(ਸਮਾਜ ਵੀਕਲੀ)
ਬਾਗ-ਏ-ਖ਼ਾਮੋਸ਼ ਦੇ ਅੰਦਰ
‘‘ਏਤੀ ਮਾਰ ਪਈ ਕਰਲਾਣੇ,
ਤੈਂ ਕੀ ਦਰਦੁ ਨ ਆਇਆ॥’’
ਤੂੰ ਮੇਰੇ ਸਾਹਵਾਂ ਨਾਲ਼ ਟੁਰਦਾ ਰਹਿਆਂ
27 ਵਰ੍ਹੇ ਤੇ 20 ਦਿਨ ਨਜ਼ਰੀਂ ਪਇਆ
ਅਪਣੇ ਸੁਪਨੇ ਮੇਰੀ ਅੱਖੀਂ ਵੇਖੇ
ਮੇਰੇ ਹਾਸਿਆਂ ਵਿਚ ਤੂੰ ਹੱਸਦਾ ਰਹਿਆਂ
ਮੇਰੇ ਹੰਝੂਆਂ ਵਿਚ ਰੋਂਦਾ
ਮੇਰੀ ਹਿੱਕ ਨਾਲ਼ ਹਿੱਕ ਜੋੜ ਉਲਾਰ ਕਰਦਾ
ਨਾਲ ਮੇਰੇ ਸੁਪਨਿਆਂ ਖੇਡਾਂ ਖੇਡਦਾ
ਅਲ੍ਹੜ-ਬਲ੍ਹੜ ਗਾ ਮਿੱਠੀ ਨੀਂਦ ਸੁਆਂਦਾ
ਤਾਰ ਤਾਰ ਜੋੜਵੇਂ ਤੰਦ ਬਣਾਂਦਾ
ਅਚਨਚੇਤ, ਸਾਹ ਗਲਮੀਂ ਫਸਿਆ
ਪੀੜਾਂ ਲੈ, ਤਨ ਹਫ਼ਿਆ
ਮੁੜ ਇਕ ਦਿਨ ਹਨੇਰੀ ਝੁੱਲੀ, ਬੱਦਲ ਗੱਜਿਆ
ਨਾਲ ਹਨੇਰੀ ਜੁੱਸਾ ਤੈਂਡਾ ਮਿੱਟੀ ਰਲ਼ਿਆ
ਰੇਤੀ ਪੈਰਾਂ ਹੇਠ ਵਗ ਗਈ
ਵਾਅ ਬੰਦ ਮੁੱਠ ਚੋਂ ਕਿਰ ਗਈ
ਇੰਜ ਜਾਪਿਆ ਵਜੂਦੇ ਟੁੱਟੀ ਤਾਰ
ਮੁੜ ਹੋਂਦ ਰਲ਼ੀ
ਉਜੜ ਗਿਆ ਬਾਗ ਦਾ ਮਾਲੀ,
ਝੱਖੜ ਕਹਿਰ ਦਾ ਆਇਆ,
ਏਤੀ ਮਾਰ ਪਈ ਕਰਲਾਣੇ,
ਤੈਂ ਕੀ ਦਰਦੁ ਨ ਆਇਆ॥’’
ਕੁਲਦੀਪ ਸਾਹਿਲ
9417990040