ਮੇਰੇ ਬਚਪਨ ਤੋਂ ਨਿਊਜ਼ੀਲੈਂਡ ਵਿੱਚ  * ਪੱਕੇ ਹੋਣ ਤੱਕ ਦਾ ਸਫ਼ਰ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
(ਸਮਾਜ ਵੀਕਲੀ)
-ਸੱਚ ਤੇ ਅਧਾਰਤ 
ਗਦਰੀਆਂ ਦੇ ਪਿੰਡ ਖੁਰਦਪੁਰ ਜਨਮਿਆ ਮੈਂ,
    ਦੋ ਸਾਲ ਦਾ  ਸੀ  ਬਾਪ  ਆਖਰੀ ਸਾਹ ਲੀਤੀ l
ਮੇਰੇ ਛੋਟੇ ਹੁੰਦਿਆਂ ਤੋਂ ਸੀ ਮਾਂ ਬਿਮਾਰ ਰਹਿੰਦੀ,
    ਭਰਾ   ਭਰਜਾਈ   ਨੇ   ਸਾਂਭ  ਸੰਭਾਲ  ਕੀਤੀ l
ਭਰਾ ਭਰਜਾਈ  ਪੁੱਤ  ਬਣਾ ਪਾਲਿਆ ਮੈਨੂੰ,
  ਖੂਬਸੂਰਤ ਪਿਆਰ ਦੀ ਕਾਇਮ ਮਿਸਾਲ ਕੀਤੀ l
ਇੱਕ ਕਮਾਈ ਵਾਲਾ ਛੇ ਜਣੇ ਸੀ ਖਾਣ ਵਾਲੇ,
    ਭਰਾ ਕਿਸੇ ਚੀਜ਼ ਦੀ ਕਮੀ ਨਾ ਰਹਿਣ ਦਿੱਤੀ l
ਭਤੀਜਾ ਭਤੀਜੀ ਬਣ ਗਏ ਭਰਾ ਭੈਣ ਮੇਰੇ,
    ਆਪਸ  ਵਿੱਚ  ਨਾ  ਸੀ  ਕਦੇ  ਫਰਕ  ਕੀਤੀ l
ਇੱਕੋ  ਜਿਹੇ  ਕੱਪੜੇ  ਪਾ  ਪਾਲਿਆ  ਸਾਨੂੰ,
        ਆਪੋ  ਵਿੱਚ  ਨਹੀਂ  ਕਦੇ  ਲੜਾਈ  ਕੀਤੀ l
ਪੜ੍ਹਾਈ  ਸ਼ੁਰੂ ਕੀਤੀ  ਆਪਣੇ  ਪਿੰਡ  ਵਿੱਚੋਂ,
      ਦਸਵੀਂ ਪਹਿਲੇ ਦਰਜ਼ੇ’ਚ ਆਦਮਪੁਰੋਂ ਕੀਤੀ l
ਨੌਕਰੀਆਂ  ਕਈ  ਥਾਵਾਂ  ਤੇ  ਪੁੱਛੀਆਂ  ਮੈਂ,
       ਕਿਸੇ  ਅਫ਼ਸਰ  ਨੇ  ਨਹੀਂ  ਸੀ  ਹਾਂ  ਕੀਤੀ l
ਕੰਮ  ਛਾਪੇਖਾਨੇ  ਦਾ  ਸਿੱਖਣਾ ਸ਼ੁਰੂ ਕੀਤਾ,
  ਆਦਮਪੁਰ ਸ਼ਹਿਰ’ਚ ਪ੍ਰਿੰਟਿੰਗ ਪ੍ਰੈੱਸ ਲਾ ਦਿੱਤੀ l
ਹਲਾਤ  ਪੰਜਾਬ  ਦੇ  ਉਦੋਂ  ਸਨ  ਬੜੇ  ਭੈੜੇ,
       ਕਿਸੇ  ਨੌਜਵਾਨਾਂ  ਦੀ  ਨਹੀਂ  ਸਾਰ  ਲੀਤੀ l
ਮਜ਼ਬੂਰੀ ਖਾਤਰ ਵਿਦੇਸ਼ ਦਾ ਕੀਤਾ ਫੈਸਲਾ,
        ਦੋਸਤ  ਦੀ  ਚਾਚੀ  ਨੇ  ਰਾਹਦਾਰੀ  ਦਿੱਤੀ l
ਖੁਦ  ਹੀ  ਦਿੱਲੀ  ਤੋਂ  ਇਮੀਗ੍ਰੇਸ਼ਨ  ਕਰਵਾ,
   ਵੀਜ਼ਾ ਲੈ ਨਿਊਜ਼ੀਲੈਂਡ ਦੀ ਭਰ ਉਡਾਣ ਲੀਤੀ l
ਚਾਰ ਹੋਰਾਂ ਨਾਲ  ਔਕਲੈਂਡ ਪਹੁੰਚਿਆ ਮੈਂ,
       ਅੱਗੇ  ਜਾਣ  ਲਈ ਸੀ  ਟੈਕਸੀ ਕਰ ਲੀਤੀ l
 ਅੰਗਰੇਜ਼ੀ ਭਾਸ਼ਾ ਸਾਨੂੰ ਬੋਲਣੀ ਘੱਟ ਆਵੇ,
     ਇਸ਼ਾਰਿਆਂ ਨਾਲ  ਡਰਾਈਵਰ  ਗੱਲ ਕੀਤੀ l
ਪਹਿਲੀ ਵਾਰ  ਡਰਾਈਵਰ  ਸਰ ਆਖਿਆ,
   ਪੰਜਾਬ ਵਿੱਚ ਸੀ  ਅਫਸਰਾਂ  ਓਏ ਓਏ  ਕੀਤੀ l
ਸਮਾਨ  ਡਰਾਈਵਰ  ਟੈਕਸੀ  ਵਿੱਚ  ਰੱਖ,
         ਟੈਕਸੀ   ਸੀ   ਸਫ਼ਰ   ਤੇ   ਤੋਰ   ਲੀਤੀ l
ਭੇਡਾਂ   ਹੀ   ਭੇਡਾਂ   ਦਿਸਣ   ਚਾਰੇ  ਪਾਸੇ,
   ਗਾਵਾਂ ਫਾਰਮਾਂ ਦੀ ਖੂਬਸੂਰਤੀ ਸੀ ਵਧਾ ਦਿੱਤੀ l
ਵਿਰਲੇ  ਵਿਰਲੇ  ਖੇਤ  ਸੀ  ਸਬਜ਼ੀਆਂ  ਦੇ ,
     ਬਾਗ  ਲਾ  ਮੁਲਕ  ਨੇ  ਸੀ   ਕਮਾਲ  ਕੀਤੀ l
ਹਰਾ ਹਰਾ ਘਾਹ ਦਿਸੇ ਫਾਰਮਾਂ ਪਹਾੜੀਆਂ ਤੇ,
     ਪਲੂਸ਼ਨ  ਇਨ੍ਹਾਂ  ਬਾਹਲੀ  ਸੀ  ਘਟਾ  ਦਿੱਤੀ l
ਆਪਣੀ ਹੀ ਲਾਈਨ ਵਿੱਚ ਗੱਡੀਆਂ ਚੱਲਣ,
    ਹੌਰਨ  ਕਿਸੇ  ਗੱਡੀ  ਦੇ  ਨਾ  ਆਵਾਜ਼ ਦਿੱਤੀ l
ਨਾ  ਕੋਈ  ਕੁੱਤਾ,  ਬਿੱਲਾ  ਦਿਸੇ  ਸੜਕਾਂ ਤੇ,
      ਪਛੂਆਂ ਦੀ ਸੀ ਫਾਰਮਾਂ ਵਿੱਚ ਸੰਭਾਲ ਕੀਤੀ l
ਭਾਵੇਂ ਮੁਲਕ ਦੇਖਣ ਨੂੰ ਲੱਗੇ ਬਹੁਤ ਸੋਹਣਾ,
   ਮੇਰੀਆਂ ਅੱਖਾਂ ਸਿਰਫ ਦਿਹਾੜੀ ਤਲਾਸ਼ ਕੀਤੀ l
ਨਾ ਰਿਸ਼ਤੇਦਾਰ, ਨਾ ਬੋਲੀ, ਨਾ ਕਾਰ ਆਵੇ,
    ਰਿਹਾਇਸ਼ ਦੀ ਮੁਸੀਬਤ ਕਿਸੇ ਨਾ ਹੱਲ ਕੀਤੀ l
ਜਦੋਂ   ਪੇਸ਼   ਕੋਈ   ਨਾ   ਦੇਖੀ   ਚੱਲਦੀ,
    ਬਾਗ ਵਿੱਚ ਲੱਗੇ ਤੰਬੂ’ਚ ਸੁੱਟ ਰਜ਼ਾਈ ਲੀਤੀ l
ਤੰਬੂਆਂ  ਵਿੱਚ  ਪੰਜਾਬੀ  ਸੀ ਬਹੁਤ ਮਿਲੇ,
    ਜਿਨ੍ਹਾਂ ਸਵਰਗ’ਚ ਜਾਣ ਦੀ ਸੀ ਆਸ ਕੀਤੀ l
ਸੁੱਖਾਂ  ਸੁੱਖੀਆਂ  ਉਨ੍ਹਾਂ ਪੰਜਾਬੋਂ ਤੁਰਨ ਵੇਲੇ,
     ਕਿਸੇ  ਰੱਬ   ਨੇ   ਨਹੀਂ   ਸੀ  ਸਾਰ   ਲੀਤੀ l
ਦੁੱਖ  ਕਈਆਂ  ਨੇ  ਸਾਂਝੇ  ਕੀਤੇ  ਨਾਲ ਮੇਰੇ,
     ਦੱਸਿਆ ਕਿਵੇਂ ਉਨ੍ਹਾਂ ਦੀ ਏਜੇਂਟਾਂ ਲੁੱਟ ਕੀਤੀ?
ਲੁਕ  ਛਿਪ  ਕੇ  ਦਿਹਾੜੀਆਂ  ਕਰਨ  ਲੱਗੇ,
  ਮੁਲਕ ਨੇ ਕੰਮ ਕਰਨ ਦੀ ਨਾ ਆਗਿਆ ਦਿੱਤੀ l
ਕਈ ਪੰਜਾਬੀਆਂ ਦਿਹਾੜੀ  ਦੇ  ਪੈਸੇ ਮਾਰੇ,
  ਭਗਤੀ ਭਾਵੇਂ ਰੱਬ ਦੀ ਉਨ੍ਹਾਂ ਸਵੇਰ ਸ਼ਾਮ ਕੀਤੀ l
ਡਿਗਦੇ ਢਹਿੰਦੇ ਸਾਲ ਸੀ ਪੂਰਾ ਇੱਕ ਹੋਇਆ,
     ਵੀਜ਼ਾ ਦੇਣ  ਤੋਂ  ਮੁਲਕ ਨੇ ਝੰਡੀ ਲਾਲ ਕੀਤੀ l
ਵਿਜ਼ਟਰ ਵੀਜ਼ਾ ਮੁੱਕਿਆ ਓਵਰਸਟੇ ਹੋ ਗਏ,
  ਸੜਕਾਂ ਤੇ ਗੱਡੀਆਂ ਵਿੱਚ ਸੌਣ ਦੀ ਠਾਣ ਲੀਤੀ l
ਫਲ  ਫਰੂਟ  ਦਾ  ਕੰਮ  ਨਾ  ਛੱਡਿਆ  ਕੋਈ,
     ਸਬਜ਼ੀਆਂ ਦੇ ਕੰਮ ਕਰਕੇ ਰੋਟੀ ਚਲਾ ਲੀਤੀ l
ਕੀਵੀ ਦੀ ਪਰੂਨਿੰਗ, ਥਿਨਿੰਗ, ਗਰਡਲਿੰਗ,
         ਸ਼ਰਤਾਂ  ਲਾ  ਲਾ  ਕੇ  ਸੀ  ਤੁੜ੍ਹਾਈ  ਕੀਤੀ l
ਪੈਕਹਾਊਸਾਂ ਵਿੱਚ ਗਰੇਡਿੰਗ ਤੇ ਸਟੈਕਿੰਗ,
        ਟਰੇਆਂ  ਦੀ  ਬਣਾਈ  ਦਿਨ  ਰਾਤ  ਕੀਤੀ l
ਵੈਨਾਂ, ਟਰੈਕਟਰ, ਟਰਾਲੇ, ਹਾਈਡਰਾਲੈਡਾ,
        ਫੋਰਕ ਲਿਫਟਾਂ  ਦੀ  ਬੜੀ ਚਲਾਈ ਕੀਤੀ l
ਕਾਰਾਂ  ਵੇਚੀਆਂ,  ਖਿਡੌਣੇ   ਤੇ   ਸੂਟ   ਵੇਚੇ,
     ਘਰਾਂ’ਚ ਘਾਹ ਕੱਟਣ ਦੀ ਨਹੀਂ ਸ਼ਰਮ ਕੀਤੀ l
ਗੱਡੀਆਂ ਦੀ ਸਰਵਿਸ ਕੀਤੀ ਨਾਲੇ ਚਿੱਬ ਕੱਢੇ,
      ਕੰਮ  ਕਿਸੇ  ਪ੍ਰਤੀ  ਮਾੜੀ  ਨਾ  ਨੀਤ  ਕੀਤੀ l
ਤੂਫ਼ਾਨ  ਤੇ  ਹਨੇਰੀਆਂ  ਬਹੁਤ  ਵਾਰ  ਝੁੱਲੀਆਂ,
        ਬਰਸਾਤਾਂ ਤੋਂ ਡਰ ਕੇ ਨਾ ਛੁੱਟੀ ਕੋਈ ਕੀਤੀ l
ਨੱਠਦਿਆਂ  ਭੱਜਦਿਆਂ  ਕਈ  ਸਾਲ  ਲੰਘੇ,
      ਮੈਨੇਜਰ ਦੀ  ਨੌਕਰੀ  ਫਿਰ  ਹਾਸਲ  ਕੀਤੀ l
ਠੇਕੇਦਾਰ  ਗੋਰਿਆਂ   ਬੜਾ  ਵਿਰੋਧ  ਕੀਤਾ,
      ਮੈਨੇਜਰ ਦੀ ਨੌਕਰੀ ਜਦ ਉੱਚੀ ਸ਼ਾਨ ਕੀਤੀ l
ਕਹਿਣ ਸਦੀਆਂ ਤੋਂ ਭਾਰਤੀ ਰਹੇ ਗੁਲਾਮ ਸਾਡੇ,
       ਇਸ  ਭਾਰਤੀ  ਨੂੰ  ਕਿਉਂ  ਸਰਦਾਰੀ ਦਿੱਤੀ?
ਦੰਦਾਂ ਹੇਠ ਫਿਰ ਜੀਭ ਗੋਰਿਆਂ ਲੈ ਲਈ ਸੀ,
    ਕੱਢ ਫਸਲ ਦਾ ਝਾੜ੍ਹ ਜਦ ਕਰ ਕਮਾਲ ਦਿੱਤੀ l
ਅੱਜ  ਤੱਕ  ਗੋਰਿਆਂ  ਅੱਖ ਨਹੀਂ  ਮਿਲਾਈ,
     ਫਸਲ ਵੱਧ ਕੱਢ ਜਦੋਂ ਦੀ ਨੀਵੀਂ ਪੁਆ ਦਿੱਤੀ l
ਸੰਨ 98 ਜਦੋਂ ਚੜ੍ਹਿਆ ਵਿਚੋਲੇ ਜਸਵੀਰ ਨੇ,
       ਮੇਰੇ  ਵਿਆਹ  ਦੀ  ਗੱਲ  ਸੀ ਤੋਰ  ਲੀਤੀ l
ਮੁੰਡਾ ਤਰਕਸ਼ੀਲ ਹੈ ਜਾਤ ਪਾਤ ਮੰਨਦਾ ਨਹੀਂ,
       ਅਖੌਤੀ ਰੱਬ ਦੀ ਉਸ ਨਾ ਕਦੇ ਭਾਲ ਕੀਤੀ l
ਮੱਥਾ  ਟੇਕਦਾ  ਨਹੀਂ  ਉਹ  ਥਾਂ ਥਾਂ ਜਾ ਕੇ
     ਸਿਰ ਚੁੱਕ ਜੀਣ ਦੀ ਹਮੇਸ਼ਾਂ ਉਸ ਮੰਗ ਕੀਤੀ l
ਨਰਕ ਸਵਰਗ ਵਿੱਚ ਯਕੀਨ ਨਾ ਉਸ ਨੂੰ,
    ਧਰਤੀ ਨੂੰ ਸਵਰਗ ਬਣਾਉਣ ਦੀ ਗੱਲ ਕੀਤੀ l
ਹੱਥਾਂ ਦੀਆਂ ਲਕੀਰਾਂ ਤੇ ਨਾ ਯਕੀਨ ਕਰਦਾ,
    ਮਿਹਨਤ ਨਾਲ ਉਸ ਹਰ ਮੰਜ਼ਿਲ ਸਰ ਕੀਤੀ l
ਔਕੜਾਂ  ਦੇ  ਅੱਗੇ  ਚਟਾਨ  ਬਣ  ਖੜਦਾ,
     ਨਾਂਹ  ਪੱਖੀ  ਨਾ  ਉਸ ਨੇ  ਕਦੇ  ਸੋਚ ਕੀਤੀ l
ਨਾ ਬਹੁਤੀ ਪੜ੍ਹਾਈ ਨਾ ਡਿਗਰੀ ਕੋਲ ਉਸਦੇ,
   ਮੈਨੇਜਰ ਦੀ ਜੌਬ ਫਿਰ ਵੀ ਉਸ ਹਾਸਲ ਕੀਤੀ l
ਨਾ  ਜੂਆ  ਖੇਡੇ   ਨਾ  ਨਸ਼ੇ   ਪੱਤੇ   ਕਰਦਾ,
   ਉਸ ਇਨਸਾਨੀਅਤ ਹਮੇਸ਼ਾਂ ਜਿੰਦਾਬਾਦ ਕੀਤੀ l
ਕੁੜੀ ਵਾਲੇ ਅਨੋਖੇ ਗੁਣ ਸੁਣ ਹੈਰਾਨ ਹੋ ਗਏ,
      ਕੁੱਝ  ਸੋਚ  ਵਿਚਾਰ  ਕਰ  ਉਨ੍ਹਾਂ  ਹਾਂ ਕੀਤੀ l
ਖੁਦ    ਹਾਲੇ   ਵੀ   ਓਵਰਸਟੇ   ਸੀ   ਮੈਂ,
      ਉੱਤੋਂ ਸ਼ਾਦੀ ਵੀ  ਓਵਰਸਟੇ  ਦੇ  ਨਾਲ ਕੀਤੀ l
ਭਾਬੀ ਜੀ ਕਨੇਡਾ ਤੋਂ ਵਿਆਹ ਕਰਨ ਆਏ,
    ਮਿੱਤਰਾਂ ਹੀ ਰਲ ਵਿਆਹ ਦੀ ਤਿਆਰੀ ਕੀਤੀ l
ਵਿਆਹ  ਸੀ   ਓਵਰਸਟੇ  ਨਾਲ   ਹੋਇਆ,
     ਉੱਤੋਂ  ਸ਼ਾਦੀ ਵੀ  ਬਿਨਾਂ  ਦਾਜ ਦਹੇਜ  ਕੀਤੀ l
ਮਿੱਤਰਾਂ ਰਲ ਪਾਰਟੀ ਤੇ ਅਖਾੜਾ ਲਾਇਆ,
   ਗੋਰਿਆਂ ਲੈਕਚਰ ਕਰ ਕੇ ਸੀ ਧੰਨ ਧੰਨ ਕੀਤੀ l
ਜਿੰਦਗੀ’ਚ  ਮੌਕਾ ਪਹਿਲੀ ਵਾਰ ਆਇਆ,
       ਜਦ ਦੋਸਤਾਂ ਮਿੱਤਰਾਂ ਸੀ  ਰਲ ਖੁਸ਼ੀ ਕੀਤੀ l
ਦੋਨੋਂ ਜਣੇ ਕਿਰਾਏ ਤੇ ਘਰ ਲੈ ਰਹਿਣ ਲੱਗੇ,
     ਛੋਟਾ ਸੀ ਘਰ ਪਰ ਵੱਡੀ ਸੋਚ ਅਪਣਾ ਲੀਤੀ l
ਸੰਨ  99  ਦਾ  ਸੀ  ਉਹ  ਦਿਨ  ਚੰਦਰਾ,
  ਇਮੀਗ੍ਰੇਸ਼ਨ ਤੇ ਪੁਲਿਸ ਮੇਰੀ ਗ੍ਰਿਫਤਾਰੀ ਕੀਤੀ l
ਪੁਲਿਸ ਗੱਡੀ’ਚ ਲਿਖਿਆ ਹੁਲੀਆ ਮੇਰਾ,
     ਲਗਦਾ ਸੀ ਕਿਸੇ ਪ੍ਰੇਮੀ ਹੀ ਸ਼ਿਕਾਇਤ ਕੀਤੀ l
ਲੋਕ ਭਲਾਈ ਦਾ ਸ਼ਾਇਦ ਫਲ ਮਿਲਿਆ ਮੈਨੂੰ,
      ਮਾੜੀ  ਤਾਂ  ਨਾ   ਸੀ   ਕਿਸੇ   ਨਾਲ   ਕੀਤੀ l
ਲੱਗੇ ਸਾਨੂੰ  ਉਸ ਦਿਨ  ਜਿਵੇੰ ਕੁਦਰਤ ਨੇ,
       ਸਾਡੇ  ਲਈ  ਦਿਨ  ਵੇਲੇ  ਹੀ  ਰਾਤ  ਕੀਤੀ l
ਰਾਤ ਸੀ  ਪਾਪਾਕੁਰਾ ਪੁਲਿਸ ਥਾਣੇ  ਕੱਟੀ,
   ਦੂਜੇ ਦਿਨ ਇਮੀਗ੍ਰੇਸ਼ਨ ਮੇਰੀ ਫਲਾਈਟ ਕੀਤੀ l
ਪਤਨੀ ਮਨਜੀਤ ਕੌਰ ਅਟੈਚੀ ਫੜਾ ਦਿੱਤਾ,
   ਏਅਰ ਪੋਰਟ ਤੇ ਹੰਝੂਆਂ ਨਾਲ ਵਿਦਾਈ ਦਿੱਤੀ l
ਕਦਰ ਨਿਊਜ਼ੀਲੈਂਡ ਸਰਕਾਰ ਨਾ ਰਤਾ ਪਾਈ,
    ਜਵਾਨੀ ਆਪਣੀ ਭਾਵੇਂ ਮੁਲਕ ਦੇ ਨਾਮ ਕੀਤੀ l
ਘਰੋਂ ਬੇਘਰ ਹੋਇਆ ਜਿੰਦਗੀ’ਚ ਕਈ ਵਾਰੀ,
      ਕਿਸੇ ਨਹੀਂ ਵਿਦੇਸ਼ ਵਿੱਚ  ਮੇਰੀ ਸਾਰ ਲੀਤੀ l
ਮੈਂ ਪੰਜਾਬ ਤੇ ਘਰ ਵਾਲੀ ਨਿਊਜ਼ੀਲੈਂਡ ਵਿੱਚ,
    ਹੋਈ ਜਿਵੇੰ ਪਾਕਿਸਤਾਨ ਤੇ ਭਾਰਤ ਵੰਡ ਕੀਤੀ l
ਦਸ  ਸਾਲ  ਰਹਿ  ਕੱਚਾ  ਹੀ ਪਿੰਡ ਮੁੜਿਆ,
 ਲੋਕ ਕਹਿਣ ਸ਼ਾਦੀ ਗੋਰੀ ਨਾਲ ਕਿਉਂ ਨਾ ਕੀਤੀ?
ਕਰਦਿਆਂ ਕਰਾਉਂਦਿਆਂ  ਦੋ  ਮਹੀਨੇ  ਬੀਤੇ,
   ਬੇਟਾ ਜੰਮਿਆ ਨਿਊਜ਼ੀਲੈਂਡ ਬੜੀ ਖੁਸ਼ੀ ਕੀਤੀ l
ਜੰਮਦੇ  ਬੇਟੇ  ਨੇ  ਮਾਂ  ਬਾਪ  ਨੂੰ  ਮਾਤ ਦਿੱਤੀ,
     ਪੈਦਾ ਹੁੰਦਿਆਂ ਪੱਕੇ ਹੋਣ ਦੀ ਸ਼ੁਰੂਆਤ ਕੀਤੀ l
ਮੈਨੂੰ ਮੁਲਕੋੰ ਕੱਢਣ ਬਾਦ ਨਾ ਕਾਮਾ ਮਿਲਿਆ,
      ਸਰਕਾਰ  ਨੇ  ਭਾਵੇਂ  ਸੀ  ਬੜੀ ਭਾਲ ਕੀਤੀ l
ਇਮੀਗ੍ਰੇਸ਼ਨ ਨੂੰ ਗਲਤੀ ਦਾ ਮਗਰੋਂ ਪਤਾ ਲੱਗਾ,
    ਦਸ ਸਾਲ ਸੀ ਮੇਰੀ ਜਿੰਦਗੀ ਬਰਬਾਦ ਕੀਤੀ l
ਅੱਕ ਸਰਕਾਰ ਨੇ ਮੇਰੀ ਪਬੰਦੀ ਖਤਮ ਕੀਤੀ,
  ਮੁੜ ਨਿਊਜ਼ੀਲੈਂਡ ਆਉਣ ਦੀ ਮੈਨੂੰ ਖੁੱਲ੍ਹ ਦਿੱਤੀ l
ਚਾਰ ਮਹੀਨੇ ਬਾਦ ਟੱਬਰ ਨਾਲ ਮੇਲ ਹੋਇਆ,
      ਲੱਗਿਆ ਕੁਦਰਤ ਸਾਡੇ ਲਈ ਪ੍ਰਭਾਤ ਕੀਤੀ l
ਕਈ ਸੋਚਣ ਜਹਾਜੋਂ ਉਤਰਦੇ ਹੀ ਸੁਖ ਮਿਲਿਆ,
        ਮੁਸੀਬਤਾਂ  ਵੱਲ  ਨਾ  ਕਦੇ  ਨਿਗ੍ਹਾ  ਕੀਤੀ l
ਬਿਨਾਂ   ਵਕੀਲ  ਕੀਤੇ  ਕੇਸ  ਸੀ   ਜਿੱਤਿਆ,
       ਕਿਸੇ  ਰੱਬ   ਅੱਗੇ  ਨਾ  ਫਰਿਆਦ  ਕੀਤੀ l
ਕਿਸਮਤ ਵਿੱਚ ਲਿਖਿਆ ਨਾ ਕੁੱਝ ਮਿਲਿਆ,
       ਮਿਲਿਆ ਜਦੋਂ ਸਰਕਾਰ ਨਾਲ ਜੰਗ ਕੀਤੀ l
ਪੈਂਡਾ  ਪਰਦੇਸ  ਦਾ  ਬੜਾ  ਹੀ ਦੁੱਖ ਭਰਿਆ,
      ਸੌਖੀ  ਨਹੀਂ  ਪ੍ਰਾਪਤ  ਸਿਟੀਜ਼ਨਸ਼ਿਪ ਕੀਤੀ l
ਮਾਫ ਕਰਿਓ ਜੇ ਰਚਨਾ ਮੈਂ ਵੱਡੀ ਕੀਤੀ ਪਰ,
   ਅਵਤਾਰ ਖੁਰਦਪੁਰੀਏ ਦੀ ਇਹੋ ਸੀ ਹੱਡਬੀਤੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
Previous articleਪੁਰਾਣੇ ਸ਼ੇਅਰ 
Next article*ਡਿਜੀਟਲ ਅਖਬਾਰਾਂ ਦਾ ਇਨਕਲਾਬ*