“ਮੇਰਾ ਵੱਸਦਾ ਰਹੇ ਪੰਜਾਬ”

(ਸਮਾਜ ਵੀਕਲੀ)

ਪੰਜਾਬ ਦਾ ਨਾਂ ਜ਼ੁਬਾਨ ‘ਤੇ ਆਉਂਦੇ ਸਾਰ ਹੀ ਮਨ ਵਿੱਚ ਖੁੱਲ੍ਹੇ ਡੁੱਲ੍ਹੇ ਖੇਤਾਂ , ਪਿੱਪਲਾਂ, ਬੋਹੜਾਂ ,ਸਰ੍ਹੋਂ ਦਾ ਸਾਗ , ਮੱਕੀ ਦੀ ਰੋਟੀ ਲੱਸੀ , ਉੱਚੇ – ਲੰਮੇ ਗੱਭਰੂ, ਮੁਟਿਆਰਾਂ , ਗੁਰੂਆਂ – ਪੀਰਾਂ , ਦਰਿਆਵਾਂ , ਭੰਗੜੇ , ਪਗੜੀ ਅਤੇ ਬੈਲ ਗੱਡੀਆਂ ਦਾ ਦ੍ਰਿਸ਼ ਸੁਭਾਵਿਕ ਹੀ ਮਨ ਵਿੱਚ ਆਪਣੀ ਛਾਪ ਛੱਡ ਜਾਂਦਾ ਹੈ ਅਤੇ ਦਿਲੋ ਦਿਮਾਗ਼ ਵਿੱਚ ਖੁਸ਼ਹਾਲੀ , ਮਿਲਵਰਤਨ, ਸਿਦਕ ਸਿਰੜ , ਮਿਹਨਤ , ਸਾਦਗੀ , ਇਮਾਨਦਾਰੀ , ਪਰਉਪਕਾਰ ਤੇ ਜਜ਼ਬੇ ਦੀ ਭਾਵਨਾ ਘਰ ਕਰ ਜਾਂਦੀ ਹੈ । ਪੰਜਾਬ ਭਾਰਤੀ ਭੂ – ਖੰਡ ਦਾ ਅਜਿਹਾ ਖੇਤਰ ਹੈ ਜਿਸ ਦੀਆਂ ਹੱਦਾਂ ਪੂਰਵ ਇਤਿਹਾਸ ਕਾਲ ਤੋਂ ਲੈ ਕੇ ਅਜੋਕੇ ਸਮੇਂ ਤੱਕ ਬਦਲਦੀਆਂ ਰਹੀਆਂ ਹਨ ।

ਆਜ਼ਾਦੀ ਸਮੇਂ ਪੰਜਾਬ ਦੀ ਧਰਤੀ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ (ਲਹਿੰਦਾ ਪੰਜਾਬ) ਵਿੱਚ ਤਕਸੀਮ ਹੋ ਗਈ। ਪੰਜਾਬ ਉਹ ਮਹਾਨ ਤੇ ਪਵਿੱਤਰ ਧਰਤੀ ਹੈ ਜਿੱਥੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ “ਖਾਲਸਾ ਪੰਥ” ਦੀ ਸਥਾਪਨਾ ਕੀਤੀ ਅਤੇ ਗਿੱਦੜਾਂ ਨੂੰ ਸ਼ੇਰ ਬਣਾਇਆ। ਇਸ ਧਰਤੀ ‘ਤੇ ਹੀ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਜਿਹੇ ਯੋਧੇ ਪੈਦਾ ਹੋਏ। ਇਸ ਪੰਜਾਬ ਦੀ ਧਰਤੀ ‘ਤੇ ਹੀ ਮਹਾਰਾਜਾ ਰਣਜੀਤ ਸਿੰਘ ਜੀ , ਸਰਦਾਰ ਹਰੀ ਸਿੰਘ ਨਲੂਆ ਜੀ , ਬਾਬਾ ਬੰਦਾ ਸਿੰਘ ਜੀ ਬਹਾਦਰ ਆਦਿ ਮਹਾਨ ਜਰਨੈਲ ਪੈਦਾ ਹੋਏ ।

ਪੰਜਾਬ ਦੇ ਪਿੰਡਾਂ ਦੀਆਂ ਰੌਣਕਾਂ , ਚੌਪਾਲਾਂ , ਸੱਥਾਂ , ਰੁੱਖਾਂ , ਹਰੇ – ਭਰੇ ਖੇਤਾਂ, ਦੇਸੀ ਖੇਡਾਂ ਅਤੇ ਮਿਲਾਪੜੇ ਲੋਕਾਂ ਦਾ ਕੀ ਕਹਿਣਾ । ਪੰਜਾਬੀਆਂ ਨੇ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ , ਆਜ਼ਾਦੀ ਦੀ ਲੜਾਈ ਵਿੱਚ ਅਥਾਹ ਯੋਗਦਾਨ ਪਾਇਆ , ਧਾੜਵੀਆਂ ਨੂੰ ਮੂੰਹ ਤੋੜ ਜਵਾਬ ਦਿੱਤੇ ਅਤੇ ਸਿਦਕ ਤੇ ਸਿਰੜ ਨਾਲ ਆਪਣੀ ਧਰਤੀ ਅਤੇ ਵਿਰਸੇ ਦੀ ਸੰਭਾਲ ਤੇ ਰੱਖਿਆ ਕੀਤੀ । ਪੰਜਾਬ ਦਾ ਪੌਣ – ਪਾਣੀ ਵੀ ਬਹੁਤ ਚੰਗਾ ਅਤੇ ਸ਼ੁੱਧ ਹੈ , ਇੱਕ ਵਾਰ ਜੋ ਇੱਥੇ ਆ ਜਾਵੇ ਉਹ ਇੱਥੇ ਦਾ ਹੀ ਹੋ ਕੇ ਰਹਿ ਜਾਂਦਾ ਹੈ । ਪੰਜਾਬ ਗੁਰੂਆਂ – ਪੀਰਾਂ ਦੀ ੳੁਹ ਪਵਿੱਤਰ ਧਰਤੀ ਹੈ ਜਿੱਥੋਂ ਸਾਨੂੰ ਮਹਾਂਪੁਰਖਾਂ ਤੋਂ ਜੀਵਨ ਦਾਇਕ ਅਨੋਖੀ ਤੇ ਵਡਮੁੱਲੀ ਸਿੱਖਿਆ ਵੀ ਵਿਰਸੇ ਵਿੱਚ ਮਿਲੀ ਹੈ ਜਿਸ ਦਾ ਕੋਈ ਸਾਨੀ ਨਹੀਂ ।

ਪੰਜਾਬ ਦੇ ਪੱਖੀਵਾਸ ਕਬੀਲਿਆਂ ਵਿੱਚ ਮਿਰਾਸੀ , ਮਦਾਰੀ , ਲੱਲੀ , ਸਿਕਲੀਗਰ , ਗਾਡੀ ਲੁਹਾਰ , ਮਾਰਵਾੜੀ , ਬਾਜ਼ੀਗਰ , ਕਰਨਾਟੀ ਨੱਟ ਆਦਿ ਦੀ ਆਪਣੀ ਵੱਖਰੀ ਹੀ ਦਿਖ ਹੈ । ਪੰਜਾਬ ਦੇ ਵਿਆਹਾਂ ਦੀਆਂ ਰਸਮਾਂ ਜਿਵੇਂ ਵਟਣਾ ਮਲਣਾ, ਕੁੜੀ ਦੇ ਮਹਿੰਦੀ ਲਾਉਣੀ , ਮੁੰਡੇ ਦੀਆਂ ਅੱਖਾਂ ਵਿੱਚ ਭਰਜਾਈਆਂ ਵੱਲੋਂ ਸੁਰਮਾ ਪਾਉਣਾ , ਜੰਞ ਦਾ ਢੁਕਾਅ, ਮਿਲਣੀ , ਲਾਵਾਂ , ਪਾਣੀ ਵਾਰਨਾ , ਛਿਟੀਆਂ ਖੇਡਣਾ ਆਦਿ ਬਹੁਤ ਹੀ ਅਨੰਦਦਾਇਕ ਅਤੇ ਦਿਲ ਨੂੰ ਛੂਹ ਜਾਣ ਵਾਲੀਆਂ ਰਸਮਾਂ ਹਨ। ਕਬੱਡੀ , ਖੋਹ – ਖੋਹ , ਕਿੱਕਲੀ, ਖਿੱਦੋ ਖੂੰਡੀ , ਗੁੱਲੀ ਡੰਡਾ , ਗੱਤਕਾ ਆਦਿ ਮਸ਼ਹੂਰ ਪੰਜਾਬੀ ਖੇਡਾਂ ਹਨ । ਸਾਡੇ ਗੁਰੂ ਸਾਹਿਬਾਨਾਂ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਦਾ ਤਾਂ ਕੀ ਕਹਿਣਾ । ਇਸ ਦਾ ਕੋਈ ਸਾਨੀ ਨਹੀਂ। ਗੁਰੂ ਘਰਾਂ ਵਿੱਚ ਵਰਤਾਏ ਜਾਂਦੇ ਅਤੁੱਟ ਲੰਗਰ ਪੰਜਾਬ ਦੀ ਪਹਿਚਾਣ ਮਰਿਆਦਾ ਅਤੇ ਦਿਖ ਨੁੰ ਵੱਖਰੀ ਤੇ ਨਿਆਰੀ ਰੰਗਤ ਦਿੰਦੇ ਹਨ।

ਮਨੁੱਖਤਾ ਦੀ ਸੇਵਾ ਲਈ ਇਹ ਪੰਜਾਬ ਤੇ ਪੰਜਾਬੀਆਂ ਦਾ ਬਹੁਤ ਵੱਡਾ ਉਪਰਾਲਾ ਹੈ । ਪੰਜਾਬ ਦੇ ਮਾਝੇ ਮਾਲਵੇ ਤੇ ਦੁਆਬੇ ਆਦਿ ਖੇਤਰਾਂ ਦੀ ਆਪਣੀ ਅਲੱਗ ਅਲੱਗ ਖਾਸੀਅਤ ਹੈ । ਦੁਆਬੇ ਦੀ ਦਿਲਕਸ਼ ਖੁੱਲੀ – ਡੁੱਲੀ ਹਰੀ ਭਰੀ ਧਰਤੀ ਵੀ ਮਨ ਨੂੰ ਟੁੰਬ ਜਾਂਦੀ ਹੈ ।ਦੁਆਬਾ ਅੰਬਾਂ ਕਰਕੇ ਵੀ ਜਾਣਿਆ ਜਾਂਦਾ ਹੈ । ਕਹਿੰਦੇ ਵੀ ਹਨ , “ਅੰਬੀਆਂ ਨੂੰ ਤਰਸੇਂਗੀ , ਛੱਡ ਕੇ ਦੇਸ਼ ਦੋਆਬਾ ।” ਲਹਿ – ਲਹਾਉਂਦੀਆਂ ਫ਼ਸਲਾਂ ਦਾ ਦ੍ਰਿਸ਼ ਹਰ ਕਿਸੇ ਨੂੰ ਮੋਹ ਲੈਂਦਾ ਹੈ । ਪਿੱਪਲਾਂ ਅਤੇ ਬੋਹੜਾਂ ਦੀਆਂ ਠੰਢੀਆਂ ਮਿੱਠੀਆਂ ਛਾਵਾਂ ਅਤੇ ਹਸਮੁੱਖ ਤੇ ਮਿਲਾਪੜੇ ਸੁਭਾਅ ਦੇ ਨੇਕਦਿਲ ਲੋਕ ਹਰ ਕਿਸੇ ਦੇ ਦਿਲ ਨੂੰ ਭਾ ਜਾਂਦੇ ਹਨ । ਪੰਜਾਬੀ ਗਹਿਣਿਆਂ ਤੇ ਪੁਸ਼ਾਕਾਂ ਦਾ ਆਪਣਾ ਹੀ ਨਿਆਰਾਪਣ ਹੈ । ਪਗੜੀ , ਕੁੜਤਾ , ਪਜਾਮਾ ਤੇ ਤੰਬਾ ਪੰਜਾਬੀਆਂ ਨੂੰ ਨਿਵੇਕਲੀ ਸ਼ਾਨ ਬਖ਼ਸ਼ਦੇ ਹਨ ।

ਕੋਕਰੂ , ਵਾਲੀਆਂ , ਟਿੱਕਾ , ਕੈਂਠਾ , ਕੜਾ , ਮੁੱਛਾਂ ਵਾਲੀ ਪੰਜਾਬੀ ਜੁੱਤੀ, ਧੌੜੀ ਦੀ ਜੁੱਤੀ , ਨਗਾਰਾ, ਤ੍ਰਿੰਝਣ , ਫੁਲਕਾਰੀ , ਸੱਥਾਂ, ਹਲਟ ,ਬਲਦ ,ਟਾਹਲੀਆਂ ,ਕਿੱਕਰਾਂ ,ਚਾਟੀ – ਮਧਾਣੀ , ਗਹੂੜੀਆਂ ਕਾਟੋ , ਚਿਮਟਾ , ਢੋਲ , ਬੈਲਗੱਡੀਆਂ ਦੀਆਂ ਦੌੜਾਂ, ਪੀਂਘਾਂ ਝੂਟਦਿਆਂ ਮੁਟਿਆਰਾਂ ,ਮੇਲੇ , ਹੋਲਾ – ਮਹੱਲਾ , ਗੁਰਦੁਆਰੇ , ਕ੍ਰਿਪਾਨ , ਬਰਛਾ , ਨੇਜਾ , ਢਾਲ , ਟਰੈਕਟਰ ਟਰਾਲੀਆਂ , ਹਰੇ ਭਰੇ ਖੇਤ ਅਤੇ ਹਸਮੁੱਖ ਸੁਭਾਅ ਪੰਜਾਬ ਦੇ ਸੱਭਿਆਚਾਰ ਤੇ ਅਮੀਰ ਵਿਰਸੇ ਨੂੰ ਦਰਸਾਉਂਦੇ ਹਨ। “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਪੰਜਾਬੀਆਂ ਦਾ ਪ੍ਰਸਿੱਧ ਅਖਾਣ ਹੈ।

ਪੰਜਾਬ ਦੀਆਂ ਬੋਲੀਆਂ , ਟੱਪੇ , ਢੋਲਾ, ਮਾਹੀਆ , ਸਿੱਠਣੀਆਂ , ਲੋਰੀਆਂ , ਵਾਰਾਂ , ਅਖਾਣ , ਬੁਝਾਰਤਾਂ , ਸੱਸੀ ਪੁਨੂੰ , ਹੀਰ ਰਾਂਝਾ , ਮਿਰਜ਼ਾ ਸਾਹਿਬਾਂ ਦੀਆਂ ਕਹਾਣੀਆਂ , ਬਾਬਾ ਫਰੀਦ ਦੇ ਸਲੋਕ , ਬੁੱਲ੍ਹੇ ਸ਼ਾਹ ਤੇ ਸ਼ਾਹ ਹੁਸੈਨ ਦੀਆਂ ਕਾਫ਼ੀਆਂ , ਸੁਲਤਾਨ ਬਾਹੂ ਦੀਆਂ ਸੀਹਰਫੀਆਂ , ਵਾਰਸ ਸ਼ਾਹ ਦੀਆਂ ਰਚਨਾਵਾਂ , ਵਾਰਿਸ ਦੀ ਹੀਰ , ਪੀਲੂ ਦਾ ਮਿਰਜ਼ਾ , ਹਾਸ਼ਮ ਦੀ ਸੱਸੀ ਤੇ ਕਾਦਰਯਾਰ ਦਾ ਪੂਰਨ ਭਗਤ , ਲੁਧਿਆਣੇ ਦਾ ਛਪਾਰ ਮੇਲਾ , ਸ੍ਰੀ ਅਨੰਦਪੁਰ ਸਾਹਿਬ ਦੀ ਵਿਸਾਖੀ , ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੀ ਦੀਵਾਲੀ , ਗਿੱਧਾ , ਭੰਗੜਾ , ਸੰਮੀ, ਝੂਮਰ,ਕੁਕੜਾਂ ਤਿਤਰਾਂ ਦੀ ਲੜਾਈ, ਲੋਕ ਚਿੱਤਰਕਾਰੀ , ਅਖਾਣ : ਪੰਚਾਂ ਵਿੱਚ ਪਰਮੇਸ਼ਰ ਤੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ‘ਤੇ” , ਵੀਰਤਾ ਅਤੇ ਅਣਖ, ਸੱਚੀ ਸੁੱਚੀ ਤੇ ਮਿੱਠੀ ਪੰਜਾਬੀ ਭਾਸ਼ਾ , ਧਰਮ ਨਿਰਲੇਪਤਾ , ਬਾਜ਼, ਮੋਰੜੇ ਘੋੜੇ , ਜਗਰਾਉਂ ਦਾ ਰੌਸ਼ਨੀਆਂ ਦਾ ਮੇਲਾ , ਸੁਰਿੰਦਰ ਕੌਰ , ਰੇਸ਼ਮਾ ਤੇ ਗੁਰਦਾਸ ਮਾਨ ਜਿਹੇ ਲੋਕ ਗਾਇਕ , ਲਾੜੇ ਪਾਸੋਂ ਸੁਣੇ ਜਾਂਦੇ ਛੰਦ ਆਦਿ ਪੰਜਾਬ ਅਤੇ ਪੰਜਾਬੀਅਤ ਦੀ ਛਾਪ ਦਿੰਦੇ ਹਨ , ਜਿਨ੍ਹਾਂ ਵਿੱਚੋਂ ਸਾਡੇ ਵਿਰਸੇ ਅਤੇ ਸੱਭਿਆਚਾਰ ਦੀ ਝਲਕ ਆਪ – ਮੁਹਾਰੇ ਹੀ ਨਿਕਲ ਕੇ ਸਾਹਮਣੇ ਆ ਜਾਂਦੀ ਹੈ ।

ਇਹੀ ਅਲੌਕਿਕਤਾ ਅਤੇ ਦਿੱਖ ਪੰਜਾਬੀਆਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਭਾਵੇਂ ਕਿ ਅੱਜ ਕਾਫੀ ਕੁਝ ਸਾਡੇ ਮਨਾਂ ਜਾਂ ਵਿਰਸੇ ਵਿੱਚੋਂ ਲੋਪ ਹੁੰਦਾ ਜਾ ਰਿਹਾ ਹੈ , ਪਰ ਫਿਰ ਵੀ ਸੱਚ ਕਹਾਂ “ਨਹੀ ਰੀਸਾਂ ਮੇਰੇ ਪਿਆਰੇ ਪੰਜਾਬ ਦੀਆਂ”।
“ਦੇਸ਼ਾਂ ਵਿੱਚੋਂ ਦੇਸ ਪੰਜਾਬ ,
ਦਿਲ ਦਿਮਾਗ਼ ਰੂਹ ਵਿੱਚ ਪੰਜਾਬ,
ਹੱਸਦਾ ਵਸਦਾ ਰਹੇ ਪੰਜਾਬ,
ਦੁੱਖਾਂ ਮੁਸੀਬਤਾਂ ਤੋੰ ਬਚੇ ਪੰਜਾਬ ,
ਦਿਨ – ਰਾਤ ਤਰੱਕੀਆਂ ਕਰੇ ਪੰਜਾਬ , ਦੁਨੀਆ “ਚ ਨਾਂ ਉੱਚਾ ਕਰੇ ਪੰਜਾਬ।”

ਮਾਸਟਰ ਸੰਜੀਵ ਧਰਮਾਣੀ

 

 

 

 

 

 

 

ਸ੍ਰੀ ਅਨੰਦਪੁਰ ਸਾਹਿਬ
9478561356.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ‘ਚ ਨਕਲੀ ਸ਼ਰਾਬ ਦਾ ‘ਕਾਰੋਬਾਰ’ ਕਰੋੜਾਂ ਰੁਪਏ ਤੋਂ ਪਾਰ, ਕਿੱਥੇ ਹੈ ‘ਸਰਕਾਰ’!
Next articleਜਨਮ-ਦਿਵਸ ਬਨਾਮ ਸੂਰਜ