(ਸਮਾਜ ਵੀਕਲੀ)
ਮੈਂ ਆਸ਼ਕ ਪੰਜਾਬ ਦਾ ਮੇਰਾ ਇਸ਼ਕ ਪੰਜਾਬੀ
ਸਿਰਮੱਥੇ ਮੇਰੇ ਗੁਰਮੁਖੀ ਦਾ ਤਾਜ ਨਵਾਬੀ
ਹੱਡੀਂ ਰਚਿਆ ਇਸ਼ਕ ਇਹ ਰੂਹਾਂ ਤੱਕ ਸਾਂਝਾ
ਦਿਲ ਵਿੱਚ ਧੜਕੇ ਮਾਲਵਾ ਤੇ ਰਗਾਂ ਚ’ ਮਾਝਾ
ਸਾਹਾਂ ਵਿਚੋਂ ਵਿਚਰਦੀ ਮੇਰੇ ਪੌਣ ਦੁਆਬੀ
ਮੈਂ ਆਸ਼ਕ ਪੰਜਾਬ ਦਾ ਮੇਰਾ ਇਸ਼ਕ ਪੰਜਾਬੀ
ਤੱਕ ਰਵਾਨੀ ਬਿਆਸ ਦੀ ਸਤਲੁਜ ਦੀਆਂ ਛੱਲਾਂ
ਸੁਖਨ ਸੁਨੇਹੇ ਅੱਜ ਮੈਂ ਰਾਵੀ ਹੱਥ ਘੱਲਾਂ
ਜੇਹਲਮ ਨੂੰ ਅੱਖ ਤਰਸੇ ਦਿਸੇ ਚਨ੍ਹਾਬ ਖ਼ਵਾਬੀਂ
ਮੈਂ ਆਸ਼ਕ ਪੰਜਾਬ ਦਾ ਮੇਰਾ ਇਸ਼ਕ ਪੰਜਾਬੀ
ਕੱਚਿਆਂ ਉੱਤੇ ਤਰੀਆਂ ਪੱਕੀਆਂ ਪਾਕ ਮੁਹੱਬਤਾਂ
ਥਲਾਂ ਚ’ ਸੜੀਆਂ ਸਿਦਕ ਤੇ ਬੇਬਾਕ ਮੁਹੱਬਤਾਂ
ਮੁਹੱਬਤ ਮੱਝਾਂ ਚਾਰੀਆਂ ਕਿੱਸੇ ਕਹਿਣ ਕਿਤਾਬੀ
ਮੈਂ ਆਸ਼ਕ ਪੰਜਾਬ ਦਾ ਮੇਰਾ ਇਸ਼ਕ ਪੰਜਾਬੀ
ਜੁੱਸੇ ਜੱਸਾ ਸਿੰਘ ਦੇ ਰਣ ਰਣਜੀਤ ਦੇ ਜਲਵੇ
ਹਾਰਾਂ ਬਦਲੀਆਂ ਜਿੱਤਾਂ ਵਿੱਚ ਹਰੀ ਸਿੰਘ ਨਲਵੇ
ਊਧਮ, ਭਗਤ, ਸਰਾਭੇ ਕੌਮ ਦੀ ਚਮਕ ਮਤਾਬੀ
ਮੈਂ ਆਸ਼ਕ ਪੰਜਾਬ ਦਾ ਮੇਰਾ ਇਸ਼ਕ ਪੰਜਾਬੀ
ਕੁਰਬਾਨੀ ਗੁਰੂ ਗੋਬਿੰਦ ਦੀ ਨਾਨਕ ਦੀ ਸਿੱਖਿਆ
ਕੁਲ ਆਲਮ ਮੱਥੇ ਟੇਕੇ ਜੋ ਗੁਰੂਆਂ ਨੇ ਲਿਖਿਆ
ਜਗਦੀ ਜੋਤ ਇਲਾਹੀ “ਬਾਠਾ” ਬਹਿਜਾ ਤਾਬੀ
ਮੈਂ ਆਸ਼ਕ ਪੰਜਾਬ ਦਾ ਮੇਰਾ ਇਸ਼ਕ ਪੰਜਾਬੀ
“ਬਾਠ ਬਲਵੀਰ”
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly