ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਪੰਜਾਬ ਦੀ ਮਿੱਟੀ ਸੰਗੀਤ ਅਤੇ ਕਲਾ ਨਾਲ ਭਰਪੂਰ ਰਹੀ ਹੈ, ਇਸ ਸੱਭਿਆਚਾਰਕ ਸਫ਼ਰ ਵਿੱਚ ਆਕਾਸ਼ਵਾਣੀ ਜਲੰਧਰ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। 16 ਮਈ 1948 ਨੂੰ ਕਰਤਾਰ ਸਿੰਘ ਦੁੱਗਲ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਸਟੇਸ਼ਨ ਨੇ ਪੰਜਾਬੀ ਲੋਕਾਂ ਦੇ ਦਿਲਾਂ ਵਿੱਚ ਵਖਰੀ ਥਾਂ ਬਣਾਈ ਹੈ। ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਅਤੇ ਗੁਰਬਾਣੀ ਵਿਚਾਰ ਜਿਥੇ ਲੋਕਾਂ ਨੂੰ ਰੱਬੀ ਰੰਗ ਵਿੱਚ ਰੰਗਦਾ ਉੱਥੇ ਹੀ ਇਹ ਪ੍ਰਸਾਰਣ ਆਕਾਸ਼ਵਾਣੀ ਜਲੰਧਰ ਦੀ ਪਹਿਚਾਣ ਵੀ ਬਣੇ।
ਇਹ ਸਟੇਸ਼ਨ ਸਿਰਫ਼ ਰੂਹਾਨੀਅਤ ਤੱਕ ਹੀ ਸੀਮਿਤ ਨਹੀਂ ਰਿਹਾ, ਇਸਨੇ ਕਈ ਕਲਾਕਾਰਾਂ ਨੂੰ ਪਹਿਚਾਣ ਵੀ ਦਿੱਤੀ। ਲਾਲ ਚੰਦ ਯਮਲਾ ਜੱਟ, ਬੀਬੀ ਨੂਰਾਂ, ਸੁਰਿੰਦਰ ਕੌਰ, ਕੁਲਦੀਪ ਮਾਣਕ, ਅਤੇ ਗੁਰਮੀਤ ਬਾਵਾ ਵਰਗੇ ਕਲਾਕਾਰਾਂ ਦੇ ਸੁਪਨਿਆਂ ਨੂੰ ਇਸ ਮੰਚ ਨੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਜੋੜਿਆ, ਜਿਸ ਨਾਲ ਉਨ੍ਹਾਂ ਦੀ ਕਲਾ ਨੂੰ ਇੱਕ ਵਿਸ਼ਾਲ ਦਾਇਰਾ ਮਿਲਿਆ।
ਆਕਾਸ਼ਵਾਣੀ ਜਲੰਧਰ ਦਾ ‘ਦਿਹਾਤੀ ਪ੍ਰੋਗਰਾਮ’ ਲੋਕ ਕਲਾ ਅਤੇ ਪਿੰਡਾਂ ਦੀ ਜ਼ਿੰਦਗੀ ਦਾ ਇਕ ਅੰਗ ਹੀ ਬਣ ਗਿਆ। ਠੰਡੂ ਰਾਮ ਅਤੇ ਚਾਚਾ ਕੁੰਮੇਦਾਨ ਵਰਗੇ ਪਾਤਰ ਪਿੰਡਾਂ ਦੀ ਰੰਗਤ ਨੂੰ ਸੌਂਧੀ ਖੁਸ਼ਬੂ ਦੇ ਰੂਪ ਵਿੱਚ ਲੋਕਾਂ ਤੱਕ ਲੈ ਗਏ। ਇਸ ਦੇ ਨਾਲ ਹੀ ‘ਭੈਣਾਂ ਦਾ ਪ੍ਰੋਗਰਾਮ’ ਔਰਤਾਂ ਲਈ ਪ੍ਰੇਰਣਾਦਾਇਕ ਰਿਹਾ, ਜੋ ਸਿਹਤ ਅਤੇ ਰੁਜ਼ਗਾਰ ਸੰਬੰਧੀ ਜਾਣਕਾਰੀ ਤੋ ਇਲਾਵਾ ਘਰੇਲੂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ।
ਬੱਚਿਆਂ ਦੇ ਹਾਸੇ ਭਰਪੂਰ ਪ੍ਰੋਗਰਾਮ ‘ਛਾਂਗੂ ਮਾਂਗੂ’ ਨੇ ਵੀ ਬੱਚਿਆ ਦੇ ਦਿਲ ਜਿੱਤੇ। ਫਰਮਾਇਸ਼ੀ ਗੀਤਾਂ ਵਾਲੇ ਪ੍ਰੋਗਰਾਮ ਲੋਕਾਂ ਦੀ ਰੋਜ਼ਾਨਾ ਜ਼ਿੰਦਗ਼ੀ ਦਾ ਹਿੱਸਾ ਹੀ ਬਣ ਗਏ, ਜਿਥੇ ਹਰ ਚਿੱਠੀ ਇੱਕ ਮਨਭੌਂਦੇ ਗੀਤ ਦੀ ਫ਼ਰਮਾਇਸ਼ ਕਰਦੀ ਉੱਥੇ ਹੀ ਮੈਡਮ ਸੁਖਜੀਤ ਦੇ ਲਾਈਵ ਫ਼ਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਸਰੋਤਿਆਂ ਦੀ ਉਡੀਕ ਬਣ ਗਏ।
ਕੋਈ ਦੱਸ ਕੁ ਮਿੰਟਾਂ ‘ਚ ਹੀ ਮੁਲਖ਼ ਦਾ ਹਾਲ ਬਿਆਂ ਕਰਦਿਆਂ ਖ਼ਬਰਾਂ ਲੋਕਾਂ ਸਾਹਮਣੇ ਸੱਚ ਨੂੰ ਪੇਸ਼ ਕਰਦਿਆਂ। ਅਵਤਾਰ ਸਿੰਘ ਢਿੱਲੋਂ ਸਾਬ ਵਲੋਂ ਸੁਤੰਤਰ ਅਤੇ ਅਸਲ ਖ਼ਬਰਾਂ ਪੇਸ਼ ਕਰਨ ਦੀ ਅਦਾਏਗੀ ਉਨ੍ਹਾਂ ਨੂੰ ਅਜੋਕੇ ਮੀਡੀਆ ਜਗਤ ਤੋਂ ਅਲੱਗ ਖੜ੍ਹਾ ਕਰਦੀ। ਪਹਿਲਾਂ ਇਹ ਖ਼ਬਰਾਂ ਆਕਾਸ਼ਵਾਣੀ ਦੇ ਚੰਡੀਗੜ੍ਹ ਅਤੇ ਦਿੱਲੀ ਕੇਂਦਰਾਂ ਤੋਂ ਆਉਂਦੀਆਂ ਸਨ, ਪਰ 15 ਮਈ 2023 ਤੋਂ ਇਹ ਆਕਾਸ਼ਵਾਣੀ ਜਲੰਧਰ ਤੋਂ ਹੀ ਪੜ੍ਹੀਆਂ ਜਾਣ ਲੱਗੀਆਂ।
ਪੰਜਾਬ ਦੇ ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਸੰਜੋਏ ਬੈਠੇ ਆਕਾਸ਼ਵਾਣੀ ਜਲੰਧਰ ਤੇ ਅੱਜ ਵੀ ਪੇਂਡੂ ਲੋਕਾਂ ਲਈ ਪ੍ਰੋਗਰਾਮ, ਵਿਗਿਆਨਕ ਖੇਤੀਬਾੜੀ ਬਾਰੇ ਪ੍ਰੋਗਰਾਮ, ਜਾਗਰੂਕਤਾ ਫੈਲਾਉਣ ਵਾਲੇ ਪ੍ਰੋਗਰਾਮ, ਸਿਹਤ, ਔਰਤਾਂ, ਨੌਜਵਾਨਾਂ, ਬੱਚਿਆਂ, ਬਜ਼ੁਰਗ ਨਾਗਰਿਕਾਂ ਅਤੇ ਫੌਜ ਦੇ ਜਵਾਨਾਂ ਲਈ ਪ੍ਰਸਾਰਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ “ਮਨ ਕੀ ਬਾਤ” ਵੀ ਪ੍ਰਸਾਰਿਤ ਕੀਤੀ ਜਾਂਦੀ ਹੈ, ਜੋ ਸਥਾਨਕ ਪੱਧਰ ਤੇ ਲੋਕਾਂ ਨੂੰ ਰਾਸ਼ਟਰੀ ਮੁੱਦਿਆਂ ਨਾਲ ਜੋੜ ਰਹੀ ਹੈ।
ਆਧੁਨਿਕ ਤਕਨਾਲੋਜੀ ਦੇ ਸਮੇਂ ‘ਚ, ਵੀ ਆਕਾਸ਼ਵਾਣੀ ਜਲੰਧਰ ਆਪਣੇ ਪ੍ਰੋਗਰਾਮਾਂ ਨੂੰ ਵੱਖ-ਵੱਖ ਪਲੇਟਫਾਰਮਾਂ AM 873, DRM 864 Khz, FM 100.9, ਅਤੇ FM 100.8 ‘ਤੇ ਪ੍ਰਸਾਰਿਤ ਕਰ ਰਿਹਾ ਹੈ। ਇਸ ਦੇ ਨਾਲ, ਤੁਸੀਂ NEWSONAIR ਰੇਡੀਓ ਐਪ ਅਤੇ DTH ਡੀਡੀ ਫ੍ਰੀ ਡਿਸ਼ ਪਲੇਟਫਾਰਮ ਰਾਹੀਂ ਵੀ ਇਸਦੇ ਪ੍ਰੋਗਰਾਮਾਂ ਦਾ ਆਨੰਦ ਲੈ ਸਕਦੇ ਹੋ।
ਪ੍ਰਾਈਵੇਟ ਐਫ. ਐਮ. ਰੇਡੀਓ ਚੈਨਲਾਂ ਦੇ ਬਾਵਜੂਦ ਵੀ ਆਕਾਸ਼ਵਾਣੀ ਜਲੰਧਰ ਆਪਣੀ ਵਿਰਾਸਤ ਅਤੇ ਖਾਸੀਅਤ ਨੂੰ ਜਿਉਂ ਦੀ ਤਿਉਂ ਕਾਇਮ ਰੱਖ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ।
ਬਲਦੇਵ ਸਿੰਘ ਬੇਦੀ
ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly