ਬਲਦੇਵ ਸਿੰਘ ਬੇਦੀ ਜਲੰਧਰ

(ਸਮਾਜ ਵੀਕਲੀ) ਪੰਜਾਬੀ ਸਭਿਆਚਾਰ ਵਿੱਚ ਸੁਆਣੀਆਂ ਹਮੇਸ਼ਾ ਹੀ ਆਪਣੇ ਸੋਹਨੇਪਣ ਨੂੰ ਨਿਖਾਰਨ ਲਈ ਵੱਖ-ਵੱਖ ਰਿਵਾਇਤਾਂ ਦੀ ਪਾਲਣਾ ਕਰਦੀਆਂ ਆਈਆਂ ਹਨ। ਇਨ੍ਹਾਂ ਵਿੱਚੋਂ ਇੱਕ ਅਹਿਮ ਤੱਤ ਸੁਰਮੇਦਾਨੀ ਸੀ, ਜੋ ਸਿਰਫ਼ ਇੱਕ ਸ਼ਿੰਗਾਰ ਦਾ ਹਿੱਸਾ ਨਹੀਂ ਸੀ, ਬਲਕਿ ਇਹ ਪ੍ਰੇਮ,ਪਵਿੱਤਰਤਾ ਅਤੇ ਨੈਣ-ਸੁੰਦਰਤਾ ਦੀ ਨਿਸ਼ਾਨੀ ਮੰਨੀ ਜਾਂਦੀ ਸੀ। ਪੁਰਾਣੇ ਸਮਿਆਂ ਵਿੱਚ ਔਰਤਾਂ ਆਪਣੀਆਂ ਅੱਖਾਂ ਦੀ ਰੌਣਕ ਵਧਾਉਣ ਲਈ ਹੱਥ ਨਾਲ ਪੀਸਿਆ ਹੋਇਆ ਸ਼ੁੱਧ ਸੁਰਮਾ ਪਾਉਂਦਿਆ ਸਨ। ਇਸ ਸੁਰਮੇ ਨੂੰ ਸੰਭਾਲ ਕੇ ਰੱਖਣ ਲਈ ਪਿੱਤਲ, ਲੋਹੇ, ਕਾਂਸੇ , ਸਟੀਲ ਜਾਂ ਚਾਂਦੀ ਦੀਆਂ ਸੁੰਦਰ ਸੁਰਮੇਦਾਨੀਆਂ ਵਰਤੀਆਂ ਜਾਂਦੀਆਂ।
ਸੁਰਮੇਦਾਨੀ ਸਿਰਫ਼ ਇੱਕ ਡੱਬੀ ਨਹੀਂ ਸੀ, ਇਹ ਔਰਤਾਂ ਦੇ ਸ਼ਿੰਗਾਰ ਦੇ ਸਾਮਾਨ ਦਾ ਇੱਕ ਅਹਿਮ ਅੰਗ ਸੀ। ਇਹ ਸਧਾਰਨ ਵੀ ਹੋ ਸਕਦੀ ਸੀ ਅਤੇ ਕਲਾ-ਕਾਰੀਗਰੀ ਦੀ ਮਿਸਾਲ ਵੀ। ਕਈ ਵਾਰ ਇਹਨਾਂ ‘ਤੇ ਸੋਨੇ-ਚਾਂਦੀ ਦੀ ਨਕਸ਼ੀ ਹੁੰਦੀ ਜਾਂ ਕਸ਼ੀਦਾ-ਕਾਰੀ ਕੀਤੀ ਜਾਂਦੀ। ਸੁਰਮੇਦਾਨੀ ਦੇ ਅੰਦਰ “ਸੁਰਮਚੂ” ਹੁੰਦਾ ਜਿਸ ਦੀ ਮਦਦ ਨਾਲ ਸੁਆਣੀਆਂ ਧਾਰਾਂ ਬੰਨ੍ਹ-ਬੰਨ੍ਹ ਕੇ ਅੱਖਾਂ ਵਿੱਚ ਸੁਰਮਾ ਪਾਉਂਦੀਆਂ। ਸਿਰਫ਼ ਸੋਹਣਾਪਣ ਹੀ ਨਹੀਂ ਸੁਰਮਾ ਅੱਖਾਂ ਨੂੰ ਠੰਢਕ ਦੇਣ, ਨਜ਼ਰ ਤਿੱਖੀ ਕਰਨ ਅਤੇ ਸੁੰਦਰਤਾ ਵਧਾਉਣ ਲਈ ਵੀ ਵਰਤਿਆ ਜਾਂਦਾ।
ਸੁਰਮੇਦਾਨੀ ਇੱਕ ਸੁਆਣੀ ਦੇ ਸ਼ੌਂਕ ਦਾ ਦਰਪਣ ਮੰਨੀ ਜਾਂਦੀ। ਬਹੁਤ ਸਾਰੀਆਂ ਲੜਕੀਆਂ ਨੂੰ ਇਹ ਵਿਆਹ-ਸ਼ਾਦੀ ਦੇ ਮੌਕਿਆਂ ‘ਤੇ ਉਪਹਾਰ ਵਜੋਂ ਦਿੱਤੀ ਜਾਂਦੀ। ਪਿੰਡਾਂ ਵਿੱਚ ਬਜ਼ੁਰਗ ਔਰਤਾਂ ਆਪਣੀਆਂ ਦੋਹਤ੍ਰੀਆਂ-ਪੋਤਰੀਆਂ ਨੂੰ ਆਪਣੀ ਪੁਰਾਣੀ ਸੁਰਮੇਦਾਨੀ ਦੇਣ ‘ਚ ਮਾਣ ਮਹਿਸੂਸ ਕਰਦੀਆਂ ਕਿਉਂਕਿ ਇਹ ਇੱਕ ਵਿਰਾਸਤ ਸੀ ਜੋ ਪੀੜ੍ਹੀ-ਦਰ-ਪੀੜ੍ਹੀ ਚਲਦੀ ਰਹਿੰਦੀ ਸੀ।
ਵਿਆਹੀ ਔਰਤ ਲਈ ਸੁਰਮੇਦਾਨੀ ਸਿਰਫ਼ ਸ਼ਿੰਗਾਰ ਦੀ ਡੱਬੀ ਨਹੀਂ ਬਲਕਿ ਉਸ ਦੇ ਮਾਹੀ ਦਾ ਪ੍ਰਤੀਕ ਚਿੰਨ੍ਹ ਵੀ ਹੁੰਦੀ। ਜਿਵੇਂ ਸੁਰਮੇਦਾਨੀ ਵਿੱਚ ਭਰਿਆ ਸੁਰਮਾ ਅੱਖਾਂ ਦੀ ਸ਼ੋਭਾ ਵਧਾਉਂਦਾ ਠੀਕ ਉਵੇਂ ਹੀ ਮਾਹੀ ਦਾ ਪਿਆਰ ਜ਼ਿੰਦਗ਼ੀ ਦੀ ਰੌਣਕ ਵਿਚ ਵਾਧਾ ਕਰਦਾ। “ਸੁਰਮੇਦਾਨੀ ਵਰਗਾ ਮੇਰਾ ਮਾਹੀ, ਵੇ ਹੋਰ ਮੈਨੂੰ ਕੀ ਚਾਹੀਦਾ” ਇਹ ਸਿਰਫ਼ ਗੀਤ ਦੇ ਬੋਲ ਹੀ ਨਹੀਂ ਇੱਕ ਔਰਤ ਦੇ ਦਿੱਲ ਦੀ ਆਵਾਜ਼ ਹੁੰਦੀ ਜੋ ਆਪਣੇ ਮਾਹੀ ਵਿੱਚ ਆਪਣੀ ਪੂਰਨਤਾ ਰੂਹ ਲੱਭਦੀ ਸੀ। ਸੁਰਮੇਦਾਨੀ ਰਾਹੀਂ ਔਰਤਾਂ ਅਕਸਰ ਆਪਣੇ ਹਾਲਾਤ, ਪਿਆਰ ਅਤੇ ਵਿਅਕਤੀਗਤ ਪਹਿਚਾਣ ਨੂੰ ਪ੍ਰਗਟ ਕਰਦੀਆਂ। ਪੰਜਾਬੀ ਲੋਕ ਗੀਤਾਂ, ਬੋਲੀਆਂ ਅਤੇ ਵਿਆਹ-ਸ਼ਾਦੀ ਦੇ ਗਾਣਿਆਂ ਵਿੱਚ ਵੀ ਸੁਰਮੇਦਾਨੀ ਦਾ ਜ਼ਿਕਰ ਬਹੁਤ ਵਾਰ ਸੁਣਨ ਨੂੰ ਮਿਲਦਾ। ਸਮਾਜ ਵਿੱਚ ਪਰਿਵਰਤਨ ਆਉਂਦੇ ਰਹੇ ਅਤੇ ਕਈ ਰੀਤੀ-ਰਿਵਾਜ ਹੌਲੀ-ਹੌਲੀ ਅਲੋਪ ਹੋ ਗਏ। ਕੱਜਲ ਆਉਣ ਨਾਲ ਸੁਰਮਾ ਪਾਉਣ ਦੀ ਪ੍ਰਥਾ ਵੀ ਘੱਟ ਹੋ ਗਈ, ਜਿਸ ਨਾਲ ਸੁਰਮੇਦਾਨੀ ਵੀ ਘਰਾਂ ਵਿੱਚੋਂ ਗਾਇਬ ਹੋ ਗਈ। ਹੁਣ ਇਸ ਦੀ ਥਾਂ ਪਲਾਸਟਿਕ ਜਾਂ ਕੱਚ ਦੀਆਂ ਛੋਟੀਆਂ ਕਲਮਾਂ ਨੇ ਲੈ ਲਈ। ਭਾਵੇਂ ਅੱਜ ਦੀ ਨਵੀਂ ਪੀੜ੍ਹੀ ਸੁਰਮੇਦਾਨੀ ਨੂੰ ਉਨ੍ਹਾਂ ਵਰਤਦੀ ਨਹੀਂ ਪਰ ਇਹ ਅੱਜ ਵੀ ਭਾਬੀ ਵਲੋਂ ਆਪਣੇਂ ਦਿਓਰ ਦੇ ਵਿਆਹ ਤੇ ਸੁਰਮਾ ਪਾਉਣ ਵੇਲੇ ਕੰਮ ਆ ਰਹੀ ਹੈ। ਜਿਸ ਨਾਲ ਇਹ ਹਮੇਸ਼ਾ ਪੰਜਾਬੀ ਸਭਿਆਚਾਰ, ਪਿਆਰ ਤੇ ਸ਼ਿੰਗਾਰ ਦੀ ਅਟੁੱਟ ਨਿਸ਼ਾਨੀ ਰਹੇਗੀ। ਇਹ ਸਾਨੂੰ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਅਤੇ ਲੋਕ-ਕਲਾਵਾਂ ਦੀ ਯਾਦ ਕਰਾਉਂਦੀ ਰਹੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj