“ਮੇਰਾ ਦੇਸ਼ ਪਖੰਡੀ ਬਾਬਿਆਂ ਦਾ —–

ਇੰਜੀ.ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ) ਤਰਕ ਅਤੇ ਅੰਧਵਿਸ਼ਵਾਸ, ਸੱਚ ਅਤੇ ਝੂਠ ਅਗਿਆਨ ਅਤੇ ਵਿਗਿਆਨ, ਦੀ ਲੜਾਈ ਹੁਣ ਤੋਂ ਹੀ ਨਹੀਂ ਇਹ ਸਦੀਆਂ ਤੋਂ ਚਲਦੀ ਆ ਰਹੀ ਹੈ ਲੇਕਿਨ ਜਿੱਤ ਹਮੇਸ਼ਾ ਸੱਚ, ਤਰਕ ਅਤੇ ਵਿਗਿਆਨ ਦੀ ਹੋਈ ਹੈ ਜਿਸ ਦੀ ਉਦਾਹਰਣ ਸਦੀਆਂ ਪਹਿਲਾਂ ਅਰਸਤੂ, ਪਲੈਟੋ, ਅਤੇ ਗੈਲੀਲਿਓ ਵਰਗੇ ਮਹਾਨ ਦਾਰਸ਼ਨਿਕਾ ਦੇ ਤਰਕ ਦੇ ਆਧਾਰ ਤੇ ਤੱਥਾਂ ਤੋਂ ਮਿਲਦੀ ਹੈ ਉਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਧਰਤੀ, ਸੂਰਜ ਚੰਦ ਤਾਰੇ ਸਾਰੇ ਬ੍ਰਹਿਮੰਡ ਦਾ ਹਿੱਸਾ ਹਨ ਉਨ੍ਹਾਂ ਨੇ ਦੁਨੀਆਂ ਵਿੱਚ ਫੈਲੇ ਅੰਧਵਿਸ਼ਵਾਸ ਨੂੰ ਖਤਮ ਕਰਨ ਲਈ ਬਹੁਤ ਕੋਸ਼ਿਸ਼ ਕੀਤੀ ਅਤੇ ਕਈਆਂ ਨੂੰ ਆਪਣੀ ਬਲੀ ਵੀ ਦੇਣੀ ਪਈ। ਅੱਜ ਵੀਹਵੀਂ ਸਦੀ ਵਿੱਚ ਬਹੁਤ ਸਾਰੇ ਦੇਸ਼ ਤਰਕ ਅਤੇ ਵਿਗਿਆਨਕ ਸੋਚ ਦੀ ਰੋਸ਼ਨੀ ਨਾਲ ਅੰਧਵਿਸ਼ਵਾਸੀ ਹਨੇਰੇ ਵਿੱਚੋਂ ਨਿਕਲ ਕੇ ਵਿਕਸਤ ਦੇਸ਼ ਬਣ ਚੁੱਕੇ ਹਨ ਪਰ ਅਫਸੋਸ ਕਿ ਭਾਰਤ ਦੇਸ਼ ਦੇ ਜ਼ਿਆਦਾ ਤਰ ਲੋਕ ਰੂੜ੍ਹੀਵਾਦੀ ਸੋਚ ਕਾਰਨ ਵਹਿਮਾਂ-ਭਰਮਾਂ ਅਤੇ ਸਮਾਜਿਕ ਬੁਰਾਈਆਂ ਵਿੱਚ ਜਕੜੇ ਹੋਏ ਹਨ ਅੱਜ ਵੀ ਲੋਕਾਂ ਦੀ ਅੰਧ ਵਿਸ਼ਵਾਸੀ ਮਾਨਸਿਕਤਾ ਦਾ ਫਾਇਦਾ ਉਠਾ ਕੇ ਪਖੰਡੀ ਬਾਬੇ, ਸਾਧ-ਸੰਤ, ਤਾਂਤਰਿਕ ਅਤੇ ਜੋਤਸੀ ਆਦਿ ਉਨ੍ਹਾਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸੋਸ਼ਣ ਕਰ ਰਹੇ ਹਨ ਅਜੇ ਕੁਝ ਦਿਨ ਪਹਿਲਾਂ ਹੀ ਇੱਕ ਬਾਬੇ ਦੇ ਪੈਰਾਂ ਦੀ ਧੂੜ ਮੱਥੇ ਲਾਉਣ ਦੇ ਚੱਕਰ ਚ 200 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਹਜ਼ਾਰਾਂ ਹੀ ਲੋਕ ਜ਼ਖ਼ਮੀ ਹੋ ਗਏ ਹਨ। ਲੋਕ ਪੱਖੀ ਸਰਕਾਰਾਂ ਦਾ ਕਾਨੂੰਨੀ ਤੇ ਨੈਤਿਕ ਫਰਜ਼ ਬਣਦਾ ਹੈ ਕਿ ਜਿੱਥੇ ਉਹ ਆਪਣੇ ਨਾਗਰਿਕਾਂ ਨੂੰ ਜੀਵਨ ਦੀਆਂ ਬਿਹਤਰ ਬੁਨਿਆਦੀ ਸਹੂਲਤਾਂ ਅਤੇ ਸੁਰੱਖਿਆ ਮੁੱਹਈਆ ਕਰਾਉਣ ਉੱਥੇ ਉਨ੍ਹਾਂ ਨੂੰ ਅੰਧ ਵਿਸ਼ਵਾਸਾਂ ਵਹਿਮਾਂ-ਭਰਮਾਂ ਤੋਂ ਬਚਾਉਣ ਲਈ ਅਤੇ ਇਨ੍ਹਾਂ ਦੀ ਆੜ ਹੇਠ ਲੁੱਟ ਕਰਨ ਵਾਲੇ ਪਖੰਡੀਆਂ ’ਤੇ ਵੀ ਕਾਨੂੰਨੀ ਪਾਬੰਦੀ ਲਾਉਣ ਪਰ ਮੌਜੂਦਾ ਸਰਕਾਰਾਂ ਤੇ ਸਿਆਸੀ ਪਾਰਟੀਆਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਇਹ ਸਭ ਕੁਝ ਮੂਕ ਦਰਸ਼ਕ ਬਣ ਕੇ ਵੇਖ ਰਹੀਆਂ ਹਨ। ਅਫਸੋਸ ਦੀ ਗੱਲ ਹੈ ਕਿ ਮੌਜੂਦਾ ਵਿਗਿਆਨ ਦੇ ਯੁੱਗ ਵਿੱਚ ਅਜਿਹਾ ਗੈਰ ਮਨੁੱਖੀ ਤੇ ਗੈਰ ਕਾਨੂੰਨੀ ਵਰਤਾਰਾ ਵਾਪਰ ਰਿਹਾ ਹੈ। ਅਸੀਂ ਸਵੇਰ ਤੋਂ ਲੈ ਕੇ ਰਾਤ ਤਕ ਵਿਗਿਆਨ ਦੀਆਂ ਈਜਾਦ ਕੀਤੀਆਂ ਸੁੱਖ ਸਹੂਲਤਾਂ ਤਾਂ ਮਾਣਦੇ ਹਾਂ ਪਰ ਜ਼ਿੰਦਗੀ ਵਿੱਚ ਕਦੇ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਪਿਛਲੇ ਸਮੇਂ ਵਿੱਚ ਦੇਸ਼ ਅਤੇ ਪੰਜਾਬ ਵਿਚਲੇ ਕਈ ਡੇਰਿਆਂ ਵਿੱਚ ਬਲਾਤਕਾਰ, ਕਤਲ ਅਤੇ ਲੁੱਟ ਦੀਆਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ ਹਨ ਪਰ ਸਾਡੀਆਂ ਸਰਕਾਰਾਂ ਨੇ ਅਜਿਹੀਆਂ ਅਪਰਾਧਕ, ਗੈਰ ਮਨੁੱਖੀ ਅਤੇ ਅੰਧ ਵਿਸ਼ਵਾਸੀ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਦੇਸ਼ ਵਿੱਚੋਂ ਪਖੰਡੀ ਬਾਬਿਆਂ, ਤਾਂਤਰਿਕਾਂ, ਸਾਧਾਂ ਅਤੇ ਜੋਤਸ਼ੀਆਂ ਦੀਆਂ ਗੈਰਕਾਨੂੰਨੀ ਦੁਕਾਨਾਂ ਬੰਦ ਕਰਾਉਣ ਲਈ ਕੋਈ ਠੋਸ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਲੋਕਤੰਤਰ ਦਾ ਚੌਥਾ ਥੰਮ੍ਹ ਅਖਵਾਉਣ ਵਾਲੇ ਪ੍ਰਿੰਟ ਅਤੇ ਸੋਸ਼ਲ ਮੀਡੀਆ ਦਾ ਇੱਕ ਵੱਡਾ ਹਿੱਸਾ ਵੀ ਆਪਣੇ ਵਪਾਰਕ ਹਿੱਤਾਂ ਖ਼ਾਤਰ ਅਜਿਹੇ ਪਖੰਡੀਆਂ ਦੀ ਗ਼ੈਰਕਾਨੂੰਨੀ ਅਤੇ ਝੂਠੀ ਇਸ਼ਤਿਹਾਰਬਾਜੀ ਕਰਕੇ ਉਨ੍ਹਾਂ ਦੇ ਲੁੱਟ ਦੇ ਵਪਾਰ ਨੂੰ ਹੋਰ ਵਧਣ ਫੁੱਲਣ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਅੰਧ ਵਿਸ਼ਵਾਸ ਅਤੇ ਵਹਿਮ-ਭਰਮ ਫੈਲਾਉਣ ਵਾਲੇ ਪਖੰਡੀਆਂ ਦਾ ਇਹ ਗ਼ੈਰਕਾਨੂੰਨੀ ਧੰਦਾ ਬਿਨਾਂ ਕਿਸੇ ਰੋਕ ਟੋਕ ਦੇ ਸ਼ਰੇਆਮ ਲਗਾਤਾਰ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਸ਼ਾਤਿਰ ਲੋਕ ਭੋਲੇ ਭਾਲੇ ਅਤੇ ਗਰੀਬ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਅੰਧ ਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਅਖੌਤੀ ਚਮਤਕਾਰੀ ਸ਼ਕਤੀਆਂ ਵਿੱਚ ਫਸਾ ਕੇ ਉਨ੍ਹਾਂ ਦੀ ਹੱਕ ਹਲਾਲ ਦੀ ਕਮਾਈ ਲੁੱਟੀ ਜਾ ਰਹੇ ਹਨ। ਇਸ ਕਾਰਨ ਦਿਨੋ ਦਿਨ ਲੋਕ ਸਰੀਰਕ ਅਤੇ ਮਾਨਸਿਕ ਰੋਗਾਂ ਅਤੇ ਖੁਦਕਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਸਮੁੱਚੇ ਵਰਤਾਰੇ ਪਿੱਛੇ ਮੁੱਖ ਵਜ੍ਹਾ ਇਹ ਹੈ ਕਿ ਮੌਜੂਦਾ ਲੋਕ ਵਿਰੋਧੀ ਰਾਜ ਪ੍ਰਬੰਧ ਵਿੱਚ ਕਥਿਤ ਦੱਬੇ ਕੁਚਲੇ ਵਰਗਾਂ ਦੇ ਲੋਕ ਜ਼ਿੰਦਗੀ ਵਿੱਚ ਪੈਰ-ਪੈਰ ਉੱਤੇ ਆਰਥਿਕ, ਮਾਨਸਿਕ, ਸਮਾਜਿਕ, ਸਰੀਰਕ, ਪਰਿਵਾਰਕ ਅਤੇ ਹੋਰ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਅਤੇ ਬੀਮਾਰੀਆਂ ਦਾ ਸਾਹਮਣਾ ਕਰਦੇ ਹੋਏ ਲਗਾਤਾਰ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ ਵਿੱਚੋਂ ਗੁਜ਼ਰ ਰਹੇ ਹਨ। ਉਹ ਸਮਝਦੇ ਹਨ ਕਿ ਸ਼ਾਇਦ ਇਹ ਡੇਰੇ, ਬਾਬੇ, ਸਾਧ, ਜੋਤਸੀ ਕਿਸੇ ਅਖੌਤੀ ਕਰਾਮਾਤੀ ਸ਼ਕਤੀ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਖ਼ਤਮ ਕਰ ਦੇਣਗੇ ਜਦੋਂਕਿ ਅਜਿਹਾ ਹੋਣਾ ਅਸੰਭਵ ਹੈ। ਅਜਿਹੇ ਚਲਾਕ ਅਨਸਰਾਂ ਵੱਲੋਂ ਆਪਣੀ ਕਥਿਤ ਗੈਬੀ ਸ਼ਕਤੀ ਜਾਂ ਧਾਗੇ ਤਵੀਤ, ਜਾਦੂ-ਟੂਣੇ ਨਾਲ ਬੀਮਾਰੀਆਂ ਦਾ ਇਲਾਜ ਕਰਨ ਜਾਂ ਸਮੱਸਿਆਵਾਂ ਦੂਰ ਕਰਨ ਦੀਆਂ ਗ਼ੈਰਕਾਨੂੰਨੀ ਕਾਰਵਾਈਆਂ ਅਤੇ ਇਤਰਾਜ਼ਯੋਗ ਇਸ਼ਤਿਹਾਰਬਾਜੀ ਕਾਨੂੰਨ 1954 ਅਤੇ ਮੈਡੀਕਲ ਰਜਿਸਟ੍ਰੇਸ਼ਨ ਐਕਟ ਦੀ ਸਿੱਧੀ ਉਲੰਘਣਾ ਹੈ। ਹਕੀਕਤ ਇਹ ਹੈ ਕਿ ਅਜਿਹੇ ਪਖੰਡੀ ਤੇ ਫਰੇਬੀ ਬਾਬਿਆਂ, ਜੋਤਸ਼ੀਆਂ, ਸਾਧਾਂ-ਸੰਤਾਂ ਨੂੰ ਕੁਝ ਸਿਆਸਤਦਾਨਾਂ ਦੀ ਸਿਆਸੀ ਸਰਪ੍ਰਸਤੀ ਹਾਸਲ ਹੁੰਦੀ ਹੈ ਕਿਉਂਕਿ ਉਹ ਉਨ੍ਹਾਂ ਲਈ ਚੋਣਾਂ ਮੌਕੇ ਵੋਟ ਬੈਂਕ ਦਾ ਜੁਗਾੜ ਕਰਦੇ ਹਨ। ਇਸੇ ਲਈ ਇਨ੍ਹਾਂ ਦੇ ਖਿਲਾਫ ਕਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ। ਜਾਦੂ-ਟੂਣਿਆਂ, ਭੂਤਾਂ-ਪ੍ਰੇਤਾਂ, ਗ੍ਰਹਿ ਚੱਕਰਾਂ, ਧਾਗੇ-ਤਵੀਤਾਂ, ਜਨਮ ਟੇਵਿਆਂ ਅਤੇ ਅਖੌਤੀ ਕਾਲੇ ਇਲਮ ਦੀਆਂ ਕਰਾਮਾਤੀ ਸ਼ਕਤੀਆਂ ਨਾਲ ਲੋਕਾਂ ਦੀਆਂ ਸਮੱਸਿਆਵਾਂ, ਦੁੱਖਾਂ ਤੇ ਬੀਮਾਰੀਆਂ ਦਾ ਹੱਲ ਕਰਨ ਅਤੇ ਮਨਚਾਹੀਆਂ ਖਾਹਿਸ਼ਾਂ ਪੂਰੀਆਂ ਕਰਨ ਦੇ ਝੂਠੇ ਦਾਅਵੇ ਕਰਨ ਵਾਲੇ ਪਖੰਡੀ ਬਾਬਿਆਂ, ਤਾਂਤਰਿਕਾਂ, ਸਾਧਾਂ, ਜੋਤਸ਼ੀਆਂ, ਵਸਤੂ ਸ਼ਾਸਤਰੀਆਂ ਅਤੇ ਪੁੱਛਾਂ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅੰਧ ਵਿਸ਼ਵਾਸ ਫੈਲਾਉਣ ਤੋਂ ਰੋਕਣ ਲਈ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾ ਕੇ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਲੁੱਟ ਨੂੰ ਰੋਕਿਆ ਜਾ ਸਕੇ। ਸਿੱਖਿਆ ਸਿਲੇਬਸ ਵਿੱਚੋਂ ਅੰਧ ਵਿਸ਼ਵਾਸੀ ਤੇ ਰੂੜ੍ਹੀਵਾਦੀ ਵਿਸ਼ਿਆਂ ਨੂੰ ਕੱਢ ਕੇ ਵਿਗਿਆਨਕ ਚੇਤਨਾ ਵਿਕਸਤ ਕਰਨ ਵਾਲੇ ਪਾਠ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ। ਹਰੇਕ ਨਾਗਰਿਕ ਲਈ ਬਰਾਬਰੀ ਦੇ ਆਧਾਰ ਉਤੇ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾਣ ਤਾਂ ਕਿ ਲੋਕ ਪਖੰਡੀ ਬਾਬਿਆਂ, ਡੇਰਿਆਂ, ਜੋਤਸ਼ੀਆਂ, ਅੰਧਵਿਸ਼ਵਾਸੀ ਵਹਿਮਾਂ ਅਤੇ ਸਮਾਜਿਕ ਬੁਰਾਈਆਂ ਦੇ ਝਾਂਸੇ ਵਿੱਚ ਨਾ ਫਸਣ। ਦੇਸ਼ ਵਿੱਚ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਨਾ ਹੋਣ ਕਰਕੇ ਇਹ ਪਖੰਡ ਬਾਜ਼ੀ ਅਤੇ ਅੰਧਵਿਸ਼ਵਾਸ ਜੋਰਾ ਤੇ ਹੈ ਇਸ ਲਈ ਜਦੋਂ ਤਕ ਲੋਕਾਂ ਦੀਆਂ ਬੁਨਿਆਦੀ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਖਤਮ ਨਹੀਂ ਹੁੰਦੀਆਂ ਅਤੇ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾ ਕੇ ਸਖਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ ਤਦ ਤਕ ਸਮਾਜ ਵਿੱਚੋਂ ਲੁੱਟ, ਸੋਸ਼ਣ ਅਤੇ ਜਬਰ ਜ਼ੁਲਮ ਦਾ ਇਹ ਗੈਰ ਮਨੁੱਖੀ ਵਰਤਾਰਾ ਖਤਮ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਕਾਰ ਨੂੰ ਵੀ ਆਪਣੀ ਕਾਨੂੰਨੀ ਤੇ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਪੰਜਾਬ ਵਿੱਚ ਵੀ ਮਹਾਰਾਸ਼ਟਰ ਦੀ ਤਰਜ਼ ਉੱਤੇ ਠੋਸ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਤੇ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਪਖੰਡੀਆਂ ਵੱਲੋਂ ਕੀਤੀ ਜਾਂਦੀ ਲੁੱਟ ਅਤੇ ਅਪਰਾਧ ਤੋਂ ਨਿਜਾਤ ਦਿਵਾਈ ਜਾ ਸਕੇ। ਇਸ ਸਬੰਧੀ ਸਮੂਹ ਇਨਸਾਫ਼ ਪਸੰਦ ਤੇ ਜਮਹੂਰੀ ਜਥੇਬੰਦੀਆਂ, ਬੁੱਧੀਜੀਵੀਆਂ ਅਤੇ ਮੀਡੀਆ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ। ਦੇਸ਼ ਅਤੇ ਪੰਜਾਬ ਦੇ ਲੋਕਾਂ ਦੀਆਂ ਅੱਧੀਆਂ ਤੋਂ ਜ਼ਿਆਦਾ ਸਮੱਸਿਆਵਾਂ ਅੰਧਵਿਸ਼ਵਾਸ ਨਾਲ ਜੁੜੀਆਂ ਹਨ ਜਦੋਂ ਤੱਕ ਸਾਡਾ ਦੇਸ਼ ਅੰਧਵਿਸ਼ਵਾਸ ਦੀ ਦਲਦਲ ਵਿਚੋਂ ਬਾਹਰ ਨਹੀਂ ਨਿਕਲਦਾ ਉਦੋਂ ਤੱਕ ਭਾਰਤ ਦੇਸ਼ ਜਪਾਨ, ਚੀਨ ਅਮਰੀਕਾ ਕਨੇਡਾ ਵਰਗੇ ਵਿਕਾਸਸ਼ੀਲ ਮੁਲਕਾਂ ਦਾ ਹਾਣੀ ਨਹੀਂ ਬਣ ਸਕਦਾ। ਪਿਛੇ ਜਿਹੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਵਿੱਚ ਅੰਧਵਿਸ਼ਵਾਸ ਖ਼ਿਲਾਫ਼ ਕਾਨੂੰਨ ਬਣਾਉਣ ਲਈ ਪੰਜਾਬ ਦੇ ਸਾਰੇ ਐਮ ਐਲ ਏ ਨੂੰ ਮੰਗ ਪੱਤਰ ਸੌਂਪੇ ਗਏ ਪਰ ਸਵਾਲ ਪੈਦਾ ਹੁੰਦਾ ਹੈ ਕਿ ਭਾਰਤ ਅਤੇ ਸੂਬੇ ਦੀਆਂ ਸਰਕਾਰਾਂ ਇਸ ਮੁੱਦੇ ਤੇ ਕਿਨੀਆਂ ਕੁ ਗੰਭੀਰ ਹਨ ?  ਮਹਾਰਾਸ਼ਟਰ ਵਿੱਚ ਪਿਛਲੇ ਸਾਲ ਤਰਕਸ਼ੀਲ ਆਗੂ ਅਤੇ ਅੰਧ ਸ਼ਰਧਾ ਨਿਰਮੂਲਣ ਸਮਿਤੀ ਦੇ ਸੰਸਥਾਪਕ ਡਾ. ਨਰਿੰਦਰ ਦਾਭੋਲਕਰ ਦੀ ਕੁਝ ਗੈਰ ਸਮਾਜਿਕ ਅਨਸਰਾਂ ਵੱਲੋਂ ਕੀਤੀ ਹੱਤਿਆ ਤੋਂ ਬਾਅਦ ਉੱਥੋਂ ਦੀ ਸਰਕਾਰ ਵੱਲੋਂ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਲਾਗੂ ਕੀਤਾ ਜਾ ਚੁੱਕਾ ਹੈ। ਜੇਕਰ ਬਾਕੀ ਸੂਬਿਆਂ ਅਤੇ ਦੇਸ਼ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਡਾਕਟਰ, ਵਿਗਿਆਨੀ, ਇੰਜੀਨੀਅਰ ਬਣਨ ਦੀ ਬਜਾਏ ਬਾਬੇ ਬਣਨ ਨੂੰ ਤਰਜੀਹ ਦੇਣਗੀਆਂ।
ਇੰਜੀ.ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 09/07/2024
Next articleਜਲੰਧਰ ਵੈਸਟ ਵਿਧਾਨਸਭਾ ਹਲਕਾ ਬਸਪਾ ਉਮੀਦਵਾਰ ਬਿੰਦਰ ਕੁਮਾਰ ਲਾਖਾ