(ਸਮਾਜ ਵੀਕਲੀ)
ਮੇਰੇ ਸਾਹਿਤਕ ਉਸਤਾਦ ਸਨ ਪੰਡਿਤ ਵਿਸ਼ਨੂੰ ਕਾਲੀਆ ਜੀ | ਪਤਲਾ-ਦੁਬਲਾ ਲੰਬੇ ਕਦ-ਕਾਠ ਦਾ ਸ਼ਰੀਰ | ਗੋਰਾ ਰੰਗ | ਬਿੱਲੀਆਂ ਅੱਖਾਂ | ਤੀਰ-ਕਮਾਨੀ ਭਵਾਂ | ਫੁਰਤੀਲੀ ਚਾਲ | ਚੁਸਤ ਬੋਲਚਾਲ | ਹਿੰਦੀ, ਪੰਜਾਬੀ, ਉਰਦੂ, ਫਾਰਸੀ, ਤੇ ਅੰਗਰੇਜ਼ੀ ਦੇ ਵਿਦਵਾਨ ਸਾਹਿਤਕਾਰ | ਉਰਦੂ, ਹਿੰਦੀ, ਪੰਜਾਬੀ ਦੇ ਨਾਮਵਰ ਸ਼ਾਇਰ |
ਅਮੂਮਨ ਕੁੜਤੇ-ਪਜਾਮੇ ਦੇ ਨਾਲ ਕਸ਼ਮੀਰੀ ਟੋਪੀ ਪਹਿਨਦੇ ਤੇ ਵਿਸ਼ੇਸ ਸਮਾਗਮਾਂ ਵਿਚ ਚੂੜੀਦਾਰ ਪਜਾਮਾਂ, ਕੁੜਤਾ, ਉਪਰੋਂ ਦੀ ਜਚਵੀਂ ਅਚਕਨ, ਜਿਸਦੇ ਅੰਦਰ-ਬਾਹਰ ਜੇਬਾਂ ਹੁੰਦੀਆਂ | ਸਿਰ ਉਪਰ ਸਫੇਦ ਮਾਇਆਦਾਰ ਤੁਰਲੇ ਵਾਲੀ ਪਗੜੀ | ਸਿਰ ਦੇ ਵਿਚਕਾਰ ਕੁੱਲਾ ਰੱਖ ਕੇ ਪਗੜੀ ਬੰਨਦੇ | ਪਗੜੀ ਦੇ ਉਪਰ ਲਿਫਾਫੇਦਾਰ ਤੁਰਲਾ ਅਤੇ ਪਗੜੀ ਦੇ ਪਿਛਲੇ ਪਾਸੇ ਲੰਬਾ ‘ਲੜ’ ਛੱਡਦੇ ਸੀ | ਪੈਰਾਂ ਵਿਚ ਕਾਲੇ ਰੰਗ ਦਾ ਜਲਸਾ (ਪੰਜਾਬੀ ਜੁੱਤੀ) ਪਹਿਣਦੇ | ਇਕ ਰੋਅਬਦਾਰ ਸ਼ਖ਼ਸੀਅਤ ਦੇ ਮਾਲਿਕ | ਹਲੀਮੀ ਤੇ ਕੁੜੱਤਣ ਦਾ ਸੁਮੇਲ |
ਜਦੋਂ ਮੈਂ ਉਨ੍ਹਾਂ ਨੂੰ ਆਪਣਾ ਉਸਤਾਦ ਧਾਰਿਆ ਤਾਂ ਉਨ੍ਹਾਂ ਨੇ ਆਪਣੇ ਘਰ ਵਿਚ ਇਕ ਛੋਟੀ ਜਿਹੀ ਸਾਹਿਤਕ ਮਿਲਣੀ ਬੁਲਾਈ, ਜਿਸ ਵਿਚ ਸ਼ਹਿਰ ਦੇ ਨਾਮਵਰ ਸ਼ਾਇਰ ਬੁਲਾਏ | ਉਸ ਸਮੇਂ ਮੈਂ ਉਸਤਾਦ ਜੀ ਨੂੰ ਇਕ ਪਗੜੀ, ਗੁੜ ਦੀ ਪੇਸੀ ਅਤੇ ਇਕ ਰੁਪਿਆ ਨਤਮਸਤਕ ਹੋ ਕੇ ਭੇਟ ਕੀਤਾ |
ਮੈਨੂੰ ਗ਼ਜ਼ਲ ਦੀ ਬੁਨਿਆਦੀ ਤਕਨੀਕ, ਬਹਿਰ, ਵਜ਼ਨ, ਪ੍ਰਤੀਕ-ਬਿੰਬ ਆਦਿ ਦੀ ਕੋਈ ਜਾਣਕਾਰੀ ਨਹੀਂ ਸੀ | ਵੈਸੇ ਮੈਂ ਉਸਤਾਦ ਜੀ ਦਾ ਨਾਂਅ ਅਖ਼ਬਾਰਾਂ ਵਿਚ ਪੜ੍ਹਦਾ ਹੁੰਦਾ ਸੀ |
ਇਕ ਦਿਨ ਮੈਂ ਉਸਤਾਦ ਜੀ ਦੇ ਘਰ ਚਲਾ ਗਿਆ | ਸਾਡੇ ਘਰ ਤੋਂ ਉਨ੍ਹਾਂ ਦੇ ਘਰ ਦਾ ਫਾਸਲਾ ਲਗਭਗ 5 ਕੁ ਮਿੰਟ ਦਾ ਹੋਵੇਗਾ | ਸਿਰਫ ਇਕ ਸੜਕ ਪਾਰ ਕਰਕੇ ਦੂਸਰੀ ਗਲੀ ਵਿਚ ਉਨ੍ਹਾਂ ਦਾ ਘਰ ਸੀ | ਉਨ੍ਹਾਂ ਦਾ ਸਾਧਾਰਣ ਘਰ ਸੀ | ਪਰ ਇੰਨਾ ਜ਼ਿਆਦਾ ਸਾਫ਼-ਸੁਥਰਾ ਕਿ ਸਫ਼ਾਈ ਵਜੋਂ ਇਕ ਮੰਦਿਰ ਦੀ ਤਰ੍ਹਾਂ ਪ੍ਰਤੀਤ ਹੁੰਦਾ, ਜਿਵੇਂ ਕੋਈ ਪ੍ਰਾਚੀਨ ਮੰਦਿਰ ਹੋਵੇ |
ਉਨ੍ਹਾਂ ਦਾ ਘਰ ਗਲੀ ਦੇ ਖੱਬੇ ਪਾਸੇ ਸੀ | ਘਰ ਦੇ ਬਾਹਰ ਦੇ ਪਲੜਿਆਂ ਵਾਲੇ ਦਰਵਾਜ਼ੇ ਦੇ ਸੱਜੇ-ਖੱਬੇ ਛੋਟੇ-ਛੋਟੇ ਦੋ ਕਮਰੇ | ਵਿਚਕਾਰ ਗਲੀਨੁਮਾ ਰਸਤਾ ਦੇ ਅੱਗੇ ਛੋਟਾ ਜਿਹਾ ਵਿਹੜਾ | ਵਿਹੜੇ ਦੇ ਨਾਲ ਪਿੱਛੇ ਦੋ ਕਮਰੇ | ਵਿਹੜੇ ਦੇ ਸੱਜੇ ਪਾਸੇ ਛੋਟੀ ਜਿਹੀ ਰਸੋਈ | ਰਸੋਈ ਦੇ ਨਾਲ ਨਲਕਾ ਤੇ ਨਾਲ ਗੁਸਲਖਾਨਾ | ਖੱਬੇ ਪਾਸੇ ਛੋਟਾ ਜਿਹਾ ਸਟੋਰ | ਬਸ ਏਨਾ ਕੁ ਘਰ ਸੀ ਉਸਤਾਦ ਜੀ ਦਾ | ਛੱਤਾਂ ਛਤੀਰੀਆਂ ਤੇ ਬਾਲਿਆਂ ਦੀਆਂ | ਕੁਲ ਮਿਲਾ ਕੇ ਛੋਟੇ ਜਿਹੇ ਚਾਰ ਕੁ ਮਰਲਿਆਂ ਦਾ ਘਰ | ਵਿਹੜੇ ਵਿਚ ਲੱਕੜ ਦਾ ਸਾਧਾਰਣ ਤਖ਼ਤਪੋਸ਼, ਜਿਸ ਉਪਰ ਇਕ ਸਾਫ਼-ਸੁਥਰੀ ਦਰੀ (ਚਟਾਈ) ਵਿਛੀ ਹੋਈ ਹੁੰਦੀ ਸੀ | ਤਖਤਪੋਸ਼ ਦੇ ਵਿਚਕਾਰ ਸੈਂਚੀ ਉਪਰ ਗੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਲੋਕਾਂ ਦੀ ਪੋਥੀ ਦਾ ਪ੍ਰਕਾਸ਼ ਮੌਕੇ-ਮੌਕੇ ਮੁਤਾਬਿਕ ਹੁੰਦਾ ਰਹਿੰਦਾ | ਇਹ ਧਾਰਮਿਕ ਪਵਿੱਤਰ ਕਾਰਜ ਉਨ੍ਹਾਂ ਦੀ ਪਤਨੀ ਵਲੋਂ ਹੁੰਦਾ ਸੀ |
ਉਸਤਾਦ ਜੀ ਦੀ ਪਤਨੀ ਧਾਰਮਿਕ ਖਿਆਲਾਂ ਦੀ ਅਤੇ ਸ਼ਹਿਰ ਦੇ ਸਭ ਤੋਂ ਅਮੀਰ ਮਹੰਤਾਂ ਦੀ ਧੀ ਸੀ | ਉਨ੍ਹਾਂ ਦੀ ਸਫੇਦ ਸਾੜੀ, ਦੁੱਧ ਚਿੱਟੇ ਵਾਲ | ਗੋਰਾ ਚਿੱਟਾ ਰੰਗ | ਦਰਮਿਆਨਾਂ ਕੱਦ | ਹਸੂੰ-ਹਸੰੂ ਕਰਦਾ ਚਿਹਰਾ | ਹਲੀਮੀ ਅਤੇ ਖ਼ੂਸ਼ਬੂਦਾਰ ਸ਼ਬਦਾਂ ਦਾ ਉਚਾਰਣ | ਸਾਰੇ ਮੁਹੱਲੇ ਵਾਲੇ ਉਨ੍ਹਾਂ ਦਾ ਦਿਲੋਂ ਆਦਰ-ਸਤਿਕਾਰ ਕਰਦੇ | ਸਭ ਧਰਮਾਂ ਬਾਰੇ ਉਨ੍ਹਾਂ ਨੂੰ ਗਿਆਨ ਸੀ | ਖ਼ਾਸ ਕਰਕੇ ਹਿੰਦੂ ਅਤੇ ਸਿੱਖ ਧਰਮ ਦੇ ਕਿਸੇ ਵੀ ਵਿਸ਼ੇ ਉਪਰ ਉਹ ਲਗਾਤਾਰ ਬੋਲ ਸਕਦੇ ਸੀ | ਗੁਰੂਆਂ, ਰਿਸ਼ੀਆਂ-ਮੁਨੀਆਂ ਦੀਆਂ ਉਨ੍ਹਾਂ ਨੂੰ ਕਈ ਕਥਾਵਾਂ, ਸਲੋਕ, ਕਵਿਤਾਵਾਂ, ਦੰਦ-ਕਥਾਵਾਂ, ਜ਼ੁਬਾਨੀ ਯਾਦ ਸਨ |
ਉਸਤਾਦ ਜੀ ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਦੇ ਲਗਭਗ ਹਰ ਇਕ ਵਿਸ਼ੇ ਉਪਰ ਲਿਖਣ ਵਿਚ ਮੁਹਾਰਤ ਰਖਦੇ ਸੀ | ਉਨ੍ਹਾਂ ਤਿੰਨਾਂ ਭਾਸ਼ਾਵਾਂ ਵਿਚ ਪਦ ਤੇ ਗਦ ਦੀਆਂ ਕਈ ਪੁਸਤਕਾਂ ਲਿਖੀਆਂ | ਉਸਤਾਦ ਜੀ ਰਾਜ ਪੱਧਰ ‘ਤੇ ਭਾਸ਼ਾ ਵਿਭਾਗ ਤੋਂ ਸਾਹਿਤਕ ਪੈਨਸ਼ਨ ਵੀ ਲੈਂਦੇ ਸਨ |
ਮੈਂ ਉਨ੍ਹਾਂ ਕੋਲੋਂ ਲਗਭਗ ਛੇ ਸਾਲ ਦੇ ਕਰੀਬ ਸਾਹਿਤਕ ਸਲਾਹ-ਮਸ਼ਵਰਾ ਲਿਆ | ਸਾਹਿਤ ਦੀਆਂ ਬਾਰੀਕੀਆਂ ਬਾਰੇ ਗਿਆਨ ਲਿਆ | ਉਨ੍ਹਾਂ ਤੋਂ ਮੈਂ ਨਿੱਜੀ ਤੇ ਬਾਹਰੀ ਜ਼ਿੰਦਗੀ ਬਾਰੇ ਬਹੁਤ ਕੁਝ ਸਿੱਖਿਆ | ਉਨ੍ਹਾਂ ਤੋਂ ਇਕ ਪਿਤਾ ਦਾ ਅਤੇ ਇਕ ਸੱਚੇ ਦੋਸਤ ਵਰਗਾ ਪਿਆਰ ਹਾਸਿਲ ਕੀਤਾ |
ਉਹ ਹਲੀਮੀ ਵਿਚ ਰਹਿਣ ਵਾਲੇ ਇਕ ਗੁੱਸੇ ਭਰੇ ਮਿਜਾਜ਼ ਦੇ ਵਿਅਕਤੀ ਸਨ | ਸਦਾ ਸੱਚ ਵਿਚ ਹਲੀਮੀ ਅਤੇ ਜੇ ਕੋਈ ਝੂਠ ਬੋਲੇ ਤਾਂ ਗੁੱਸੇ ਵਿਚ ਆ ਜਾਂਦੇ ਸੀ | ਨਸ਼ਿਆਂ ਦੇ ਬਹੁਤ ਖ਼ਿਲਾਫ਼ ਸਨ | ਮੁਕੰਮਲ ਸ਼ਾਕਾਹਾਰੀ ਸਨ | ਮੈਂ ਉਨ੍ਹਾਂ ਤੋਂ ਇਕ ਚੰਗੇ ਇਨਸਾਨ ਵਾਲੇ ਬਹੁਤ ਸਾਰੇ ਗੁਣ ਹਾਸਿਲ ਕੀਤੇ | ਉਹ ਆਪਣੀ ਈਮਾਨਦਾਰੀ, ਅਨੁਸ਼ਾਸਨ, ਸੱਚੇ ਦੇਸ਼ ਭਗਤ ਵਾਲੀਆਂ ਅਨੇਕਾਂ ਹੀ ਹੱਡ ਬੀਤੀਆਂ ਸੱਚੀਆਂ ਕਹਾਣੀਆਂ ਸੁਣਾਂਦੇ | ਉਸਤਾਦ ਜੀ ਅੜੀਅਲ ਤੇ ਕੱਬੇ ਸੁਭਾਅ ਦੇ ਵਿਅਕਤੀ ਸਨ ਪਰ ਦਿਲ ਦੇ ਕੋਰੇ ਰੂਹ ਦੇ ਸੱਚੇ ਸੀ |
ਉਨ੍ਹਾਂ ਦੇ ਬਹੁਤ ਸਾਰੇ ਸ਼ਗਿਰਦ ਅੱਧ ਵਿਚਾਲੇ ਇਸ ਕਰਕੇ ਦੌੜ ਗਏ ਕਿ ਉਹ ਮੂੰਹ ਫੱਟ ਅਤੇ ਅਜ਼ਮਾਇਸ਼ ਕਰਨ ਵਾਲੇ ਵਿਅਕਤੀ ਸਨ | ਬੰਦੇ ਦੀ ਪਰਖ ਦੂਰ ਤੱਕ ਕਰਦੇ ਸਨ, ਫਿਰ ਉਸਨੂੰ ਸ਼ਗਿਰਦ ਬਣਾਉਂਦੇ ਸਨ | ਕੀ ਉਸ ਵਿਚ ਕਵਿਤਾ ਦਾ, ਸਾਹਿਤ ਦਾ ਸੇਕ ਹੈ ਤਾਂ ਹੀ ਉਸ ਨੂੰ ਸ਼ਗਿਰਦ ਬਣਾਉਂਦੇ | ਮੈਂ ਅਤੇ ਇਕ ਹੋਰ ਸ਼ਗਿਰਦ ਹੀ ਉਨ੍ਹਾਂ ਦੇ ਅੰਤਿਮ ਸਮੇਂ ਤੱਕ ਨਾਲ ਰਹੇ | ਬਾਕੀ ਸਭ ਉਨ੍ਹਾਂ ਦੇ ਕੌੜੇ, ਸੱਚੇ ਸੁਭਾਅ ਤੋਂ ਪਰੇਸ਼ਾਨ ਹੋ ਕੇ ਦੌੜ ਗਏ | ਸੱਚੇ ਤੇ ਈਮਾਨਦਾਰ ਬੰਦੇ ਨਾਲ ਉਨ੍ਹਾਂ ਦੀ ਬਹੁਤ ਬਣਦੀ ਸੀ | ਉਨ੍ਹਾਂ ਬੰਦਿਆਂ ਉਪਰ ਉਹ ਜਾਨ ਨੌਛਾਵਰ ਕਰ ਦਿੰਦੇ ਸੀ |
ਸੀ.ਆਈ.ਡੀ. ਮਹਿਕਮੇ ਦੀ ਨੌਕਰੀ ਦੇ ਦੌਰਾਨ ਉਹ ਈਮਾਨਦਾਰੀ ਕਰਕੇ ਕਈ ਵਾਰ ਸਸਪੈਂਡ ਹੋਏ | ਉਨ੍ਹਾਂ ਮੈਨੂੰ ਦੱਸਿਆ ਕਿ ਇਕ ਵਾਰੀ ਉਹ ਇਕ ਸ਼ਹਿਰ ਦੇ ਸਿਟੀ ਪੁਲਿਸ ਇੰਚਾਰਜ ਸਨ ਤਾਂ ਇਕ ਐਸ.ਐਸ.ਪੀ. ਨੇ ਉਨ੍ਹਾਂ ਨੂੰ ਕਿਹਾ ਕਿ ਮੇਰੇ ਬੱਚਿਆਂ ਨੂੰ ਸਵੇਰੇ ਸ਼ਾਮ ਸਕੂਲ ਆਉਣ ਜਾਣ ਲਈ ਕੋਈ ਇੰਤਜ਼ਾਮ ਕਰਨ ਅਤੇ ਘਰ ਦੀਆਂ ਜ਼ਰੂਰੀ ਚੀਜ਼ਾਂ ਵੀ ਪਹੁੰਚਾਈਆਂ ਜਾਣ | ਤਦ ਉਸਤਾਦ ਜੀ ਨੇ ਉਸ ਐਸ.ਐਸ.ਪੀ. ਨੂੰ ਇੰਝ ਕਰਨ ਤੋਂ ਸਾਫ ਨਾਂਹ ਕਰ ਦਿੱਤੀ, ਜਿਸ ਦੇ ਬਦਲੇ ਉਸਤਾਦ ਜੀ ਉਪਰ ਐਸ.ਐਸ.ਪੀ. ਨੇ ਇਕ ਝੂਠਾ ਕੇਸ ਪੁਆ ਕੇ, ਕੈਦ ਵੀ ਕਰਵਾਈ ਪਰ ਕੁਝ ਸਾਲਾਂ ਬਾਅਦ ਉਹ ਬਰੀ ਹੋ ਗਏ ਪਰ ਐਸ.ਐਸ.ਪੀ. ਦੀ ਗੁਲਾਮੀ ਅੱਗੇ ਝੁਕੇ ਨਹੀਂ |
ਉਸਤਾਦ ਜੀ ਨੇ ਦੱਸਿਆ ਕਿ ਇਕ ਵਾਰੀ ਜਦੋਂ ਉਹ ਸੀ.ਆਈ.ਡੀ. ਵਿਚ ਅਫ਼ਸਰ ਸਨ ਤਾਂ ਓਦੋਂ ਨਵਾਂ ਨਵਾਂ ਭਾਰਤ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਕਾਮਰੇਡ ਤੇਜਾ ਸਿੰਘ ਸੁਤੰਤਰ ਜੀ ਦਾ ਛੋਟਾ ਭਰਾ ਮੇਦਨ ਸਿੰਘ ਮੇਦਨ ਜੋ ਇਕ ਵਧੀਆ ਸਾਹਿਤਕਾਰ, ਨਾਟਕਕਾਰ, ਅਭਿਨੈਕਾਰ, ਪੇਂਟਰ, ਡਿ੍ਫਟ ਵੁਡੱਜ, ਪਿੱਪਲ ਦੇ ਪੱਤਿਆਂ ਉਪਰ ਚਿੱਤਰਕਾਰੀ ਕਰਨ ਵਾਲਾ ਪਰਪੱਕ ਕਲਾਕਾਰ ਅਤੇ ਸਵਤੰਤਰਤਾ ਸੰਗਰਾਮੀ ਸੀ |
ਮੇਦਨ ਸਿੰਘ ਮੇਦਨ ਉਸਤਾਦ ਜੀ ਦਾ ਪੱਕਾ ਦੋਸਤ ਸੀ | ਮੇਦਨ ਸਿੰਘ ਨੇ ਕ੍ਰਾਂਤੀਕਾਰੀ, ਸਮਾਜ ਸੁਧਾਰਕ ਵਿਸ਼ਿਆਂ ਉਪਰ ਕਈ ਪਦ-ਗਦ ਰਚਨਾਵਾਂ ਲਿਖੀਆਂ | ਕਈ ਪੁਸਤਕਾਂ ਸਾਹਿਤ ਦੀ ਝੋਲੀ ਵਿਚ ਪਾਈਆਂ | ਮੇਦਨ ਸਿੰਘ ਮੇਦਨ ਮਸ਼ਹੂਰ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਆ ਸਨ | ਉਹ ਦੋ ਉਮਰ ਕੈਦਾਂ ਦੀ ਸਜ਼ਾ ਭੁਗਤ ਚੁੱਕੇ ਸਨ | ਉਨ੍ਹਾਂ ਜੇਲ੍ਹ ਵਿਚ ਬਹੁਤ ਸੁਧਾਰ ਕੀਤੇ | ਜੇਲ੍ਹਾਂ ਵਿਚ ਸੁਧਾਰਵਾਦੀ, ਮਾਨਵਤਾਵਾਦੀ ਕਈ ਨਾਟਕ ਖੇਡੇ | ਉਹ ਪਰਪੱਕ ਕਲਾਕਾਰ, ਨਾਟਕ ਅਤੇ , ਰੰਗ ਮੰਚ ਦੇ ਸੂਤਰਧਾਰ ਸਨ | ਉਨ੍ਹਾਂ ਜੇਲ੍ਹ ਵਿਚ ਰਹਿ ਕੇ ਇਕ ਫ਼ਿਲਮ ਵੀ ਬਣਾਈ, ਜਿਸ ਵਿਚ ਉਹ ਖੁਦ ਹੀਰੋ ਦੇ ਰੋਲ ਵਿਚ ਸਨ | ਪਰਦੇ ਵਾਲੀ ਇਹ ਫ਼ਿਲਮ ਅੱਜ ਵੀ ਉਨ੍ਹਾਂ ਦੇ ਪਰਿਵਾਰ ਕੋਲ ਮੌਜੂਦ ਹੈ | ਮੇਦਨ ਸਿੰਘ ਮੇਦਨ ਗੋਰੇ ਚਿੱਟੇ, ਉਚੇ ਕੱਦਕਾਠ ਦੇ, ਆਕਰਸ਼ਕ ਸ਼ਖ਼ਸੀਅਤ ਦੇ ਮਾਲਿਕ ਸਨ |
ਉਸਤਾਦ ਜੀ ਨੇ ਦੱਸਿਆ ਕਿ ਮਹਿਕਮੇ ਵਲੋਂ ਇਕ ਵੇਰ ਉਨ੍ਹਾਂ ਦੀ ਡਿਊਟੀ ਲਗਾਈ ਗਈ ਕਿ ਭਗੌੜੇ ਮੇਦਨ ਸਿੰਘ ਮੇਦਨ ਨੂੰ ਜ਼ਿੰਦਾ ਫੜਿਆ ਜਾਵੇ ਕਿਉਂਕਿ ਮੇਦਨ ਸਿੰਘ ਮੇਦਨ ਉਪਰ ਦੇਸ਼ ਧ੍ਰੋਹ ਦੇ ਅੰਗਰੇਜ਼ਾਂ ਵਲੋਂ ਕਈ ਝੂਠੇ-ਸੱਚੇ ਕੇਸ ਪਾਏ ਹੋਏ ਸਨ | ਮਹਿਕਮੇ ਨੂੰ ਨਹੀਂ ਸੀ ਪਤਾ ਕਿ ਉਸਤਾਦ (ਪੰਡਿਤ ਵਿਸ਼ਨੂ ਕਾਲੀਆ) ਅਤੇ ਸਰਦਾਰ ਮੇਦਨ ਸਿੰਘ ਮੇਦਨ ਦੀ ਗਹਿਰੀ ਸਾਹਿਤਕ ਅਤੇ ਨਿੱਜੀ ਦੋਸਤੀ ਹੈ |
ਰਾਤ ਦੇ ਵਕਤ ਉਸਤਾਦ ਜੀ ਮੇਦਨ ਸਿੰਘ ਮੇਦਨ ਜੀ ਦੇ ਪਿੰਡ ਗਏ ਤਾਂ ਉਨ੍ਹਾਂ ਨੂੰ ਕਹਿਣ ਲੱਗੇ ਕਿ ਮੇਰੀ ਸਰਕਾਰੀ ਤੌਰ ‘ਤੇ ਤੈਨੂੰ ਜ਼ਿੰਦਾ ਗਿ੍ਫਤਾਰ ਕਰਨ ਦੀ ਡਿਊਟੀ ਲਗੀ ਹੈ | ਕਈ ਹੋਰ ਮੁਲਾਜ਼ਿਮ ਵੀ ਤੇਰੀ ਭਾਲ ਵਿਚ ਹਨ | ਤੂੰ ਇਸ ਤਰ੍ਹਾਂ ਕਰ ਤੂੰ ਮੇਰੇ ਹੀ ਘਰ ਆ ਜਾ ਕਿਉਂਕਿ ਸਰਕਾਰ ਨੇ ਤੇਨੂੰ ਫੜਣ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਹਨ, ਜੋ ਤੇਰੇ ਟਿਕਾਣਿਆਂ ਉਪਰ, ਰਿਸ਼ਤੇਦਾਰਾਂ ਦੇ ਘਰਾਂ ਵਿਚ, ਦੋਸਤਾਂ ਦੇ ਘਰਾਂ ਵਿਚ ਤੈਨੂੰ ਫੜਣ ਲਈ ਛਾਪੇ ਮਾਰਨਗੇ |
ਤੂੰ ਮੇਰੇ ਘਰ ਆ ਜਾ ਕਿਉਂਕਿ ਸਰਕਾਰ ਨੇ ਇਕ ਮਹੀਨੇ ਦਾ ਸਮਾਂ ਦਿੱਤਾ ਹੈ | ਫਿਰ ਤੜਕ ਸਾਰ ਮੇਦਨ ਸਿੰਘ ਭੇਸ ਬਦਲ ਕੇ ਉਸਤਾਦ ਜੀ ਘਰ ਆ ਗਏ | ਇਕ ਮਹੀਨਾ ਉਨ੍ਹਾਂ ਦੇ ਘਰ ਵਿਚ ਹੀ ਰਹੇ | ਉਥੇ ਹੀ ਖ਼ਾਣ-ਪੀਣ ਸੌਣ ਆਦਿ ਦਾ ਇੰਤਜ਼ਾਮ ਕੀਤਾ ਹੋਇਆ ਸੀ | ਕਿਸੇ ਨੂੰ ਭਿਣਕ ਤੱਕ ਨਾ ਲੱਗੀ ਕਿ ਮੇਦਨ ਸਿੰਘ ਮੇਦਨ ਕਿੱਥੇ ਹੈ |
ਉਸਤਾਦ ਜੀ ਆਪਣੀ ਸਰਕਾਰੀ ਡਿਊਟੀ ਦੇ ਮੁਤਾਬਿਕ ਮੇਦਨ ਜੀ ਨੂੰ ਲੱਭਣ ਲਈ ਬਾਹਰ ਚਲੇ ਜਾਂਦੇ ਅਤੇ ਰਾਤ ਨੂੰ ਘਰ ਆਉਂਦੇ | ਕਦੀ-ਕਦੀ ਉਹ ਹਫ਼ਤਾ-ਹਫ਼ਤਾ ਘਰ ਹੀ ਨਾ ਆਉਂਦੇ |
ਪੁਲਿਸ ਦੀਆਂ ਟੁਕੜੀਆਂ ਨਾਲ ਮੇਦਨ ਜੀ ਨੂੰ ਲੱਭਣ ਦੀ ਕੋਸ਼ਿਸ ਕਰਦੇ ਰਹਿੰਦੇ | ਮੇਦਨ ਜੀ ਦਾ ਕੋਈ ਟਿਕਾਣਾ ਨਾ ਛੱਡਦੇ |
ਪੁਲਿਸ ਅਤੇ ਸੀ.ਆਈ.ਡੀ. ਨੇ ਮੇਦਨ ਜੀ ਦਾ ਕੋਈ ਟਿਕਾਣਾ ਨਾ ਛੱਡਿਆ ਪਰ ਮੇਦਨ ਜੀ ਕਿੱਥੋਂ ਲੱਭਦੇ?
ਇਸ ਤਰ੍ਹਾਂ ਇਕ ਮਹੀਨਾ ਬੀਤ ਗਿਆ | ਮੇਦਨ ਜੀ ਦਾ ਕੋਈ ਪਤਾ ਨਾ ਲਗਾ | ਉਸਤਾਦ ਜੀ ਨੇ ਮਹਿਕਮੇ ਨੂੰ ਲਿਖ ਕੇ ਭੇਜ ਦਿੱਤਾ ਕਿ ਮੇਦਨ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗਿਆ |
ਉਸਤਾਦ ਜੀ ਨੇ ਇਕ ਮਹੀਨਾ ਆਪਣੇ ਘਰ ਵਿਚ ਰੱਖਿਆ ਅਤੇ ਆਪ ਖੁਦ ਉਨ੍ਹਾਂ ਨੂੰ ਲੱਭਣ ਲਈ ਕਈ-ਕਈ ਦਿਨ ਡਿਊਟੀ ‘ਤੇ ਬਾਹਰ ਰਹਿੰਦੇ | ਇਹ ਸਨ ਉਸ ਸਮੇਂ ਜਾਤ-ਪਾਤ ਰਹਿਤ ਸ਼ੁੱਧ ਭਾਰਤੀ ਯਾਰਾਨੇ |
ਇਕ ਦਿਨ ਮੈਂ ਸ਼ਾਮ ਢਲੇ ਦੇ ਸਮੇਂ ਉਸਤਾਦ ਜੀ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਤੇ ਕਹਿਣ ਲੱਗੇ, ”ਯਾਰ, ਬਾਲਮ ਤੇਰੀ ਆਂਟੀ (ਉਸਤਾਦ ਜੀ ਦੀ ਪਤਨੀ) ਦੋ ਤਿੰਨ ਦਿਨਾਂ ਤੋਂ ਬਹੁਤ ਸਖਤ ਬਿਮਾਰ ਹੈ | ਬੜਾ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪੈ ਰਿਹਾ | ਚੰਗੇ ਚੰਗੇ ਡਾਕਟਰਾਂ ਨੂੰ ਵੀ ਵਿਖਾਇਆ ਹੈ | ਬਿਮਾਰੀ ਦਾ ਪਤਾ ਨਹੀਂ ਲਗ ਰਿਹਾ |
ਪਰ ਕੁਝ ਦਿਨਾਂ ਬਾਅਦ ਹੀ ਮਾਤਾ ਜੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ | ਮਾਤਾ ਜੀ ਦੀ ਉਮਰ ਲਗਭਗ 75 ਸਾਲਾਂ ਦੇ ਕਰੀਬ ਹੋਵੇਗੀ |
ਮੈਨੂੰ ਉਸਤਾਦ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਨਾਲ ‘ਲਵ ਮੈਰਿਜ਼’ ਕੀਤੀ ਸੀ | ਬਹੁਤ ਵੱਡੇ ਅਮੀਰ ਘਰ ਦੀ ਧੀ ਸੀ ਅਤੇ ਉਸਤਾਦ ਦੀ ਮਾਮੂਲੀ ਪੁਲਿਸ ਮੁਲਾਜ਼ਿਮ | ਘਰੋਂ ਦੌੜ ਕੇ ਉਨ੍ਹਾਂ ਦੀ ਪਤਨੀ ਨੇ ਗੁਪਤ ਜਬਰਦਸਤੀ ਸ਼ਾਦੀ ਕੀਤੀ ਸੀ | ਜਿੰਨੀ ਉਸਤਾਦ ਜੀ ਦੀ ਤਨਖ਼ਾਹ ਸੀ ਓਨੇ ਪੈਸ਼ਿਆਂ ਦੇ ਤਾਂ ਮਾਤਾ (ਜਦੋਂ ਕੁਵਾਰੇ ਸਨ) ਕਪੜੇ ਹੀ ਪਾ ਲੈਂਦੇ ਸਨ | ਖੈਰ ਉਹ ਕਹਾਣੀ ਬਹੁਤ ਲੰਬੀ ਫਿਰ ਕਦੀ ਸਹੀ |
ਉਸਤਾਦ ਜੀ ਦੇ ਦੋ ਲੜਕੇ ਸਨ, ਇਕ ਬੈਂਕ ਮੈਨੇਜਰ ਅਤੇ ਦੂਸਰਾ ਇੰਟੈਲੀਜੈਂਸ ਬਿਓਰੋ ‘ਚ ਉਚ ਮੁਲਾਜ਼ਿਮ ਸੀ | ਦੋਵੇਂ ਬਾਹਰ ਰਹਿੰਦੇ ਸਨ ਜਿੱਥੇ ਉਨ੍ਹਾਂ ਦੀ ਨੌਕਰੀ ਹੁੰਦੀ | ਦੋਵੇਂ ਸ਼ਾਦੀਸ਼ੁਦਾ ਤੇ ਆਪਣੇ-ਆਪਣੇ ਪਰਿਵਾਰ ਵਿਚ ਖੁਸ਼ਹਾਲ | ਘਰ ਵਿਚ ਉਸਤਾਦ ਜੀ ਅਤੇ ਉਨ੍ਹਾਂ ਦੀ ਪਤਨੀ ਹੀ ਰਹਿੰਦੇ ਸਨ |
ਉਸਤਾਦ ਜੀ ਦੇ ਸਹੁਰੇ ਬਹੁਤ ਅਮੀਰ ਸਨ ਪਰ ਉਹ ਉਸਤਾਦ ਜੀ ਤੋਂ ਬਹੁਤ ਡਰਦੇ ਸਨ | ਕਿਉਂਕਿ ਉਸਤਾਦ ਜੀ ਨੇ ਕਦੀ ਕਿਸੇ ਅੱਗੇ ਹੱਥ ਨਹੀਂ ਸੀ ਅੱਡਿਆ | ਉਸਤਾਦ ਜੀ ਦੇ ਸਾਲਿਆਂ ਨੇ ਕਈ ਵਾਰੀ ਕਿਹਾ ਸੀ ਕਿ ਪੰਡਿਤ ਜੀ ਸ਼ਹਿਰ ਦੇ ਕਿਸੇ ਏਰੀਏ ‘ਚ ਜਿੰਨਾ ਵੱਡਾ ਪਲਾਟ ਚਾਹੀਦਾ ਹੈ ਲੈ ਲਵੋ, ਕੋਠੀ ਬਣਾ ਲਵੋ | ਅਸੀਂ ਕੋਠੀ ਦੇ ਪੈਸੇ ਦੇ ਦਿਆਂਗੇ | ਪਰ ਉਸਤਾਦ ਜੀ ਨੇ ਉਨ੍ਹਾਂ ਦੀ ਇਕ ਨਾ ਮੰਨੀ ਤੇ ਆਪਣੀ ਸੱਚੀ ਸੁੱਚੀ ਆਨ-ਸ਼ਾਨ-ਮਾਨ ਵਾਲੀ ਜਿੰਦਗੀ ਵਿਚ ਰਹੇ | ਭਿਖਾਰੀ ਤੇ ਲਾਲਚੀ ਬਣ ਕੇ ਉਹ ਨਹੀਂ ਜੀਵੇ | ਲਾਲਚੀ ਹੁੰਦੇ ਤਾਂ ਕੋਠੀ ਬਣਵਾ ਸਕਦੇ ਸਨ | ਉਹ ਸਾਰੀ ਉਮਰ ਛੋਟੇ ਜਿਹੇ ਪੁਰਾਣੇ ਘਰ ਵਿਚ ਵੀ ਰਹੇ | ਕਿਸੇ ਦੀ ਵੀ ਆਰਥਿਕ ਤੌਰ ‘ਤੇ ਗੁਲਾਮੀ ਨਹੀਂ ਕੀਤੀ |
ਉਹ ਮੈਨੂੰ ਕਿਹਾ ਕਰਦੇ ਸਨ ਕਿ ਵੇਖ ਪੁੱਤਰ, ਵੱਡੇ-ਵੱਡੇ ਮਹਿਲਾ ਵਾਲਿਆਂ, ਧਨ-ਦੌਲਤ ਵਾਲਿਆਂ ਵੀ ਇਥੋਂ ਤੁਰ ਜਾਣਾ ਏ, ਪਰ ਈਮਾਨਦਾਰੀ ਦੀ ਉਦਾਹਰਣ ਸਮਾਜ ਨੂੰ , ਪੀੜੀਆਂ ਨੂੰ , ਰੌਸ਼ਨੀ ਦਿੰਦੀ ਰਹਿੰਦੀ ਹੈ | ਤਰੱਕੀ ਦਾ ਸੂਤਰ ਈਮਾਨਦਾਰੀ ਹੀ ਹੈ | ਈਮਾਨਦਾਰੀ ਦੀ ਖੁਸ਼ਬੂ ਬੰਦੇ ਦੇ ਮਰਨ ਤੋਂ ਬਾਅਦ ਵੀ ਆਉਂਦੀ ਰਹਿੰਦੀ ਹੈ | ਉਹੋ ਲੋਕ ਸਮਾਜ ਵਿਚ ਉਦਾਹਰਣ ਬਣਦੇ ਹਨ ਜੋ ਈਮਾਨਦਾਰੀ ਨਾਲ ਸੱਚਾ-ਸੁੱਚਾ ਜੀਵਨ ਬਤੀਤ ਕਰਦੇ ਹਨ | ਬੰਦੇ ਨੇ ਕੋਈ ਹਜ਼ਾਰ ਸਾਲ ਥੋੜ੍ਹੀ ਜੀਣਾ ਏਾ |
ਇਹ ਜਾਇਦਾਦ, ਧਨ-ਦੌਲਤ ਇੱਥੇ ਹੀ ਰਹਿ ਜਾਣੀ ਏਾ, ਦੇਸ਼ ਲਈ, ਸਮਾਜ ਲਈ ਕੁਝ ਇਹੋ ਜਿਹਾ ਛੱਡ ਜਾਓ ਕਿ ਦੁਨੀਆਂ ਤੁਹਾਨੂੰ ਯਾਦ ਕਰੇ, ਤੁਹਾਡੀ ਸੱਚੀ-ਸੁੱਚੀ ਕਰਮਸ਼ੀਲਤਾ ਤੋਂ ਕੁਝ ਸਿੱਖ ਸਕੇ | ਆਪਣੀ ਕਮਾਈ ਵਿਚ ਸੰਤੁਸ਼ਟੀ ਹੋਣੀ ਚਾਹੀਦੀ ਹੈ | ਮੀਟ ਮੁਰਗੇ ਖ਼ਾਣ ਵਾਲੇ | ਸ਼ਰਾਬਾਂ ਪੀਣ ਵਾਲੇ, ਬਹੁਤ ਧਨ-ਦੌਲਤ ਵਾਲੇ ਕੋਈ ਹਜ਼ਾਰ ਸਾਲ ਥੋੜ੍ਹੀ ਜੀਣਗੇ, ਬੰਦੇ ਦੀ ਉਮਰ ਵੱਧ ਤੋਂ ਵੱਧ ਸੌ ਸਾਲ ਹੈ | ਈਮਾਨਦਾਰੀ ਤੇ ਸੱਚ ਦਾ ਪਲੜਾ ਨਾ ਛੱਡੋ |
ਉਸਤਾਦ ਜੀ ਦੀ ਪਤਨੀ 75 ਸਾਲਾਂ ਦੇ ਕਰੀਬ ਪੂਰੇ ਹੋ ਗਏ | ਮਾਤਾ ਜੀ ਦੀ ਮਿ੍ਤਕ ਦੇਹ ਵਿਹੜੇ ਵਿਚ ਪਈ ਸੀ | ਦੁਪਹਿਰ ਬਾਅਦ ਉਨ੍ਹਾਂ ਦਾ ਸਸਕਾਰ ਕਰਨਾ ਸੀ | ਉਨ੍ਹਾਂ ਦੇ ਪੁੱਤਰ, ਨੂੰਹਾਂ, ਪੋਤਰੇ, ਪੋਤਰੀਆਂ, ਰਿਸ਼ਤੇਦਾਰ, ਮਿੱਤਰ ਸਨੇਹੀ ਸਭ ਇਕੱਠੇ ਹੋ ਰਹੇ ਸੀ | ਚਾਰ ਪਾਸੇ ਸ਼ੋਕ ਦੀ ਤਨਹਾਈ ਪਸਰੀ ਪਈ ਸੀ |
ਉਸਤਾਦ ਜੀ ਮੈਨੂੰ ਅਤੇ ਦੂਸਰੇ ਸ਼ਗਿਰਦ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, ”ਬਾਜ਼ਾਰ ਜਾਓ ਤੇ ਅਰਥੀ ਬਣਵਾ ਕੇ ਲੈ ਆਓ ਪਰ ਸੁਣੋਂ, ਜਿਹੜੀ ਅਰਥੀ ਬਣਵਾਉਣੀ ਹੈ ਉਸ ਦੇ ਵਿਚਕਾਰ ਡੋਲੀ ਬਣਵਾ ਕੇ ਲਿਆਉਣਾ” |
ਮੈਂ ਤੇ ਮੇਰੇ ਗੁਰਭਾਈ ਨੇ ਹੈਰਾਨੀ ਨਾਲ ਕਿਹਾ, ” ਉਸਤਾਦ ਜੀ, ਇਹ ਕਿਵੇਂ ਹੋ ਸਕਦਾ? ਕਿ ਅਰਥੀ ਵਿਚ ਡੋਲੀ ਬਣਾਈ ਜਾ ਸਕੇ | ਇਹ ਤਾਂ ਕਦੀ ਸੁਣਿਆ ਹੀ ਨਹੀਂ |”
ਉਹ ਗੁੱਸੇ ਵਿਚ ਆ ਕੇ ਕਹਿਣ ਲੱਗੇ, ”ਤੁਹਾਨੂੰ ਜੋ ਕਿਹਾ, ਓਦਾ ਹੀ ਕਰਦੇ ਜਾਓ, ਸੁਣਿਆ ਨਈਾ |”
ਮੈਂ ਤੇ ਮੇਰੇ ਗੁਰਭਾਈ ਦੋਸਤ, ਅਸੀਂ ਸੱਸੋਪੰਜ ਵਿਚ ਪੈ ਗਏ ਕਿ ਹੁਣ ਕੀ ਕਰੀਏ?
ਖੈਰ! ਅਸੀਂ ਇਕ ਤਰਖਾਣ ਦੋਸਤ ਦੀ ਦੁਕਾਨ ‘ਤੇ ਗਏ | ਉਸ ਨੂੰ ਨਿਮਰਤਾ ਨਾਲ ਬੇਨਤੀ ਕਰਦਿਆਂ ਕਿਹਾ, ”ਯਾਰ, ਤੂੰ ਪੈਸੇ ਜਿੰਨੇ ਮਰਜ਼ੀ ਲੈ ਲਵੀਂ ਪਰ ਤੂੰ ਅਰਥੀ ਦੇ ਵਿਚ ਡੋਲੀ ਬਣਾ ਦੇ |”
ਉਹ ਸੁਣ ਕੇ ਬੜਾ ਹੈਰਾਨ ਹੋਇਆ ਕਿ ਇਹ ਕਿਵੇਂ ਹੋ ਸਕਦਾ ਹੈ? ਯਾਰ ਇਹ ਤਾਂ ਮੈਂ ਕਦੀ ਨਹੀਂ ਵੇਖਿਆ, ਨਾ ਸੁਣਿਆ ਕਿ ਅਰਥੀ ਵਿਚ ਡੋਲੀ ਬਣਾਈ ਜਾਵੇ |”
ਅਸੀਂ ਉਸਨੂੰ ਹੱਥ ਜੋੜ ਕੇ ਬੇਨਤੀ ਕਿ ਯਾਰ, ਸਾਡੀ ਇੱਜ਼ਤ ਦਾ ਸਵਾਲ ਏ, ਤੂੰ ਪੈਸੇ ਜਿੰਨੇ ਮਰਜ਼ੀ ਲੈ ਪਰ ਆਰਜ਼ੀ ਤੌਰ ‘ਤੇ ਕਿਸੇ ਵੀ ਢੰਗ ਤਰੀਕੇ ਨਾਲ ਇਸ ਤਰ੍ਹਾਂ ਫੱਟੀਆਂ ਫਿਟ ਕਰ ਦੇ ਕਿ ਉਹ ਡੋਲੀਨੁੱਮਾਂ ਲੱਗੇ |
ਖੈਰ, ਉਸ ਨੇ ਅਰਜ਼ੀ ਤੌਰ ‘ਤੇ ਇਸ ਤਰ੍ਹਾਂ ਫੱਟੀਆਂ ਵਿਚ ਜਗ੍ਹਾ ਛੱਡ ਕੇ ਅਰਥੀ ਉਪਰ ਡੋਲੀ ਬਣਾ ਦਿੱਤੀ | ਅਸੀਂ ਦੋਵੇਂ ਜਣੇਂ ਉਹ ਡੋਲੀਨੁਮਾਂ ਅਰਥੀ ਰਿਕਸ਼ੇ ਉਪਰ ਰੱਖ ਕੇ ਲੈ ਆਏ | ਸਾਰੇ ਲੋਕ ਵੇਖ ਕੇ ਹੈਰਾਨ ਹੋ ਗਏ | ਕਈ ਵਿਚੋਂ ਹੱਸਣ, ਕੋਈ ਕੁਝ ਕਵੇ ਤੇ ਕੋਈ ਕੁਝ, ਆਪਸ ਵਿਚ ਘੁਸਰ-ਮੁਸਰ ਹੋਣ ਲਗੀ | ਪਰ ਉਸਤਾਦ ਜੀ ਨੂੰ ਤਾਂ ਕਿਸੇ ਦੀ ਕੋਈ ਪਰਵਾਹ ਨਈ ਸੀ |
ਅਰਥੀ ਦੀ ਡੋਲੀ ਵਿਚ ਮਾਤਾ ਜੀ ਦੀ ਮਿ੍ਤਕ ਦੇਹ ਨੂੰ ਲਾਲ ਰੰਗ ਦੀ ਖ਼ੂਬਸੂਰਤ ਸਾੜ੍ਹੀ ਪਹਿਣਾ ਕੇ, ਇਕ ਦੁਲਹਨ ਵਾਂਗ ਸਜਾ ਕੇ ਰੱਖ ਦਿੱਤਾ | ਉਸਤਾਦ ਜੀ ਨੇ ਪਹਿਲਾਂ ਮਾਤਾ (ਪਤਨੀ) ਦਾਕਈ ਵਾਰ ਮੱਥਾ ਚੁੰਮਿਆ | ਫਿਰ ਪੈਰਾਂ ਵਿਚ ਸਿਰ ਰੱਖ ਕੇ ਉਚੀ-ਉਚੀ ਬਹੁਤ ਰੋਏ | ਉਨ੍ਹਾਂ ਨੂੰ ਬੜੀ ਮੁਸ਼ਕਿਲ ਫੜ੍ਹ ਕੇ ਪਰ੍ਹਾਂ ਕੀਤਾ ਗਿਆ |
ਜਦੋਂ ਸਸਕਾਰ ਲਈ ਸ਼ਮਸ਼ਾਨਘਾਟ ਪਹੁੰਚੇ ਤਾਂ ਉਥੋਂ ਦਾ ਇਕ ਫ਼ਕੀਰ ਜਿਹਾ ਬੰਦਾ ਜੋ ਸ਼ਮਸ਼ਾਨ ਦੀ ਦੇਖ ਰੇਖ ਲਈ ਹੋਵੇਗਾ ਉਹ ਬੰਦਾ ਡੋਲੀਨੁਮਾਂ ਅਰਥੀ ਵੇਖ ਕੇ ਕਹਿਣ ਲੱਗਾ, ”ਇਹ ਇੰਝ ਨਹੀਂ ਹੋ ਸਕਦਾ, ਡੋਲੀ ਨਈਾ ਚਿਤਾ ਵਿਚ ਰੱਖੀ ਜਾ ਸਕਦੀ | ”ਕਿਉਂਕਿ ਉਸਤਾਦ ਜੀ ਨੇ ਕਿਹਾ ਡੋਲੀਨੁਮਾਂ ਅਰਥੀ ਸਣੇਂ ਹੀ ਮਿ੍ਤਕ ਦੇਹ ਲੱਕੜਾਂ (ਚਿਤਾ) ਵਿਚ ਰੱਖਣੀ ਹੈ | ਡੋਲੀ ‘ਚੋਂ ਮਿ੍ਤਕ ਦੇਹ ਬਾਹਰ ਨਹੀਂ ਕੱਢਣੀ | ਸਭ ਲੋਕ ਹੈਰਾਨ ਸਨ ਪਰ ਕੋਈ ਬੋਲਣ ਦੀ ਜ਼ੁਰਰਤ ਨਈਾ ਸੀ ਕਰਦਾ |
ਉਸਤਾਦ ਜੀ ਨੇ ਗੁੱਸੇ ਵਿਚ ਆ ਕੇ ਮੈਨੂੰ ਕਿਹਾ, ”ਇਸ ਬੰਦੇ ਨੂੰ ਵੀਹ ਰੁਪਏ ਦੇ ਦਿਓ | ਇਸ ਸਾਲੇ ਨੇ ਦਾਰੂ ਪੀਣੀਂ ਏਾ |”
ਅਸੀਂ ਉਸ ਨੂੰ ਵੀਹ ਰੁਪਏ ਦੇ ਦਿੱਤੇ ਤੇ ਉਹ ਵੀਹ ਰੁਪਏ ਲੈ ਕੇ ਚੁੱਪ ਚਾਪ ਉਥੋਂ ਚਲਿਆ ਗਿਆ | ਆਖ਼ਰ ਸਭ ਧਾਰਮਿਕ ਰਸਮਾਂ ਕਰਕੇ ਬਾਅਦ ਵਿਚ ਡੋਲੀਨੁਮਾਂ ਅਰਥੀ ਸਣੇ ਹੀ ਮਿ੍ਤਕ ਦੇਹ ਚਿਤਾ ਵਿਚ ਰੱਖ ਦਿੱਤੀ ਗਈ | ਕਿਸੇ ਨੇ ਵੀ ਵਿਰੋਧਤਾ ਨਹੀਂ ਕੀਤੀ | ਕਿਉਂਕਿ ਸਭ ਨੂੰ ਪਤਾ ਸੀ ਕਿ ਉਸਤਾਦ ਜੀ ਨੇ ਹੁਣ ਕਿਸੇ ਦੀ ਵੀ ਨਹੀਂ ਮੰਨਣੀ | ਉਨ੍ਹਾਂ ਦੀ ਭਾਵੁਕਤਾ ਬੁਲੰਦੀ ‘ਤੇ ਪਹੁੰਚ ਚੁਕੀ ਸੀ |
ਸਸਕਾਰ ਕਰਨ ਤੋਂ ਬਾਅਦ ਸਭ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਜਿਹੜੇ ਵੀ ਰਸਮਾਂ ਰਿਵਾਜ਼ ਹੋਏ ਸਨ ਕਰ ਦਿੱਤੇ ਗਏ |
ਇਕ ਦਿਨ ਮੈਂ ਉਸਤਾਦ ਜੀ ਨੂੰ ਮਿਲਣ ਗਿਆ ਤਾਂ ਬੜੇ ਹੀ ਭਾਵੁਕ ਹੋ ਕੇ ਕਹਿਣ ਲੱਗੇ, ”ਯਾਰ, ਬਾਲਮ ਹੁਣ ਅਸੀਂ ਵੀ ਚਲੇ ਜਾਣਾ ਹੈ, ਸਾਡਾ ਦਿਲ ਨਈਾ ਲਗਦਾ |”
ਮੈਂ ਕਿਹਾ, ” ਉਸਤਾਦ ਜੀ ਏਦਾਂ ਨਾ ਕਰੋ | ਤੁਸੀਂ ਬੜੇ ਲੰਬੀ ਉਮਰ ਜੀਣੀ ਏਾ | ਤੁਹਾਡੀ ਸਿਹਤ ਬਿਲਕੁਲ ਠੀਕ ਹੈ |”
ਅੱਖਾਂ ਵਿਚ ਹੰਝੂ ਭਰਦੇ ਹੋਏ ਕਹਿਣ ਲੱਗੇ, ”ਨਈਾ, ਇਸ ਮਹੀਨੇ ਦੇ ਵਿਚ ਵਿਚ ਹੀ ਅਸੀਂ ਵੀ ਚਲੇ ਜਾਣਾ ਏਾ |”
ਸਰਦੀਆਂ ਦੇ ਦਿਨ ਸਨ | ਉਸਤਾਦ ਜੀ ਰਾਤ ਰਜਾਈ ਵਿਚ ਮੰਜੇ ਦੀ ਟੋਹ ਨਾਲ ਪਿੱਠ ਲਗਾ ਕੇ ਸੁੱਤੇ ਪਏ ਸੀ | ਸਵੇਰੇ ਉਨ੍ਹਾਂ ਦੀ ਨੂੰਹ ਨੇ ਆ ਕੇ ਵੇਖਿਆ ਕਿ ਉਸਤਾਦ ਜੀ ਸਵਾਸ ਛੱਡ ਗਏ ਸੀ |
ਖੈਰ, ਉਸਤਾਦ ਜੀ ਪੂਰੇ 25 ਦਿਨਾਂ ਬਾਅਦ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ |
ਬਲਵਿੰਦਰ ਬਾਲਮ ਗੁਰਦਾਸਪੁਰ
ਓਾਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly