(ਸਮਾਜ ਵੀਕਲੀ)
ਆਉਣਗੀਆਂ ਪੋਹ ਕਾਪ
ਦੀਆਂ ਪਰੀਆਂ ਮੇਰੀ ਸਰਦਲ ਉੱਤੇ
ਕਰਨਗੀਆਂ ਕੋਈ ਨਾਚ
ਸੁਮੇਲੀ ਰੂਹਾਂ ਦੀ ਰੂਹਾਨੀਅਤ ਵਰਗਾ
ਸ਼ਾਇਦ! ਏਹ ਵੀ ਮੇਰਾ ਵਹਿਮ ਐ..
ਮਿਲ ਜਾਏਗਾ ਮੈਨੂੰ ਮੇਰੇ
ਹਿੱਸਿਆਂ ਦੀ ਮਿੱਟੀ ਦਾ ਕੋਈ ਟੁਕੜਾ
ਪੁਸ਼ਤਾਂ ਤੀਕਰ ਵੱਜੇਗਾ
ਸਿਰਨਾਂਵਿਆਂ ਦੀਆਂ ਵਹੀਆਂ ਉੱਤੇ
ਸ਼ਾਇਦ! ਏਹ ਵੀ ਮੇਰਾ ਵਹਿਮ ਐ…
ਧੂਫਾਂ ਇਤਰਾਂ ਜੋਤਾਂ ਨਾਲ
ਸੁਗੰਧੀਆਂ ਖਿਲਾਰ ਖਿਲਾਰ ਕੇ
ਮੈ ਪੂਰਨ ਹੋ ਜਾਵਾਂਗਾ
ਆਪਣੇ ਮਹਿਰਮ ਨੂੰ ਪੂਰਨ ਪਾ ਕੇ
ਸ਼ਾਇਦ! ਏਹ ਵੀ ਮੇਰਾ ਵਹਿਮ ਐ…
ਲੋਅ ਤਾਰਿਆਂ ਦੀ
ਮੱਠੀ ਮੱਠੀ ਰੋਕਦੀ ਐ ਬੂਹਾ ਕੋਈ
ਏਹ ਜੁੰਗਨੂੰਆਂ ਦੀ ਬਰਾਤ
ਨਿਕਾਹ ਲਵੇਗੀ ਸੁਰਜਾਂ ਦੀ ਰੌਸ਼ਨੀ
ਸ਼ਾਇਦ! ਏਹ ਵੀ ਮੇਰਾ ਵਹਿਮ ਐ….
ਨਹੀਂ ਉਠੇਗੀ ਕੁੜਤਿਆਂ ਚੋ
ਗੱਚ ਹੋਏ ਮੁੜਕਿਆਂ ਦੀ ਲਹਿਰ ਕੋਈ
ਨਹੀ ਜੋੜੇਗੀ ਫਟੇ ਹੱਥਾਂ ਨੂੰ
ਪਏ ਅੱਟਣਾਂ ਤੇ ਅੱਟਣਾਂ ਦਾ ਰਿਸਤਾਂ
ਸ਼ਾਇਦ! ਏਹ ਵੀ ਮੇਰਾ ਵਹਿਮ ਐ..
ਹੇਜ਼ ਸੰਧੂਰੀ ਮੁਹੱਬਤ ਦਾ
ਮੇਰੇ ਚੇਤਿਆਂ ਚ ਸਾਹੂ ਸ਼ਾਹਕਾਰ ਐ
ਨਿਕਲ ਜਾਏਗਾ ਕਿਤੇ
ਮੇਰੀ ਭਟਕਦੀ ਹੋਈ ਰੁਹ ਦੀ ਨਿਆਂਈ
ਸ਼ਾਇਦ! ਏਹ ਵੀ ਮੇਰਾ ਵਹਿਮ ਐ…
ਗਿੰਦਰ ਗੁਰੂਸਰੀਆ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly