ਮੇਰਾ ਘੁਮਿਆਰਾ (ਭਾਗ 10)

ਰਮੇਸ਼ ਸੇਠੀ ਬਾਦਲ
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ)  “ਬਾਬਾ ਤੂੰ ਮੈਂਬਰ ਖੜ੍ਹਾਂ ਹੋ ਜਾ। ਜਿੱਤ ਜਾਵੇਂਗਾ।” ਮੇਰੇ ਦਾਦਾ ਜੀ ਦੀ ਦੁਕਾਨ ਤੇ ਖੜ੍ਹੇ  ਬਾਬੇ ਜੱਸੇ ਨੂੰ ਮੈਂ ਕਿਹਾ। ਓਦੋਂ ਮੇਰੀ ਉਮਰ ਕੋਈਂ ਦਸ ਬਾਰਾਂ ਸਾਲ ਦੀ ਸੀ। ਪਿੰਡ ਚ ਪੰਚਾਇਤੀ ਚੋਣਾਂ ਲਈ ਮਾਹੌਲ ਗਰਮ ਸੀ। ਓਹੀ ਹੋਇਆ  ਬਾਬਾ ਜੱਸਾ ਖੜ੍ਹਾਂ ਹੋ ਗਿਆ ਤੇ ਜਿੱਤਕੇ ਪੰਚਾਇਤ ਮੈਂਬਰ ਬਣ ਗਿਆ। ਸ਼ਾਇਦ ਇਹ ਇਤਫ਼ਾਕ ਹੀ ਸੀ। “ਮੈਨੂੰ ਇਸ ਪੋਤਰੇ ਨੇ ਮੈਂਬਰ ਬਣਾਇਆ ਹੈ।” ਉਹ ਮੇਰੇ ਵੱਲ ਇਸ਼ਾਰਾ ਕਰਕੇ ਹਰ ਇੱਕ ਨੂੰ ਦੱਸਦਾ। ਇੱਥੇ ਸਾਹਿਬ ਸਿੰਹ ਲੰਬੜਦਾਰ ਤੋਂ ਗੱਲ ਸ਼ੁਰੂ ਕਰਦੇ ਹਾਂ। ਉਹ ਮੇਰੇ ਦਾਦਾ ਜੀ ਦਾ ਪਾਗੀ ਸੀ। ਉਸਦਾ ਵੱਡਾ ਲੜਕਾ ਦਲੋਰ ਸਿੰਘ ਮੇਰੇ ਪਾਪਾ ਜੀ ਦਾ ਸਹਿਪਾਠੀ ਸੀ। ਜੰਗ ਫੌਜੀ ਵੀ ਮੇਰੇ ਦਾਦਾ ਜੀ ਦਾ ਖ਼ਾਸ ਲਿਹਾਜੀ ਸੀ। ਉਸਦਾ ਦਾ ਭਰਾ ਹਾਕਮ ਚੁਬਾਰਾ ਵੀ ਵਧੀਆ ਬੰਦਾ ਸੀ। ਭਾਵੇਂ ਉਹ ਸੁਭਾਅ ਦਾ ਅੜਬ ਸੀ ਪ੍ਰੰਤੂ ਮੇਰਾ ਮੋਹ ਕਰਦਾ ਸੀ। ਉਹ ਮੈਨੂੰ ਆਪਣੇ ਮੁੰਡੇ ਦੀ ਬਰਾਤ ਰਾਜਸਥਾਨ ਦੇ ਪਿੰਡ ਸਾਬੂਆਣੇ ਲੈਕੇ ਗਿਆ।  ਇਸ ਤੋਂ ਪਹਿਲ਼ਾਂ ਜਾਂ ਬਾਅਦ ਵਿੱਚ ਮੈਂ ਪਿੰਡੋਂ ਕਦੇ ਕਿਸੇ ਦੀ ਬਰਾਤ ਨਹੀਂ ਗਿਆ। “ਪੋਤਰਿਆ ਤੂੰ ਤਿਆਰ ਰਹੀਂ ਜੰਞ ਜਾਣ ਲਈ।”  ਬਾਬੇ ਚੁਬਾਰੇ ਨੇ ਇੱਕ ਦਿਨ ਮੈਨੂੰ ਤਾਕੀਦ ਕਰਦੇ ਹੋਏ ਕਿਹਾ ਸੀ। ਉਸਨੇ ਮੇਰੇ ਦਾਦਾ ਜੀ ਨੂੰ ਵੀ ਇਸ ਬਾਰੇ ਪੱਕਾ ਕੀਤਾ। ਬਾਬੇ ਜੰਗ ਫੌਜੀ ਦੇ ਪਿਤਾ ਦਾ ਨਾਮ ਬਦਨ ਸਿੰਘ ਸੀ। ਮੈਂ ਉਸਨੂੰ ਨੋਹਰੇ ਦੇ ਦਰਵਾਜ਼ੇ ਵਿੱਚ ਮੰਜੇ ਤੇ ਅਰਾਮ ਕਰਦੇ ਹੀ ਵੇਖਦਾ। ਸਾਡੇ ਘਰਾਂ ਕੋਲ੍ਹ ਕਪੂਰ ਰੱਬ ਵੀ ਰਹਿੰਦਾ ਸੀ। ਉਹ ਮੇਰੇ ਦਾਦਾ ਜੀ ਕੋਲ੍ਹ ਰੋਜ਼ ਗੇੜੀ ਮਾਰਦਾ ਸੀ। ਘੁਮਿਆਰੇ ਪਿੰਡ ਦੇ ਕਈ ਲੋਕਾਂ ਦੇ ਨਾਮ ਹੀ ਅਜੀਬ ਜਿਹੇ ਸਨ ਜਿਵੇਂ ਤਾਇਆ ਗੈਂਠੀ, ਗਲੋਲੂ, ਕੂਤਨ, ਲੀਫ਼ੂ ਵਗੈਰਾ। ਹਰੀਜਨ   ਵੇਹੜੇ ਵਾਲਾ ਤਾਇਆ ਹਰਦਿਆਲ ਪੰਚ ਵੀ ਪੂਰਾ ਪੰਚਾਇਤੀ ਬੰਦਾ ਸੀ। ਪਹਿਲ਼ਾਂ ਮੁਕੰਦ ਸਿੰਘ ਸਰਪੰਚ ਹੁੰਦਾ ਸੀ ਫਿਰ ਨਰ ਸਿੰਘ ਸਰਪੰਚ ਬਣਿਆ। ਇੱਕ ਜੋਂਗੇ ਵਾਲਾ ਵੀ ਪਿੰਡ ਦਾ ਸਰਪੰਚ ਰਿਹਾ। ਸਾਡੇ ਘਰਾਂ ਕੋਲ੍ਹ ਰਹਿੰਦੇ ਬਾਬਾ ਬਲਬੀਰ ਅਤੇ ਸਰਬਨ ਦੋਨੇ ਸਕੇ ਭਰਾ ਸਨ। ਇਹ੍ਹਨਾਂ ਦਾ ਪਰਿਵਾਰ ਵੱਡਾ ਸੀ। ਬਾਬੇ ਬਲਬੀਰ ਦਾ ਮੁੰਡਾ ਬਾਬੂ ਸਿੰਘ ਮੇਰੇ ਪਾਪਾ ਦਾ ਦੋਸਤ ਸੀ ਜੋ ਬਆਦ ਵਿਚ ਸਰਪੰਚ ਬਣਿਆ ਤੇ ਉਸਦੇ ਛੋਟੇ ਭਰਾ ਛੋਟਾ ਸਿੰਘ ਤੇ ਥਾਣਾ ਸਿੰਘ ਪੂਰੀ ਲਿਹਾਜ ਰੱਖਦੇ। ਪਿੰਡ ਦੇ ਕਈ ਬੰਦੇ ਪੁਲਸ ਮੁਲਾਜਿਮ ਸਨ ਤੇ ਕਈ ਫੌਜ਼ ਵਿੱਚ ਸਨ। ਬਲਦੇਵ ਥਾਣੇਦਾਰ ਮਸ਼ਹੂਰ ਸੀ ਤੇ ਬਾਅਦ ਵਿੱਚ ਜਨਕ ਸਿੰਘ ਡੀ ਐਸ ਪੀ ਬਣਿਆ। ਉਸਦਾ ਛੋਟਾ ਭਰਾ ਅਜਮੇਰ ਮੇਰੇ ਨਾਲ ਪੜ੍ਹਦਾ ਸੀ। ਮੇਰੇ ਦੋਸਤ ਗੁਰਮੀਤ ਦਾ ਭਰਾ ਚੰਡੀਗੜ੍ਹ ਕਿਸੇ ਚੰਗੇ ਆਹੁਦੇ ਤੇ ਸੀ। ਨੰਦ ਗਿਆਨੀ ਅਤੇ ਲੋਹਾਰੇ ਵਾਲ਼ਾ ਕਰਤਾਰ ਵੀ ਪੜ੍ਹਿਆਂ ਲਿਖਿਆਂ ਵਿੱਚ ਗਿਣੇ ਜਾਂਦੇ ਸਨ। ਮੇਰੇ ਪਾਪਾ ਜੀ ਮਾਲ ਪਟਵਾਰੀ ਸਨ। ਇੱਕ ਪਿੰਡ ਦੇ ਸੇਠ ਤੇ ਫਿਰ ਮੁਲਾਜਿਮ। ਲੋਕ ਵਾਹਵਾ ਇੱਜਤ ਕਰਦੇ ਸਨ। ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਪਿੰਡ ਦੇ ਧੜਵਾਈ ਸਨ। ਉਹ ਜਿੰਮੀਦਾਰਾਂ ਦੇ ਖੇਤਾਂ ਦਾ ਕੰਮ ਕਰਾਉਣ ਵਾਲੇ ਸੀਰੀਆਂ ਦਾ ਹਿਸਾਬ ਕਿਤਾਬ ਲਿਖਦੇ। ਫਸਲ ਆਉਣ ਤੇ ਸਾਰੀ ਫਸਲ ਤੋਲਕੇ ਸੀਰੀ ਦਾ ਹਿੱਸਾ ਅਨਾਜ ਦੇ ਰੂਪ ਵਿੱਚ  ਦਿੰਦੇ। ਉਹ ਸਾਰੀ ਸਾਰੀ ਰਾਤ ਬੋਹਲ ਤੋਲਦੇ ਰਹਿੰਦੇ। ਵਿਆਹਾਂ ਦੇ ਮੌਕੇ ਉਹ ਵਿਆਹ ਲਈ ਆਏ ਨਿਉਂਦਰੇ ਨੂੰ ਲਾਲ ਵਹੀਆਂ ਤੇ ਲਿਖਦੇ। ਸਾਡੇ ਘਰ ਇੱਕ ਅਲਮਾਰੀ ਇਹ੍ਹਨਾਂ ਵਹੀਆਂ ਨਾਲ ਭਰੀ ਹੁੰਦੀ ਸੀ। ਵਿਆਹ ਵੇਲੇ ਉਹ ਤੱਕਡ਼ੀ ਨਾਲ ਤੋਲਕੇ ਸਰੀਕੇ ਕਬੀਲੇ ਦੇ ਘਰਾਂ ਚ ਪਰੋਸੇ ਭੇਜਦੇ। ਵਿਆਹ ਵਾਲੇ ਘਰ ਵੱਲੋਂ ਵਿਆਹ ਤੋਂ ਕੁਝ ਦਿਨ ਪਹਿਲ਼ਾਂ ਘਰੇ ਹਲਵਾ ਬਣਾਇਆ ਜਾਂਦਾ ਸੀ ਜੋ  ਕਿੱਲੋ, ਦੋ ਕਿੱਲੋ ਤੋਲਕੇ  ਥਾਲੀਆਂ ਰਾਹੀਂ ਲੋਕਾਂ ਘਰੇ ਭੇਜਿਆ ਜਾਂਦਾ ਸੀ। ਪਿੰਡ ਦਾ ਨਾਈ ਨਾਲੇ ਪਰੋਸਾ ਦੇ ਕੇ ਆਉਂਦਾ ਨਾਲੇ ਅਗਲੇ ਨੂੰ ਨਿਉਂਦਰਾ ਪਾਉਣ ਦਾ ਸੱਦਾ ਦੇਕੇ ਆਉਂਦਾ।  ਇਸ ਕੰਮ ਲਈ ਸਾਡੇ ਘਰ ਤਿੰਨ ਸੌ ਦੇ ਕਰੀਬ ਪਿੰਡ ਦੀਆਂ ਸਾਂਝੀਆਂ  ਕਿਨਾਰੇ ਵਾਲੀਆਂ ਪਿੱਤਲ ਦੀਆਂ ਥਾਲੀਆਂ ਸਨ। ਪਿੰਡ ਵਾਲੇ ਦਾਦਾ ਜੀ ਨੂੰ ਸੇਠ ਜਾਂ ਸੇਠਾ ਆਖਕੇ ਬੁਲਾਉਂਦੇ। ਵੱਡੇ ਛੱਪੜ ਕੋਲ੍ਹ ਰਹਿੰਦੇ ਬਾਬੇ ਪ੍ਰੀਤਮ ਸਿੰਘ ਹੁਰੀ ਕਈ ਭਰਾ ਸਨ। ਚਿੱਟੀ ਦਾਹੜੀ ਵਾਲਾ ਬਾਬਾ ਪ੍ਰੀਤਾ ਬੁਢਾਪੇ ਵਿੱਚ ਵੀ ਸਾਈਕਲ ਚਲਾਉਂਦਾ ਤੇ ਬਰੇਕਾਂ ਦੀ ਬਜਾਇ ਜਮੀਨ ਤੇ ਪੈਰ ਲਗਾਕੇ ਸਾਈਕਲ ਰੋਕਦਾ। ਉਹ ਮੇਰੇ ਦੋਸਤ ਬਲਦੇਵ ਕੱਛੂ ਦਾ ਦਾਦਾ ਸੀ ਤੇ ਸਾਰੇ ਭਰਾਵਾਂ ਨਾਲੋਂ ਨਰਮ ਸੀ। ਸਾਡੇ ਨਾਲ ਦੀ ਗਲੀ ਵਿਚ ਰਹਿੰਦੇ ਤਾਏ ਜੋਗਿੰਦਰ ਹੁਰੀ ਵੀ ਕਈ ਭਰਾ ਸਨ। ਤਾਇਆ ਰੰਗਾ ਸਭ ਤੋਂ ਛੋਟਾ ਸੀ। ਅਸੀਂ ਉਹਨਾਂ ਘਰੋਂ ਲੱਸੀ ਲੈਣ ਜਾਂਦੇ। ਤਾਈਂ ਦਾ ਵੱਡਾ ਮੁੰਡਾ ਓਦੋਂ ਛੋਟਾ ਹੀ ਸੀ ਜੋ ਬਹੁਤ ਗੋਰਾ ਸੀ। ਇਸ ਕਰਕੇ ਇਸ ਘਰ ਨੂੰ ਅਸੀਂ ਗੋਰੇ ਮੁੰਡੇ ਕੇ ਹੀ ਕਹਿੰਦੇ। ਇਹ੍ਹਨਾਂ ਨਾਲ ਤਾਏ ਭੂਰੇ ਦਾ ਘਰ ਸੀ। ਇਹ ਤਾਇਆ ਪੂਰਾ ਲੜਾਕਾ ਸੀ ਲੜ੍ਹਨ ਝਗੜਨ ਨੂੰ ਤਿਆਰ ਰਹਿੰਦਾ ਸੀ। ਕੇਰਾਂ ਉਸਨੇ ਪਿੰਡ ਆਲੇ ਯੋਧੇ ਨੂੰ ਖੂਬ ਖੜਕਾਇਆ।  ਤਾਇਆ ਗੰਡਾਸਾ ਲ਼ੈਕੇ ਉਸ ਤੇ ਟੁੱਟ ਪਿਆ। ਯੋਧਾ ਆਪਣੇ ਘਰ ਨੂੰ ਭੱਜ ਗਿਆ। ਯੋਧਾ ਨਿਹੰਗ ਬਾਣੇ ਵਿੱਚ ਰਹਿੰਦਾ ਸੀ ਤੇ ਬਹੁਤ ਬੋਲਦਾ ਸੀ। ਖੋਰੇ ਉਹ ਕੋਈ ਨਸ਼ਾ ਕਰਦਾ ਸੀ। ਤਾਏ ਭੂਰੇ ਦੇ ਘਰ ਦੇ ਨਾਲ ਹੀ ਤਾਏ ਜੰਗ ਸਿੰਹੁ ਅਤੇ ਭਾਗ ਸਿਹੁੰ ਦਾ ਘਰ ਸੀ। ਤਾਏ ਭਾਗ ਸਿੰਘ ਦਾ ਮੁੰਡਾ ਕੰਤੀ ਮੇਰਾ ਸਹਿਪਾਠੀ ਵੀ ਸੀ। ਸੱਥ ਤੋਂ ਵੱਡੇ ਛੱਪੜ ਨੂੰ ਆਉਂਦੇ ਤਾਏ ਬੀਜੇ ਦਾ ਘਰ ਸੀ। ਉਹਨਾਂ ਦੇ ਬਾਰ ਮੂਹਰੇ ਪਾਣੀ ਵਾਲਾ ਨਲਕਾ ਲੱਗਿਆ ਹੋਇਆ ਸੀ। ਜਿਸ ਦੀ ਇੱਕ ਪਾਈਪ ਉਹਨਾਂ ਨੇ ਆਪਣੇ ਘਰ ਪਵਾਈ ਹੋਈ ਸੀ। ਉਹ ਬਾਹਰੋਂ ਨਲਕਾ ਗੇੜਦੇ ਤੇ ਅੰਦਰ ਪਸ਼ੂਆਂ ਨੂੰ ਪਾਣੀ ਪਿਆ ਲੈਂਦੇ। ਉਹਨਾਂ ਦੀ ਇਸ ਸਹੁਲੀਆਤ ਨੂੰ ਵੇਖਕੇ ਅਸੀ  ਹੈਰਾਨ ਹੁੰਦੇ। ਦੂਜਾ ਨਲਕਾ ਬਾਬੇ ਰੌਣਕੀ ਦੇ ਘਰ ਮੂਹਰੇ ਪਿੰਡ ਦੀ ਕੱਚੀ ਥਿਆਈ ਮੂਹਰੇ ਸੀ। ਸੁਣਿਆ ਸੀ ਕਿ ਬਾਬਾ ਸੰਪੂਰਨ ਜੋ ਕਦੇ ਦੇਵੀ ਲਾਲ ਨਾਲ ਕੁਸ਼ਤੀ ਲੜਦਾ ਸੀ। ਉਸ ਦੇ ਤਿੰਨ ਮੁੰਡੇ ਸਨ ਤਾਇਆ ਜੈਬਾ ਬਾਹਰ ਡਿੱਗੀ ਕੋਲ੍ਹ ਰਹਿੰਦਾ ਸੀ। ਉਹਨਾਂ ਕੋਲ੍ਹ ਬਹੁਤ ਵੱਡਾ ਟਰੈਕਟਰ ਸੀ। ਵਿਚਕਾਰਲਾ ਉਸ ਤੋਂ ਵੀ ਅੱਗੇ ਡਿੱਗੀ ਦੇ ਪਿਛਲੇ ਪਾਸੇ ਵੱਡੇ ਨੋਹਰੇ ਚ। ਉਸਦੇ ਨੇੜੇ ਹੀ ਬਾਬੇ ਗਿਆਨੇ ਅਤੇ ਉਸਦੇ ਭਰਾ ਮੱਲੇ ਬੋਲੇ ਦਾ ਘਰ ਸੀ। ਬਾਬੇ ਸੰਪੂਰਨ ਕੇ ਘਰ ਦੇ ਨਾਲ ਹੀ ਇੱਕ ਲੰਬਾ ਜਿਹਾ ਘਰ ਹੋਰ ਸੀ। ਉਹਨਾ ਦਾ ਇੱਕ ਜਵਾਨ ਮੁੰਡਾ ਬੋਘਾ ਜੋ  ਵਾਲੀਬਾਲ ਦਾ ਵਧੀਆ ਖਿਡਾਰੀ ਸੀ ਅਚਾਨਕ ਮਰ ਗਿਆ ਸੀ। ਉਸਦੀ ਮੰਗਣੀ ਹੋਈ ਨੂੰ ਕੁਝ ਸਮਾਂ ਹੀ ਹੋਇਆ ਸੀ। ਕਹਿੰਦੇ ਬੋਘੇ ਦਾ ਇੱਕ ਵੱਡਾ ਭਰਾ ਸੀ ਜੋ ਪਹਿਲ਼ਾਂ ਗੁਜ਼ਰ ਗਿਆ ਸੀ। ਬਾਬੇ ਦੇ ਕਈ ਕੁੜੀਆਂ ਸਨ। ਫਿਰ ਬਾਬੇ ਨੇ ਵੱਡੀ ਉਮਰ ਵਿੱਚ  ਵਿਆਹ ਕਰਵਾ ਲਿਆ। ਜਿਸ ਤੋਂ ਜੁੜਵਾਂ ਮੁੰਡੇ ਹੋਏ। ਲੋਕੀ ਕਹਿੰਦੇ ਬੋਘਾ ਤੇ ਮੋਘਾ ਵਾਪਿਸ ਆ ਗਏ। ਪਿੰਡ ਦੇ ਬਾਹਰ ਫਿਰਨੀ ਕੋਲ੍ਹ ਰਹਿੰਦੇ ਬਾਬੇ ਵਰਿਆਮੇ ਕਿਆਂ ਨੂੰ ਦਰਵੇਸ਼ ਕਹਿੰਦੇ ਸਨ। ਵੀਰਵਾਰ ਨੂੰ ਉਹ ਸੰਗਤ ਲਾਉਂਦੇ। ਬਾਬਾ ਗੁੱਡੀ ਭਗਤ ਉੱਚੀ ਆਵਾਜ਼ ਵਿੱਚ ਸ਼ਬਦ ਬੋਲਦਾ।  ਰਾਤ ਟਿਕੀ ਹੋਣ ਕਰਕੇ ਉਹ ਪਿੰਡ ਦੀ ਦੂਜੀ ਜੂਹ ਤੱਕ ਸੁਣਦਾ। ਹੁਣ ਮਹਾਂ ਸਿੰਘ ਕਮਲੇ ਦਾ ਜਿਕਰ ਕਰਨਾ ਵੀ ਜਰੂਰੀ ਹੈ। ਉਸ ਨੂੰ ਕਮਲਾ ਕਿਉਂ ਕਹਿੰਦੇ ਸਨ ਇਸ ਦੇ ਕਈ ਕਿੱਸੇ ਮਸ਼ਹੂਰ ਸਨ। ਪੂਰਾ ਪਿੰਡ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦਾ ਸੀ।  ਲੋਕਾਂ ਦੇ ਕਿਰਦਾਰ ਵਧੀਆ ਸਨ। ਘੁਮਿਆਰਾ ਮੇਰੀ ਜਨਮ ਭੂਮੀ ਹੈ। ਮੇਰੀਆਂ ਰਗਾਂ ਵਿੱਚ ਘੁਮਿਆਰੇ ਦੀ ਮਿੱਟੀ ਅਤੇ ਖੁਸ਼ਬੋ ਸਮਾਈ ਹੋਈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸ਼ਭ ਸਵੇਰ ਦੋਸਤੋ
Next articleਪੰਜਾਬ ਵਿੱਚ ਨਸ਼ਾ ਰੋਕਣ ਵਾਲਿਆਂ ਦੇ ਉੱਪਰ ਨਸ਼ਾ ਤਸਕਰਾਂ ਦਾ ਜ਼ੁਲਮੀ ਕਹਿਰ