ਮੈਰੀ ਕਿਊਰੀ …

ਮਾਸਟਰ ਜਸਵਿੰਦਰ ਸਿੰਘ

(ਸਮਾਜ ਵੀਕਲੀ)

ਮੈਰੀ ਕਿਊਰੀ ਇੱਕ ਮਹਾਨ ਵਿਗਿਆਨੀ ਸੀ | ਮੈਰੀ ਕਿਊਰੀ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ | ਮੈਰੀ ਕਿਊਰੀ ਨੇ ਦੋ ਵਾਰ ਨੋਬਲ ਪੁਰਸਕਾਰ ਜਿੱਤਿਆ | ਮੈਰੀ ਕਿਊਰੀ ਸੰਸਾਰ ਭਰ ਵਿੱਚ ਇਕੱਲੀ ਅਜਿਹੀ ਔਰਤ ਹੈ ਜਿਸ ਦੇ ਪਤੀ, ਪੁੱਤਰੀ ਅਤੇ ਜਵਾਈ ਨੂੰ ਵੀ ਨੋਬਲ ਪੁਰਸਕਾਰ ਮਿਲਿਆ ਹੋਵੇ |

ਦੋ ਵਾਰ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਇਸਤਰੀ ਸਾਇੰਸਦਾਨ ਮੈਰੀ ਕਿਊਰੀ ਦਾ ਜਨਮ 7 ਨਵੰਬਰ 1867 ਨੂੰ ਪੋਲੈਂਡ ਵਿਖੇ ਪਿਤਾ ਸਕਲੋਦੋਵਸਕਾ ਦੇ ਘਰ ਮਾਤਾ ਬਰੋਨਿਸਲਵਨ ਦੀ ਕੁੱਖੋਂ ਹੋਇਆ | ਮੈਰੀ ਕਿਊਰੀ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਂਕ ਸੀ | ਅਪਾਣੀ ਵੱਡੀ ਭੈਣ ਦੀਆਂ ਕਿਤਾਬਾਂ ਲੈ ਕੇ ਪੜ੍ਹਦੀ ਰਹਿੰਦੀ ਸੀ | ਪੜ੍ਹਾਈ ਕਰਨ ਲਈ ਇੱਕ ਪ੍ਰਾਈਵੇਟ ਸਕੂਲ ‘ਚ ਦਾਖਲ ਹੋ ਗਈ | ਹਰ ਜਮਾਤ ਚੋਂ ਪਹਿਲੀ ਪੁਜੀਸ਼ਨ ‘ਚ ਪਾਸ ਹੁੰਦੀ | ਮੈਰੀ ਨੂੰ ਸਕੂਲ ‘ਚ ਪੜ੍ਹਾਈ ਪੂਰੀ ਕਰਨ ਉਪਰੰਤ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਮੈਰੀ ਦੀ ਇੱਕ ਭੈਣ ਅਤੇ ਮਾਤਾ ਦੀ ਮੌਤ ਘਰ ਦਾ ਮਾਹੌਲ ਬਦਲਣ ਦੇ ਨਾਲ-ਨਾਲ ਆਰਥਿਕ ਸਥਿਤੀ ਵੀ ਮਾੜੀ ਹੋ ਗਈ

|
ਉਸ ਨੇ ਟਿਊਸ਼ਨਾਂ ਪੜ੍ਹਾ ਕੇ ਘਰ ‘ਚ ਹੀ ਅਗਲੇਰੀ ਪੜ੍ਹਾਈ ਕੀਤੀ | ਫਰਾਂਸ ਦੀ ਸਾਰਬੋਨ ਯੂਨੀਵਰਸਿਟੀ ‘ਚ ਵਿਗਿਆਨ ਦੀ ਉਚੇਰੀ ਪੜ੍ਹਾਈ ਕੀਤੀ | ਮੈਰੀ ਨੂੰ ਨਾ ਤਾਂ ਖਾਣ ਦਾ ਸੌਂਕ ਸੀ ਅਤੇ ਨਾ ਹੀ ਪਹਿਨਣ ਦਾ | ਸ਼ੌਂਕ ਸੀ ਤਾਂ ਕੇਵਲ ਪੜ੍ਹਾਈ ਦਾ | ਯੂਨੀਵਰਸਿਟੀ ਤੋਂ ਘਰ ਆਉਣ ਉਪਰੰਤ ਪੜ੍ਹਨ ਲਈ ਲਾਇਬ੍ਰੇਰੀ ‘ਚ ਚਲੀ ਜਾਂਦੀ, ਜਿੱਥੇ ਕਿਤਾਬਾਂ ਵੀ ਬਹੁਤ ਹੁੰਦੀਆਂ ਸਨ ਅਤੇ ਰੋਸ਼ਨੀ ਵੀ ਮੁਫਤ ਹੁੰਦੀ ਸੀ | ਰਾਤ ਦੇ 10 ਵਜੇ ਲਾਇਬ੍ਰੇਰੀ ਬੰਦ ਹੋਣ ਤੋਂ ਬਾਅਦ ਘਰ ਆ ਕੇ ਪੜ੍ਹਣ ਲੱਗ ਜਾਂਦੀ | ਰਾਤ ਨੂੰ 2-3 ਵਜੇ ਤੱਕ ਪੜ੍ਹਦੀ ਰਹਿੰਦੀ | ਮੈਰੀ ਪਹਿਲੇ ਸਥਾਨ ‘ਤੇ ਰਹਿ ਕੇ ਪਾਸ ਹੋਈ | ਉਹ ਵਾਪਸ ਆਪਣੇ ਪਿਤਾ ਕੋਲ ਵਾਰਸਾ ਵਿਖੇ ਵਾਪਸ ਆ ਗਈ |

ਸਰਕਾਰੀ ਵਜੀਫਾ ਮਿਲਣ ਉਪਰੰਤ ਉਚੇਰੀ ਪੜ੍ਹਾਈ ਲਈ ਫਿਰ ਪੈਰਿਸ ਆ ਗਈ | ਮੈਰੀ ਦੇ ਅਧਿਅਪਕ ਜੋਜ਼ਫ ਨੇ ਉਸ ਦੀ ਪਹਿਚਾਣ ਇਕ ਹੋਰ ਹੋਣਹਾਰ ਅਤੇ ਮਿਹਨਤੀ ਭੌਤਿਕ ਵਿਗਿਆਨੀ ਪੀਅਰੀ ਕਿਊਰੀ ਨਾਲ ਕਰਵਾਈ | ਮੈਰੀ ਦਾ ਪੀਅਰੀ ਕਿਊਰੀ ਨਾਲ ਵਿਆਹ ਹੋ ਗਿਆ | ਮੈਰੀ ਨੇ ਵਿਗਿਆਨ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਖੋਜ ਕਰਨੀ ਸ਼ੁਰੂ ਕੀਤੀ | ਪਤੀ-ਪਤਨੀ ਬੜੀ ਮਿਹਨਤ ਨਾਲ ਸਇੰਸ ਦੀਆਂ ਖੋਜਾਂ ‘ਚ ਬੜੇ ਰੁਝੇ ਰਹਿੰਦੇ | ਕਈ ਵਾਰ ਤਾਂ ਰਾਤਾਂ ਵੀ ਪ੍ਰਯੋਗਸ਼ਾਲਾ ‘ਚ ਹੀ ਬੀਤ ਜਾਦੀਆਂ | ਮੈਰੀ ਨੇ ਇੱਕ ਨਵਾਂ ਤੱਤ ਲੱਭਿਆ, ਜਿਸ ਦਾ ਨਾਂ ਪੋਲੋਨੀਅਮ ਆਪਣੀ ਮਾਤ ਭੂਮੀ ਪੋਲੈਂਡ ‘ਤੇ ਰੱਖਿਆ |

ਉਨ੍ਹਾਂ ਇਸ ਖੋਜ ਤੋਂ ਬਾਅਦ ਬੜੀ ਮਿਹਨਤ ਕੀਤੀ ਅਤੇ ਇੱਕ ਹੋਰ ਰੇਡੀਓ ਐਕਟਿਵ ਤੱਤ ਖੋਜਿਆ, ਜਿਸ ਦਾ ਨਾਂ ਰੇਡੀਅਮ ਰੱਖਿਆ ਗਿਆ | ਇਸ ਖੋਜ ਦੌਰਾਨ ਮੈਰੀ ਕਿਊਰੀ ਬਹੁਤ ਪ੍ਰਸਿੱਧ ਹੋ ਗਈ | ਇਸ ਸਮੇਂ ਦੌਰਾਨ 1902 ‘ਚ ਮੇਰੀ ਦੇ ਪਿਤਾ ਦੀ ਮੌਤ ਹੋ ਗਈ | ਮੈਰੀ ਅਤੇ ਉਸ ਦੇ ਪਤੀ ਪੀਅਰੀ ਕਿਊਰੀ ਨੂੰ ਉਨ੍ਹਾਂ ਦੁਆਰਾ ਕੀਤੀਆਂ ਖੋਜਾਂ ਬਦਲੇ 1904 ਵਿੱਚ ਨੋਬਲ ਪੁਰਸਕਾਰ ਮਿਲਿਆ | ਮੈਰੀ ਕਿਊਰੀ ਸਾਇੰਸ ਦੇ ਖੇਤਰ ‘ਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ | ਦੋ ਸਾਲ ਬਾਅਦ ਮੈਰੀ ਦੇ ਪਤੀ ਪੀਅਰੀ ਕਿਊਰੀ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ |

ਪ੍ਰੰਤੂ ਮੈਰੀ ਕਿਊਰੀ ਨੇ ਹਿੰਮਤ ਨਾ ਹਾਰੀ | 1911 ‘ਚ ਮੈਰੀ ਕਿਊਰੀ ਨੇ ਰੇਡੀਓ ਐਕਟਿਵ ਕਿਰਨਾਂ ਦੀ ਮਦਦ ਨਾਲ ਬੀਮਾਰਾਂ ਤੇ ਰੋਗੀਆਂ ਦੀ ਸੇਵਾ ਕੀਤੀ | ਰੇਡੀਓ ਐਕਟਿਵ ਪਦਾਰਥਾਂ ਨਾਲ ਕੰਮ ਕਰਨਾ ਸਿਹਤ ਲਈ ਖਤਰਨਾਕ ਹੁੰਦਾ ਹੈ | ਫਲਸਰੂਪ ਮੈਰੀ ਦੀ ਸਿਹਤ ਵੀ ਵਿਗੜ ਗਈ | ਦੋ ਵਾਰੀ ਨੋਬਲ ਪੁਰਸਕਾਰ ਜਿੱਤਣ ਦੇ ਬਾਵਜੂਦ ਸਧਾਰਨ ਜੀਵਨ ਜੀਉਣ ਵਾਲੀ ਮਹਾਨ ਵਿਗਿਆਨੀ ਮੈਰੀ ਕਿਊਰੀ ਆਖਰ 4 ਜੁਲਾਈ ਨੂੰ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ | ਮੈਰੀ ਕਿਊਰੀ ਦੀ ਮੌਤ ਤੋਂ ਇੱਕ ਸਾਲ ਬਾਅਦ ਉਸ ਦੀ ਪੁੱਤਰੀ ਅਤੇ ਜਵਾਈ ਨੂੰ ਸਾਇੰਸ ਦੇ ਖੇਤਰ ‘ਚ ਵੱਡਮੁੱਲੀਆਂ ਸੇਵਾਵਾਂ ਬਦਲੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ |

ਜਸਵਿੰਦਰ ਸਿੰਘ
ਸਾਇੰਸ ਮਾਸਟਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ (ਸੰਗਰੂਰ)

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘੁੱਗੀ ਆਈ
Next articleਗੁਰਚੇਤ ਚਿੱਤਰਕਾਰ ਪ੍ਰੋਡਕਸ਼ਨਸ ਦਾ ਨਵਾਂ ਗੀਤ ‘ਛੁਣਛੁਣੇ ਫਾਰ 2022’ ਰਿਲੀਜ਼