉਣ ਤੱਕ ਤਕਰੀਬਨ ਇਕ ਤੋਂ ਡੇਢ ਮਹੀਨਾ ਜਾਂ ਇਸ ਤੋਂ ਅਧਿਕ ਸਮਾਂ ਵੀ ਲਗ ਜਾਂਦਾ ਹੈ। ਜਿਸ ਨਾਲ ਪਬਲਿਕ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਗਲਬਾਤ ਕਰਦਿਆਂ ਤਹਿਸੀਲਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਲਾਨ ਤਾਂ ਕੀਤਾ ਗਿਆ ਹੈ । ਪਰ ਕੋਈ ਲਿਖਤੀ ਆਰਡਰ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋਏ । ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਵਜੋਂ ਚਿਠੀ ਤੇ ਦਸਖਤ ਕੀਤੇ ਜਾ ਚੁੱਕੇ ਹਨ ਅਸੀਂ ਚਿੱਠੀ ਦੀ ਉਡੀਕ ਕਰ ਰਹੇ ਹਾਂ ਜਿਵੇਂ ਹੀ ਚਿੱਠੀ ਪ੍ਰਾਪਤ ਹੋਵੇਗੀ ਇਸ ਦਾ ਲਾਭ ਜਨਤਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।ਇਸ ਮੌਕੇ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕੌਰ ਨੇ ਪੰਜਾਬ ਸਰਕਾਰ ਵੱਲੋਂ ਐਨ ਓ ਸੀ ਨੂੰ ਖਤਮ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਜਲਦੀ ਤੋਂ ਜਲਦੀ ਲਿਖਤੀ ਆਰਡਰ ਤਹਿਸੀਲਦਾਰਾਂ ਨੂੰ ਭੇਜਣ ਲਈ ਕਿਹਾ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਜਲਦੀ ਐਲਾਨ ਕੀਤਾ ਜਾਂਦਾ ਹੈ ਉਨ੍ਹਾਂ ਜਲਦੀ ਕੀਤੇ ਐਲਾਨ ਨੂੰ ਅਮਲੀ ਜਾਮਾ ਵੀ ਪਹਿਨਾਇਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly