ਮੇਰਾ ਘੁਮਿਆਰਾ

ਰਮੇਸ਼ ਸੇਠੀ ਬਾਦਲ
ਭਾਗ 19
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਉਂਜ ਇਨਸਾਨ ਸਿਰ ਆਪਣੀ ਜਨਮਭੂਮੀ ਦਾ ਕਰਜ਼ ਹੁੰਦਾ ਹੈ। ਕੁਝ ਲੋਕ ਆਪਣੇ ਨਾਨਕਿਆਂ ਦੀ ਭੂਮੀ ਤੇ ਖੇਡੇ ਅਤੇ ਵੱਡੇ ਹੋਏ ਹੁੰਦੇ ਹਨ। ਉਹ ਵੀ ਇਹ ਕਰਜ਼ ਉਤਾਰਨਾ ਚਾਹੁੰਦੇ ਹਨ। ਇਸੇ ਤਰ੍ਹਾਂ ਸ੍ਰੀ ਹਰਦਰਸ਼ਨ ਸੋਹਲ ਨੇ ਆਪਣੇ ਨਾਨਕੇ ਪਿੰਡ ਘੁਮਿਆਰੇ  ਦੀ ਮਿੱਟੀ ਵਿੱਚ ਖੇਡਣ ਦਾ ਕਰਜ਼ ਮੋੜਨ ਦੀ ਕੋਸ਼ਿਸ਼  ਕੀਤੀ ਹੈ ਤੇ ਇਸ ਵਿੱਚ ਉਹ ਸਫਲ ਵੀ ਹੋਇਆ ਹੈ। ਬਹੁਤੇ ਵਾਰੀ ਅਸੀਂ ਦੇਖਦੇ ਹਾਂ ਕਿ ਨਾਨਕਿਆਂ ਦਾ ਅੰਨ ਖਾਕੇ ਇਹ ਦੋਹਤੇ ਆਪਣੇ ਦਾਦਕਿਆਂ ਦੇ ਹੀ ਗੁਣ ਗਾਉਂਦੇ ਹਨ। ਪੁਰਾਣੇ ਬਜ਼ੁਰਗ ਦੋਹਤਿਆਂ ਨੂੰ ਆਮ ਤੌਰ ਤੇ ਹਰਾਮਖੋਰ ਕਹਿ ਦਿੰਦੇ ਹਨ। ਪ੍ਰੋ ਹਰਦਰਸ਼ਨ ਸੋਹਲ ਨੇ ਇਸ ਮਿੱਥ ਨੂੰ ਤੋੜਿਆ ਹੈ ਉਸਦੀਆਂ ਯਾਦਾਂ ਵਿੱਚ ਘੁਮਿਆਰੇ ਦੀਆਂ ਗਲੀਆਂ ਦੀ ਮਹਿਕ ਸਮਾਈ ਹੋਈ ਹੈ। ਇਸ ਦਾ ਜ਼ਿਕਰ ਉਹ  ਆਪਣੇ ਖੋਜ ਗ੍ਰੰਥ “ਮਾਖਿਓਂ ਮਿੱਠਾ ਮੇਰਾ ਮਾਲਵਾ।” ਵਿੱਚ ਬਾਖੂਬੀ ਕਰਦਾ ਹੈ। ਉਸਨੇ ਉਸ ਸਮੇਂ ਦੇ ਪਿੰਡ ਘੁਮਿਆਰਾ ਦੇ ਹਾਲਾਤਾਂ ਅਤੇ ਲੋਕਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਉਸ ਨੇ ਘੁਮਿਆਰੇ ਦੇ ਰੀਤ ਰਿਵਾਜਾਂ ਅਤੇ ਛੋਟੇ ਮੋਟੇ ਹਾਦਸਿਆਂ ਬਾਰੇ ਖੁੱਲ੍ਹਕੇ ਲਿਖਿਆ ਹੈ। ਖੁਦ ਵੀ ਸੋਹਲ ਇੱਕ ਵਧੀਆ ਆਰਟਿਸਟ, ਕਵੀ, ਲੇਖਕ ਅਤੇ ਵਿਰਸਾ ਪ੍ਰੇਮੀ ਹੈ। ਉਸ ਦੀਆਂ ਕਲਾ ਕ੍ਰਿਤੀਆਂ ਦੇਸ਼ ਦੇ ਕੋਨੇ ਕੋਨੇ ਚ ਸਸ਼ੋਬਿਤ ਹਨ। ਉਸ ਦੀਆਂ ਲਿਖੀਆਂ ਕਿਤਾਬਾਂ ਵੀ ਸਾਨੂੰ ਪ੍ਰੇਰਨਾ ਦਿੰਦੀਆਂ ਹਨ। ਪੁਰਾਤਨ ਵਿਰਸੇ ਨੂੰ ਸੰਭਾਲਦੇ ਹੋਏ ਸ੍ਰੀ ਸੋਹਲ ਜੀ ਨੇ ਪਿੰਡ ਜੈ ਸਿੰਘ ਵਾਲਾ ਵਿਖੇ ਉਮਰਾਓ ਹਵੇਲੀ ਦੇ ਨਾਮ  ਤੇ ਇੱਕ ਅਜਾਇਬ ਘਰ ਬਣਾਇਆ ਹੈ। ਜੋ ਇਲਾਕੇ ਲਈ ਹੀ ਨਹੀਂ ਸੂਬੇ ਲਈ ਤੋਹਫ਼ਾ ਹੈ। ਉਹ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਮੇਰੇ ਪਿੰਡ ਘੁਮਿਆਰਾ ਨੂੰ ਦਿੰਦਾ ਹੈ। ਉਸਦਾ ਬਚਪਨ ਘੁਮਿਆਰੇ ਹੀ ਬੀਤਿਆ ਹੈ। ਕਿਤੇ ਨਾ ਕਿਤੇ ਮੈਨੂੰ ਹਰਦਰਸ਼ਨ ਸੋਹਲ ਚੋ ਘੁਮਿਆਰੇ ਦੀ ਰੰਗਤ ਅਤੇ ਸੰਗਤ ਦਾ ਝਲਕਾਰਾ ਪੈਂਦਾ ਹੈ। ਸ੍ਰੀ ਸੋਹਲ ਦੀ ਮਾਤਾ ਭਾਗ  (ਮਾਤਾ ਗੁਰਚਰਨ ਕੌਰ) ਬਾਬਾ ਮੀਹਾਂ ਸਿੰਘ  ਪਿੰਡ ਘੁਮਿਆਰਾ ਦੀ ਜਾਈ ਹੈ। ਇਹ੍ਹਨਾਂ ਦਾ ਘਰ ਮੇਰੇ ਦਾਦਾ ਜੀ ਦੀ ਹੱਟੀ ਦੇ ਨੇੜੇ ਸੱਥ ਕੋਲ੍ਹ ਸੀ। ਘਰਾਂ ਚੋ ਸਾਡੀ ਭੂਆ ਲੱਗਦੀ ਭੂਆ ਭਾਗ ਆਪਣੇ ਭਰਾਵਾਂ ਮਹਿੰਗਾ ਸਿੰਘ ਅਤੇ ਰੂਪ ਸਿੰਘ ਸਮੇਤ ਆਪਣੇ ਸਰੀਕੇ ਕਬੀਲੇ ਦੀਆਂ ਖੂਬ ਗੱਲਾਂ ਸੁਣਾਉਂਦੀ ਹੈ। ਆਪਣੇ ਪੇਕੇ ਘੁਮਿਆਰੇ ਦੇ ਬਹੁਤ ਸਾਰੇ ਕਿੱਸੇ ਉਸਦੇ ਦਿਮਾਗ ਵਿੱਚ ਤਰੋਤਾਜ਼ਾ ਰਹਿੰਦੇ ਹਨ। ਹਰ ਔਰਤ ਵਾੰਗੂ ਆਪਣੇ ਪੇਕੇ ਮੇਰੇ ਘੁਮਿਆਰਾ ਦਾ ਨਾਮ  ਸੁਣਕੇ ਉਸਦੇ ਚੇਹਰੇ ਤੇ ਲਾਲੀ ਆ ਜਾਂਦੀ ਹੈ।  ਇਸੇ ਤਰ੍ਹਾਂ ਮੇਰੇ ਬਚਪਨ ਵਿੱਚ ਮੈਂ ਵੇਖਿਆ ਕਿ ਸ੍ਰੀ ਬਲਬੀਰ ਸਿੰਘ ਗੁਰਦੁਆਰੇ ਦਾ ਪਾਠੀ ਹੁੰਦਾ ਸੀ। ਉਸ ਤੋਂ ਇਲਾਵਾ ਪਿੰਡ ਵਿੱਚ ਹੋਰ ਵੀ ਪਾਠੀ ਅਤੇ ਆਖੰਡ ਪਾਠੀ ਸਨ। ਮੇਰੇ ਪਿੰਡ ਦੇ ਇੱਕ ਹੋਰ ਪਾਠੀ  ਗੁਰਦਿਆਲ ਸਿੰਘ ਦਾ ਚੇਹਰਾ ਯਾਦ ਆਉਂਦਾ ਹੈ ਜਿਸ ਨੂੰ ਸਾਰੇ ਗੁਰਦਿਆਲ  ਭਾਈ ਜੀ ਕਹਿੰਦੇ ਸਨ। ਬੀਬੀ ਦਾਹੜੀ ਵਾਲਾ ਪਤਲੇ ਜੁੱਸੇ ਅਤੇ ਬਾਹਲੇ ਪੱਕੇ ਰੰਗ ਦਾ ਬਾਬਾ ਗੁਰਦਿਆਲ ਵੇਖਣ ਪੱਖੋਂ ਬਹੁਤ ਧਾਰਮਿਕ ਲੱਗਦਾ ਸੀ ਅਤੇ ਸੀ ਵੀ ਧਾਰਮਿਕ। ਕਹਿੰਦੇ ਦੇਸ਼ ਦੀ ਵੰਡ ਵੇਲੇ ਉਸਨੇ ਇੱਕ   ਦੂਸਰੇ ਫਿਰਕੇ ਦੇ ਆਦਮੀ ਦਾ ਤਲਵਾਰ ਮਾਰਕੇ ਕਤਲ ਕਰ ਦਿੱਤਾ ਸੀ। ਆਪਣੀ ਜਾਨ ਬਚਾਉਣ ਲਈ ਉਸਨੇ ਬਹੁਤ ਹੱਥ ਜੋੜੇ ਪ੍ਰੰਤੂ ਉਹ ਫਿਰਕੂ ਫਸਾਦਾਂ ਦੀ ਭੇਟ ਚੜ੍ਹ ਗਿਆ।
ਉਹਨਾਂ ਦਿਨਾਂ ਵਿੱਚ ਪਿੰਡ ਵਿੱਚ ਬਾਬੇ ਨਾਨਕ ਭਾਈ ਬਾਲੇ ਅਤੇ ਮਰਦਾਨੇ ਦੀ ਹਿੱਲਣ ਵਾਲੀ ਤਸਵੀਰ ਹੁੰਦੀ ਸੀ। ਜਿਸ ਦੇ ਪਿੱਛੇ ਟਾਈਮਪੀਸ ਵਾਲੀ ਮਸ਼ੀਨ ਫਿੱਟ ਸੀ। ਇਹ ਚਾਬੀ ਨਾਲ ਚੱਲਦੀ ਸੀ। ਜਿਸ ਕਰਕੇ ਬਾਬੇ ਨਾਨਕ  ਜੀ ਦਾ ਸ਼ੀਸ਼, ਸ਼ੀਸ਼ ਪਿਛਲਾ ਚੱਕਰ, ਭਾਈ ਮਰਦਾਨੇ ਦੇ ਹੱਥ ਫੜ੍ਹੀ ਰਬਾਬ ਅਤੇ ਭਾਈ ਬਾਲੇ ਦੇ ਹਥਲਾ ਚਵਰ ਹਿਲਦਾ ਸੀ। ਇਹ ਚਾਚੇ ਰਾਠੀ ਘਰੇ ਹੁੰਦੀ ਸੀ ਜੋ ਉਸਨੂੰ ਸਹੁਰਿਆਂ ਵੱਲੋਂ ਦਾਜ ਵਿੱਚ ਮਿਲੀ ਸੀ। ਜਦੋਂ ਕਿਸੇ ਘਰੇ ਸ੍ਰੀ ਆਖੰਡ ਪਾਠ ਹੁੰਦਾ ਤਾਂ ਇਹ ਤਸਵੀਰ ਮਹਾਰਾਜ ਅੱਗੇ ਰੱਖੀ ਜਾਂਦੀ ਸੀ। ਸਾਡੇ ਲਈ ਇਹ ਤਸਵੀਰ ਬਹੁਤ ਵੱਡੀ ਗੱਲ ਸੀ। ਹਰ ਕੋਈਂ ਜਦੋਂ ਘਰੇ ਸਧਾਰਨ ਪਾਠ ਜਾਂ ਸ੍ਰੀ ਆਖੰਡ ਪਾਠ ਕਰਾਉਂਦਾ ਉਹ ਚੱਲਣ ਵਾਲੀ ਤਸਵੀਰ ਰਾਠੀ ਘਰੋਂ ਲ਼ੈ ਆਉਂਦਾ।
ਪਿੰਡ ਵਿੱਚ ਰਹਿੰਦਿਆ ਨੇ ਅਸੀਂ  ਊਸ਼ਾ ਕੰਪਨੀ ਦਾ ਪ੍ਰੈਸ਼ਰ ਕੂਕਰ ਲਿਆਂਦਾ। ਜਿਸ ਨੂੰ ਉਸ ਪਤੀਲੀ ਵਜੋਂ ਪ੍ਰਚਾਰਿਤ ਕੀਤਾ ਗਿਆ ਜਿਸ ਵਿੱਚ ਕੜ੍ਹਸ਼ੀਂ ਨਹੀਂ ਹਿਲਾਉਣੀ ਪੈਂਦੀ। ਹਰ ਸਬਜ਼ੀ ਦੋ ਜਾਂ ਤਿੰਨ ਮਿੰਟਾਂ ਵਿੱਚ ਬਣ ਜਾਂਦੀ ਸੀ। ਮੇਰੇ ਪਿੰਡ ਲਈ ਇਹ ਅਜੀਬ ਚੀਜ਼ ਸੀ। ਕਿਸੇ ਵੀ ਨਵੀਂ ਚੀਜ਼ ਨੂੰ ਪਿੰਡ ਵਾਲੇ ਚਾਅ ਨਾਲ ਵੇਖਣ ਆਉਂਦੇ ਸਨ।
ਹੁਣ ਘੁਮਿਆਰੇ ਦੀ ਗੱਲ ਹੋਵੇ ਤੇ ਧੱਤੂ ਬਾਜੀਗਰ ਦਾ ਜ਼ਿਕਰ ਨਾ ਹੋਵੇ। ਇਹ ਕਿਵ਼ੇਂ ਹੋ ਸਕਦਾ ਹੈ। ਧੱਤੂ ਮਧਰੇ ਜਿਹੇ ਕੱਦ ਦਾ ਗੋਰੇ ਜਿਹੇ ਰੰਗ ਦਾ ਆਦਮੀ ਸੀ। ਉਹ ਸਾਰੇ ਕੰਮ ਕਰਦਾ ਸੀ। ਉੱਠ ਬੋਤੇ ਭੇਡਾਂ ਮੁੰਨਣ ਦਾ ਮਾਹਿਰ ਸੀ। ਉਸ ਦੀ ਚਾਲ ਵੇਖਕੇ ਦੂਰੋਂ ਉਸ ਦੀ ਪਹਿਚਾਣ ਆ ਜਾਂਦੀ ਸੀ।   ਘੁਮਿਆਰੇ ਵਿੱਚ ਅਜਿਹੇ ਵੰਨ ਸੁਵੰਨੇ ਕਿਰਦਾਰ ਰਹਿੰਦੇ ਸਨ। ਜਿੰਨ੍ਹਾਂ ਨੂੰ ਭੁੱਲਣਾ ਸੁਖਾਲਾ ਨਹੀਂ ਹੁੰਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਪਰਾ ਦੀਆਂ ਲੋਕ ਸਮੱਸਿਆਵਾਂ ਨੂੰ ਲੈ ਕੇ ਆਪ ਆਗੂ ਜਤਿੰਦਰ ਸਿੰਘ ਦੀ ਅਗਵਾਈ ਹੇਠ ਵਫ਼ਦ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਕੀਤੀ ਮੁਲਾਕਾਤ
Next articleਬੁੱਧ ਬਾਣ