*ਸਬਰ ਸੰਤੋਖ ਵਾਲੀ ਮੇਰੀ ਮਾਂ*

(ਸਮਾਜ ਵੀਕਲੀ)

ਘਰ ਵਿੱਚੋ ਪੰਜਾਂ ਭੈਣਾਂ ਵਿੱਚੋਂ ਸਭ ਤੋਂ ਵੱਡੀ ,ਉੱਪਰੋਂ ਦੀ ਅੱਤ ਦੀ ਗਰੀਬੀ ਹੋਣ ਕਰਕੇ ਮੇਰੀ ਮਾਂ ਤੇ ਸ਼ੁਰੂ ਤੋਂ ਹੀ ਵੱਡੀ ਜ਼ਿੰਮੇਵਾਰੀ ਸੀ। ਵੱਡੀ ਹੋਣ ਕਰਕੇ ਮੇਰੀ ਮਾਂ, ਨਾਨੀ ਨਾਲ ਘਰ ਦੇ ਸਾਰੇ ਕੰਮ ਨਿਪਟਾ ਕੇ ਦਰੀਆਂ, ਖੇਸ ਬੁਨਣ ਦਾ ਕੰਮ ਕਰਦੀ , ਕਿਉਕਿ ਛੋਟੀਆਂ ਭੈਣਾਂ ਲਈ ਦਾਜ ਵੀ ਜੋੜਨਾ ਸੀ।

ਘਰ ਦੇ ਸਾਰੇ ਕੰਮਾਂ ਵਿੱਚ ਨਿਪੁੰਨ ਹੋਣ ਕਰਕੇ ਮੇਰੀ ਤਾਈ ( ਜੋ ਕਿ ਮੇਰੀ ਮਾਂ ਦੀ ਭੂਆ ਦੀ ਕੁੜੀ ਸੀ) ਮੇਰੀ ਮਾਂ ਲਈ ਰਿਸ਼ਤਾ ਆਪਣੇ ਦਿਓਰ ਦਾ ਲੈ ਕੇ ਆਈ । ਮੇਰੇ ਡੈਡੀ ਜੀ ਹੁਰੇ ਤਿੰਨ ਭਰਾ, ਇੱਕ ਭੈਣ ਸੀ। ਇੱਥੇ ਵੀ ਪੂਰੇ ਟੱਬਰ ਦਾ ਘਰ ਦਾ ਕੰਮ ਹੋਣ ਕਰਕੇ ਉਹ ਸਵੇਰੇ ਉੱਠਣ ਸਾਰ ਹੀ ਘਰ ਦੇ ਸਾਰੇ ਕੰਮਾਂ ਵਿੱਚ ਲੱਗ ਜਾਂਦੀ ,ਸਾਰਾ ਦਿਨ ਕਦੇ ਪਸ਼ੂਆਂ ਦੀ ਸਾਂਭ ਸੰਭਾਲ ਤੇ ਕਦੇ ਰੋਟੀ ਟੁੱਕ ਵਿੱਚ ਲੱਗੀ ਰਹਿੰਦੀ। ਭੋਰਾ ਵੀ ਆਰਾਮ ਨਾ ਕਰਦੀ। ਮਨ ਵਿੱਚ ਸਿਰਫ ਇੱਕ ਗੱਲ ਕਿ ਕਦੇ ਮੇਰੇ ਕਰਕੇ ਮੇਰੇ ਪੇਕਿਆਂ ਨੂੰ ਨਾ ਝੁਕਣਾ ਪਵੇ । ਮੇਰੀ ਦਾਦੀ ਤੋਂ ਘਰ ਦੇ ਕੰਮ ਨਹੀਂ ਸੀ ਹੁੰਦੇ, ਇਸ ਲਈ ਜੇ ਕਦੇ ਮੇਰੀ ਮਾਂ ਪੇਕਿਆਂ ਨੂੰ ਜਾਣ ਨੂੰ ਕਹਿੰਦੀ ਤਾਂ ਦਾਦੀ ਰੋਣ ਲੱਗ ਜਾਂਦੀ, ਹੋਲੀ ਹੋਲੀ ਮੇਰੀ ਮਾਂ ਨੇ ਆਪਣੇ ਪੇਕੇ ਜਾਣਾ ਵੀ ਘੱਟ ਕਰ ਦਿੱਤਾ ਅਤੇ ਮੇਰੇ ਦਾਦਾ ਜੀ ਤੇ ਦਾਦੀ ਜੀ ਦੀ ਸੇਵਾ ਆਪਣੇ ਖੁਦ ਦੇ ਮਾਂ ਬਾਪ ਤੌਂ ਵੱਧ ਕੇ ਕੀਤੀ।

ਦਾਦੀ ਹਮੇਸ਼ਾ ਹੀ ਮੇਰੀ ਮਾਂ ਨੂੰ ਦੁਆਵਾਂ ਦਿੰਦੀ ਕਿ ਇਹੋ ਜਿਹੀ ਨੂੰਹ ਪਰਮਾਤਮਾ ਸਭ ਨੂੰ ਦੇਵੇ। ਜਦੋਂ ਕਦੇ ਮੇਰੀ ਭੂਆ ਆਉਂਦੀ ਤਾਂ ਮੇਰੀ ਮਾਂ ਨੂੰ ਚਾਅ ਚੜ੍ਹ ਜਾਂਦਾ ਕਿ ਅੱਜ ਭੈਣ ਜੀ ਹੁਰੇ ਆ ਰਹੇ ਆ , ਉਨ੍ਹਾਂ ਲਈ ਵਧੀਆ ਭੋਜਨ ਤਿਆਰ ਕਰਦੀ ਤੇ ਦੇਰ ਰਾਤ ਤੱਕ ਭੂਆ ਤੇ ਮਾਂ ਇਕੱਠੀਆਂ ਬੈਠ ਕੇ ਗੱਲਾ ਕਰਦੀਆਂ ਰਹਿੰਦੀਆਂ। ਦਾਦਾ ਦਾਦੀ ਜੀ ਦੇ ਜਾਣ ਤੋਂ ਬਾਅਦ ਵੀ ਮੇਰੀ ਮਾਂ ਨੇ ਭੂਆ ਨੂੰ ਕਦੇ ਉਹਨਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ। ਉਹ ਭੂਆ ਦੀ ਪੂਰੀ ਸੇਵਾ ਕਰਦੀ।

ਜਦੋਂ ਦੀ ਮੈਂ ਸੁਰਤ ਸੰਭਾਲੀ, ਮੈਂ ਕਦੇ ਵੀ ਆਪਣੀ ਮਾਂ ਨੂੰ ਵਿਹਲੀ ਬੈਠੀ ਨੀ ਦੇਖਿਆ , ਹਮੇਸ਼ਾ ਹੀ ਕਿਸੇ ਕੰਮ ਵਿੱਚ ਰੁੱਝੀ ਰਹਿੰਦੀ, ਮੈਂ ਕਦੇ ਉਸ ਨੂੰ ਡੈਡੀ ਜੀ ਕੋਲੋ ਕੋਈ ਇੱਛਾ ਜ਼ਾਹਿਰ ਕਰਦਿਆਂ ਨੀ ਦੇਖਿਆ, ਇੱਥੋਂ ਤੱਕ ਕਿ ਮੈਂ ਸੂਟ ਤੱਕ ਨੀ ਮੰਗਦੀ ਨੀ ਵੇਖਿਆ। ਬਸ ਇਵੇਂ ਕਹਿ ਕੇ ਸਾਰ ਦਿੰਦੀ ਜਦੋਂ ਤੇਰੇ ਡੈਡੀ ਜੀ ਕੋਲ ਪੈਸੇ ਹੋਏ ,ਉਹ ਆਪ ਹੀ ਦਵਾ ਦੇਣਗੇ। ਹਮੇਸ਼ਾ ਰੱਬ ਦਾ ਸ਼ੁਕਰ ਕਰਦੀ ਹੀ ਦੇਖਿਆ ‌। ਇੰਨਾ ਜ਼ਿਆਦਾ ਸਬਰ ਸਿਰਫ ਮੈਂ ਆਪਣੀ ਮਾਂ ਵਿੱਚ ਹੀ ਦੇਖਿਆ।

ਮੇਰੀ ਮਾਂ ਨੇ ਆਪਣੀਆ ਛੋਟੀਆਂ ਭੈਣਾਂ ਦੇ ਵਿਆਹ ਦੇ ਸਾਰੇ ਕਾਰਜ਼ ਆਪ ਅੱਗੇ ਲੱਗ ਕੇ ਕਰਵਾਏ। ਅਕਸਰ ਹੀ ਉਸ ਦੀਆਂ ਗੱਲਾਂ ਵਿੱਚ ਕਦੇ ਭੈਣਾਂ ਦਾ ਫ਼ਿਕਰ, ਕਦੇ ਆਪਣੇ ਮਾਂ – ਬਾਪ ਦਾ ਫ਼ਿਕਰ ਤੇ ਕਦੇ ਸਾਡੇ ਫ਼ਿਕਰ ਹੀ ਹੁੰਦੇ ਹਨ।

ਆਪਣੇ ਲਈ ਤਾਂ ਕਦੇ ਉਸਨੇ ਜ਼ਿੰਦਗੀ ਜਿਊਣ ਬਾਰੇ ਤਾਂ ਸ਼ਾਇਦ ਕਦੇ ਉਸ ਨੇ ਸੋਚਿਆ ਹੀ ਨਹੀਂ। ਸਾਰੀ ਜਿੰਦਗੀ ਕਦੇ ਪੇਕਿਆਂ ਦੀ ਸੁੱਖ , ਕਦੇ ਸਾਡੀ ਸੁੱਖ ਮੰਗਦੀ ਨੇ ਕੱਢ ਦਿੱਤੀ।

ਪਰਮਾਤਮਾ ਅੱਗੇ ਅਰਦਾਸ ਹੈ ਕਿ ਮੇਰੀ ਮਾਂ ਨੂੰ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖੀ।

ਮਨਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ)
ਸਰਕਾਰੀ ਹਾਈ ਸਕੂਲ,ਚਕੇਰੀਆਂ (ਮਾਨਸਾ) 9041526240

 

Previous article“ਆਮ ਆਦਮੀ ਦੀ ਹਾਣੀ ਨਹੀਂ ਸਿੱਖਿਆ ਪ੍ਰਣਾਲੀ”
Next article‘ਪੱਥਰ ਤਾਰਨ ਵਾਲਾ ਬਣਾ ਦਿੱਤਾ’