(ਸਮਾਜ ਵੀਕਲੀ)
ਐਂ ਨਈਂ ਥੱਕਦੇ ਟੁੱਟਦੇ ਹਾੜ੍ਹਾ ਨਾ ਕਿਸਮਤ ਨੂੰ ਬੁੱਕੀਦਾ
ਹਿੰਮਤ ਹੈ ਹਥਿਆਰ ਅਸਾਡਾ ਡਿੱਗ ਡਿੱਗ ਕੇ ਉੱਠੀਦਾ
ਰਸਮੀ ਤਾਣੇ ਬਾਣੇ ਦੇ ਵਿੱਚ ਕਿਉਂ ਉਲਝਾਈ ਰੱਖਦਾ ਏਂ
ਮੂੰਹ ਤੇ ਆਖੇਂ ਮੇਰਾ ਮੇਰਾ ਪਿੱਠ ਪਿੱਛੇ ਨਹੀਂ ਜੁੱਤੀਦਾ
ਖ਼ੂਨ ਦੇ ਵਿੱਚ ਦਲੇਰੀ ਸਾਡੇ ਅਣਖੀ ਹੈਨ ਜ਼ਮੀਰਾਂ ਵੀ
ਵੱਜਣਾ ਏ ਤਾਂ ਹਿੱਕ ਤੇ ਵੱਜੀਂ ਕਦਮ ਪਿਛਾਂਹ ਨਈਂ ਪੁੱਟੀਦਾ
ਸ਼ੌਂਕੀ ਏਂ ਜੇ ਤੂੰ ਰੰਗਾਂ ਦਾ ਬੇਝਿਜਕ ਜਿਆ ਹੋ ਬੋਲ ਦਵੀਂ
ਤੈਨੂੰ ਲਹੂ ਨਿਚੋੜ ਕੇ ਦੇਵਾਂਗੇ ਜਿਗਰੇ ਦੀ ਬੋਟੀ ਬੁੱਟੀਦਾ
ਅਨਿਆਈ ਨਾ ਕੀਤੀ ਏ ਤੇ ਨਾ ਸਹਿਣੇ ਦੇ ਆਦੀ ਆਂ
ਅਸੀਂ ਹੱਕ ਸੱਚ ਲਈ ਲੜਦੇ ਆਂ ਤਲਵਾ ਨਹੀਂ ਚੱਟੀ ਚੁੱਟੀਦਾ
ਸੁਣ!ਹਾਕਮ ਐਂ ਨੀ ਬਣਿਆ ਜਾਂਦਾ ਰਾਜ ਦਿਲਾਂ ਤੇ ਹੁੰਦੇ ਨਾ
ਮਜ਼ਲੂਮਾਂ ਦੇ ਹੱਕ ਮਾਰ ਕਦ ਤੀਕ ਨਜ਼ਾਰਾ ਲੁੱਟੀਦਾ
ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਚੰਡੇ ਆਂ ਖੰਡੇ ਆਰੇ ਦੇ
ਇੰਝ ਦਬਾਇਆਂ ਦਬਦੇ ਨਾ ਸੌਖਾ ਹਥਿਆਰ ਨੀ ਸੁੱਟੀਦਾ
ਤੈਨੂੰ ਲੱਖ ਹਲੂਣੇ ਦੇ ਛੱਡੇ ਜਾਗੇ ਨਾ ਤੇਰੀ ਜ਼ਮੀਰ ਕਿਉਂ
ਤੇਰੀ ਸਮਝ ਨੂੰ ਕੀ ਐ ਜੰਗ ਲੱਗੀ ਉੱਪਰ ਨੂੰ ਵੇਖ ਨੀ ਥੁੱਕੀਦਾ
ਸਾਨੂੰ ਆਖੇਂ ਬਾਗ਼ੀ ਬਾਗ਼ੀ ਤੂੰ ਤੇਰੇ ਕਰਕੇ ਬਾਗ਼ੀ ਹੋਏ ਆਂ
ਹੱਕ ਲੈ ਕੇ ਆਪਣੇ ਉੱਠਾਂਗੇ ਚਾਲਾਂ ਅੱਗੇ ਨਹੀਂ ਝੁੱਕੀਦਾ
ਕਿੰਨੇ ਘਰ ਹੋਰ ਖ਼ਤਮ ਕਰਨੇ ਕਿੰਨਿਆਂ ਦੀ ਰੱਤ ਤੂੰ ਪੀਣੀ ਏ
ਬੇਗ਼ੈਰਤਾ ਦੱਸ ਬੇਖੌਫ਼ ਹੋ ਕੇ ਸਾਨੂੰ ਡਰ ਨਹੀਂ ਰੱਤੀ ਰੁੱਤੀਦਾ
ਹਰਜੀਤ ਕੌਰ ਪੰਮੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly