(ਸਮਾਜ ਵੀਕਲੀ)
ਦੇਸ਼ ਭਾਵੇਂ ਮੇਰਾ ਇਹ ਆਜ਼ਾਦ ਹੋਇਆ ਹੈ ,
ਪਰ ਇੱਥੇ ਸੁੱਖ ਨਾਆਬਾਦ ਹੋਇਆ ਹੈ ।
ਕਰਜ਼ੇ ‘ਚ ਡੁੱਬੀ ਕਾਮੇ ਦੀ ਕਹਾਣੀ ਹੈ ,
ਨੀਵੀਂ ਸੋਚ ਵਿੱਚ ਕੈਦ ਧੀ ਧਿਆਣੀ ਹੈ।
ਅੰਨਦਾਤਾ ਹੋਰ ਬਰਬਾਦ ਹੋਇਆ ਹੈ..
ਦੇਸ਼ ਭਾਵੇਂ ਮੇਰਾ …….
ਲੀਡਰਾਂ ਤੋਂ ਮਿਲ਼ੇ ਬੱਸ ਲਾਰੇ-ਲੱਪੇ ਨੇ ,
ਦਿਨ ਸਾਡੇ ਹੌਕਿਆਂ ‘ਚ ਭਿੱਜ ਟੱਪੇ ਨੇ ।
ਹਾਕਮ ਤੋਂ ਆਲਮ ਨਾਸ਼ਾਦ ਹੋਇਆ ਹੈ ..
ਦੇਸ਼ ਭਾਵੇਂ ਮੇਰਾ ..
ਰੁਜ਼ਗਾਰ ਮੰਗਦੀ ਜਵਾਨੀ ਖੜ੍ਹੀ ਐ,
ਹਾਕਮਾਂ ਨੇ ਫੜੀ ਦੇਖੋ ਕੈਸੀ ਅੜੀ ਐ,
ਐਵੇਂ ਨਹੀਓਂ ਫ਼ਾਲਤੂ ਵਿਵਾਦ ਹੋਇਆ ਹੈ..
ਦੇਸ ਭਾਵੇਂ ਮੇਰਾ ….
ਤੰਗੀਆਂ ‘ਚ ਮਰਦਾ ਗ਼ਰੀਬ ਬੰਦਾ ਹੈ,
ਜੱਗ ਜਣਨੀ ਦਾ ਡਾਢਾ ਹਾਲ ਮੰਦਾ ਹੈ,
ਹਰਾ-ਭਰਾ ਬਾਗ਼ ਬੇਅਬਾਦ ਹੋਇਆ ਹੈ..
ਦੇਸ ਭਾਵੇਂ ਮੇਰਾ …
ਹੱਕਾਂ ਲਈ ‘ਸਰਬ’ ਜਿਹੜੇ ਲੋਕ ਲੜਦੇ,
ਕੁਰਸੀ ‘ਤੇ ਬੈਠਿਆਂ ਦੀ ਚਾਲ ਫੜਦੇ,
ਹਾਕਮਾਂ ਦੇ ਭਾਣੇ ਇਹ ਫ਼ਸਾਦ ਹੋਇਆ ਹੈ..
ਦੇਸ ਭਾਵੇਂ ਮੇਰਾ ….
ਦੇਸ ਭਾਵੇਂ ਮੇਰਾ ਇਹ ਆਜ਼ਾਦ ਹੋਇਆ ਹੈ,
ਪਰ ਇੱਥੇ ਸੁੱਖ ਨਾਆਬਾਦ ਹੋਇਆ ਹੈ।
ਸਰਬਜੀਤ ਕੌਰ ਭੁੱਲਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly