(ਸਮਾਜ ਵੀਕਲੀ)
ਸਫਰ , ਸਕੂਨ ਤੇ ਮੁਹੱਬਤ ਭਾਲਦੀ ਐ ਰੂਹ ਕਦੇ ਕਦੇ ਬਸ
ਸਫਰ , ਸਕੂਨ ਤੇ ਮੁਹੱਬਤ ਭਾਲਦੀ ਐ ਰੂਹ ਕਦੇ ਕਦੇ ਬਸ
ਕਈ ਸਾਲਾਂ ਦੀ ਭੱਜ ਦੌੜ , ਝਮੇਲੇ , ਤਾਣੇ ਬਾਣੇ ਤੋ ਬਾਅਦ ਜੀਅ ਕਰਦੈ
ਕਿਤੇ ਗਾਇਬ ਹੋ ਕੇ ਚਾਰ ਦਿਨ ਲੁਕ ਕੇ ਕੱਟਾਂ , ਬਿਨਾਂ ਜਾਣ-ਪਛਾਣ ਜਾਂ ਕਿਸੇ ਨਾਉ ਥੇਹ ਤੋਂ
ਕੁਦਰਤ ਦੇ ਕਿਸੇ ਖੂੰਜੇ ਚ ਬਹਿ ਕੇ ਓਹਨੂੰ ਬਹੁਤ ਨੇੜਿਓ ਮਹਿਸੂਸ ਕਰਾਂ , ਓਹਦੇ ਨਾਲ ਓਹਦੀ ਉਸਤਤ ਦੇ ਗੀਤ ਗਾਵਾਂ
ਮੇਰੀਆਂ ਅੱਖਾਂ ਬੱਚਿਆਂ ਦੇ ਹਾਸੇ , ਖਿੜਦੇ ਫੁੱਲ , ਮਾਵਾਂ ਦੀਆਂ ਫਿਕਰਾਂ ਨਾਲ ਭਰੀਆਂ ਅੱਖਾਂ , ਮਿਹਨਤੀ ਮੁੰਡਿਆਂ ਦੇ ਸੁਫਨੇ , ਅੱਲੜਾਂ ਦੇ ਨੈਣਾਂ ਚ ਡੁੱਲਦਾ ਇਸ਼ਕ ਦੇਖਣਾ ਚਾਹੁੰਦੀਆਂ ਨੇ
ਮੈ ਵੀ ਠਹਾਕਾ ਮਾਰ ਕੇ ਹੱਸਣਾ ਚਾਹੁੰਦਾ ਹਾਂ , ਐਡਾ ਉੱਚੀ ਕਿ ਬ੍ਰਹਿਮੰਡ ਰੌਸ਼ਨ ਹੋ ਜਾਵੇ
ਸੋਹਣੀਆਂ ਰੁੱਤਾ , ਸੋਹਣੀਆਂ ਰਾਤਾਂ ਸਭ ਜਿਉਣ ਨੂੰ ਜੀਅ ਕਰਦੈ
ਲੰਮੀਆਂ ਲੰਮੀਆਂ ਕਵਿਤਾਵਾਂ ਲਿਖਾ , ਲੰਮੇ ਸਮੇਂ ਦਾ ਮੌਨ ਮਾਣ ਸਕਾਂ
ਪਰ……ਪਰ
ਫੇਰ ਮੈਨੂੰ ਕੁੱਲੀਆਂ ਦਿਖ ਪੈਂਦੀਆਂ ਨੇ
ਰੋਦੇ , ਕੁਰਲਾਉਦੇ ਭੁੱਖ ਨਾਲ ਤੜਫਦੇ ਜਵਾਕ ਨਜ਼ਰ ਆਉਦੇ ਨੇ
ਮੇਰੀ ਨਜ਼ਰ ਜਾ ਪੈਂਦੀ ਐ ਓਹਨਾਂ ਮਾਵਾਂ ਤੇ ਜਿੰਨਾ ਨੇ ਹਸਪਤਾਲਾਂ ਦੇ ਬਾਹਰ ਜਵਾਕ ਜੰਮ ਦਿੱਤੇ , ਓਹਨਾਂ ਨੂੰ ਬੈੱਡ ਨਾ ਜੁੜੇ
ਮੇਰੀਆਂ ਅੱਖਾਂ ਮਜਦੂਰਾਂ , ਕਿਸਾਨਾਂ ਦੇ ਮੋਢਿਆਂ ਤੇ ਜਾ ਟਿਕਦੀਆਂ ਨੇ ਜੋ ਕੁੱਬੇ ਹੋ ਚੁੱਕੇ ਨੇ ਤੇ ਓਹਨਾਂ ਨੂੰ ਅਖੀਰ ਢੋਈ ਸਮਸ਼ਾਨ ਘਾਟ ਪੁੱਜ ਕੇ ਮਿਲਣੀ ਐ
ਮੇਰੇ ਗੀਤ ਸੁਣਨ ਲਈ ਚੁੱਕੇ ਕੰਨਾਂ ਚ ਅਖੀਰ ਚੀਖਾਂ ਪੈਂਦੀਆਂ ਨੇ ਨਿਰਵਸਤਰ ਹੋਈਆਂ ਧੀਆਂ ਦੀਆਂ , ਜਿੰਨਾ ਦਾ ਅਖੀਰਲਾ ਕਸੂਰ ਐ ਕਿ ਓ ਇਸ ਭੈੜੇ ਸਮਾਜ ਚ ਕੁੜੀਆ ਬਣ ਕੇ ਜੰਮ ਪਈਆਂ
ਕੁਦਰਤ ਦੀ ਗੋਦ ਚ ਜਾਣ ਵਾਲੇ ਖਿਆਲ ਤੇ ਝੱਟ ਡਾਕਾ ਮਾਰ ਲੈਂਦੀ ਐ ਕਿਸੇ ਗੱਭਰੂ ਦੀ ਨਸ਼ੇ ਨਾਲ ਮਰ ਜਾਣ ਦੀ ਖਬਰ
ਹੋਰ ਕਤਲ , ਚੋਰੀਆਂ , ਠੱਗੀਆਂ , ਇਹ ਅੱਤ ਦਰਜੇ ਦੀ ਕੁਰਲਾਹਟ ਮੇਰੀ ਸ਼ਾਤੀ ਖਾ ਜਾਂਦੀ ਐ ਤੇ ਮੈ ਫੇਰ ਵਾਪਸ ਮੁੜ ਜਾਂਦਾ ਆ ਇਸ ਗੰਦਗੀ ਵੱਲ
ਤੇ ਫੇਰ ਆਪਣੀ ਪੂਰੀ ਵਾਹ ਲਾ ਕੇ ਵੱਖੋ ਵੱਖਰੇ ਢੰਗ ਤਰੀਕਿਆਂ ਨਾਲ ਜਿਆਦਾ ਤੋ ਜਿਆਦਾ ਕੋਸ਼ਿਸ਼ ਕਰਦਾ ਗੰਦਗੀ ਸਾਫ ਕਰਨ ਦੀ
ਚਾਹੇ ਕਿ ਕਦੇ ਕਦੇ ਮੈਨੂੰ ਮੇਰਾ ਮੂੰਹ ਸਿਰ ਗਾਰੇ ਨਾਲ ਲਿਬੜਿਆ ਮਹਿਸੂਸ ਹੁੰਦੈ , ਪਰ ਮੈਨੂੰ ਇਹਦਾ ਚੇਤਾ ਭੁੱਲ ਜਾਂਦੈ ਜਦੋ ਮੈਨੂੰ ਯਾਦ ਆਉਦੈ ਕਿ ਬਹੁਤਿਆਂ ਦੇ ਗਲ ਤੱਕ ਆ ਪਹੁੰਚਿਐ ਇਹ ਗਾਰਾ ਤੇ ਛੇਤੀ ਸਾਹ ਰੋਕ ਦੇਵੇਗਾ
ਮੈਨੂੰ ਪਤੈ ਕਿ ਮੈ ਜਿਆਦਾ ਨਹੀ ਸੰਵਾਰ ਸਕਾਂਗਾ , ਪਰ ਮੈ “ਜਿਆਦਾ ਨਾ ਹੋ ਸਕਣ” ਨੂੰ ਬਹਾਨਾ ਬਣਾ ਕੇ “ਜੋ ਹੋ ਸਕੇਗਾ” ਦੇ ਸੰਕਲਪ ਤੋ ਮੂੰਹ ਨਹੀ ਮੋੜਾਂਗਾ
ਮੈ ਹਰ ਹਾਲ ਕੋਸ਼ਿਸ਼ ਕਰਾਂਗਾ ਕਿ ਚੀਖਾਂ ਸ਼ਾਤ ਹੋਣ , ਕੁਦਰਤੀ ਤਾਣੇ ਬਾਣੇ ਤੇ ਪਈ ਘਟੀਆ ਮਨੁੱਖਤਾ ਦੇ ਘਟੀਆਂ ਇਰਾਦਿਆਂ ਦੀ ਪੱਲੀ ਹਟ ਜਾਵੇ
ਤੇ ਸਾਰੇ ਠਹਾਕੇ ਮਾਰ ਸਕਣ
ਕਵਿਤਾਵਾਂ ਲਿਖ ਸਕਣ
ਖੁਸ਼ੀਆਂ ਦੇ ਲੋਕ ਗੀਤ ਗਾ ਸਕਣ
ਇੱਕ ਦੂਜੇ ਦੀਆਂ ਨਜ਼ਰਾਂ ਚੋ ਸਵਾਰਥ ਛੱਡ ਕੇ ਮੁਹੱਬਤ ਦੇਖ ਸਕਣ
ਲੁਕਾਈ ਸੁਖ ਦਾ ਸਾਹ ਭਰ ਸਕੇ
ਮੈ ਇਸਦੇ ਲਈ ਹਰ ਸੰਭਵ ਕੋਸ਼ਿਸ਼ ਕਰਦਾ ਰਹਾਂਗਾ ..
ਜੋਰਾ ਸਿੰਘ ਬਨੂੰੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly