ਮੁੰਬਈ (ਸਮਾਜ ਵੀਕਲੀ): ਮੁੰਬਈ ਪੁਲੀਸ ਦੇ ਬਰਖ਼ਾਸਤ ਅਧਿਕਾਰੀ ਸਚਿਨ ਵਾਜ਼ੇ ਨੇ ਸ਼ਹਿਰ ਦੇ ਤਤਕਾਲੀ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਦੇ ਨਾਲ ਰਲ ਕੇ ਕ੍ਰਿਕਟ ’ਤੇ ਸੱਟਾ ਲਾਉਣ ਵਾਲਿਆਂ ਤੋਂ ਕਾਫ਼ੀ ਪੈਸੇ ਇਕੱਠੇ ਕੀਤੇ ਹਨ। ਇਹ ਸਭ ਉਨ੍ਹਾਂ ਨੂੰ ਗ੍ਰਿਫ਼ਤਾਰੀ ਦਾ ਡਰ ਦੇ ਕੇ ਕੀਤਾ ਗਿਆ ਸੀ। ਪੁਲੀਸ ਨੇ ਅਦਾਲਤ ਵਿਚ ਇਹ ਦੋਸ਼ ਲਾਉਂਦਿਆਂ ਅੱਜ ਵਾਜ਼ੇ ਦੀ ਹਿਰਾਸਤ ਵਿਚ ਵਾਧਾ ਕਰਨ ਦੀ ਮੰਗ ਕੀਤੀ। ਇਹ ਮਾਮਲਾ ਫ਼ਿਰੌਤੀ ਦੇ ਕੇਸ ਨਾਲ ਜੁੜਿਆ ਹੋਇਆ ਹੈ ਤੇ ਉਪਨਗਰ ਗੋਰੇਗਾਓਂ ਪੁਲੀਸ ਥਾਣੇ ਵਿਚ ਦਰਜ ਹੈ। ਮੁੰਬਈ ਪੁਲੀਸ ਨੇ ਕਿਹਾ ਕਿ ਸਚਿਨ ਵਾਜ਼ੇ ਤਤਕਾਲੀ ਪੁਲੀਸ ਕਮਿਸ਼ਨਰ ਪਰਮਬੀਰ ਦੇ ਕਾਫ਼ੀ ਨੇੜੇ ਰਿਹਾ ਹੈ ਤੇ ਅਪਰਾਧ ਸ਼ਾਖਾ ਉਸ ਕੋਲੋਂ ਸੀਨੀਅਰ ਆਈਪੀਐੱਸ ਅਧਿਕਾਰੀ ਦੇ ਵਰਤਮਾਨ ਟਿਕਾਣੇ ਬਾਰੇ ਵੀ ਪੁੱਛਗਿੱਛ ਕਰੇਗੀ।
ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਵਾਜ਼ੇ ਦੀ ਹਿਰਾਸਤ ਪਹਿਲੀ ਨਵੰਬਰ ਨੂੰ ਲਈ ਸੀ। ਇਸ ਸਬੰਧੀ ਸ਼ਿਕਾਇਤ ਬਿਲਡਰ ਤੇ ਹੋਟਲ ਕਾਰੋਬਾਰੀ ਬਿਮਲ ਅਗਰਵਾਲ ਨੇ ਕੀਤੀ ਸੀ। ਸ਼ਿਕਾਇਤ ਵਿਚ ਪਰਮਬੀਰ ਸਿੰਘ ਵੀ ਮੁਲਜ਼ਮ ਹੈ। ਵਾਜ਼ੇ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਕਿਉਂਕਿ ਉਸ ਦਾ ਰਿਮਾਂਡ ਖ਼ਤਮ ਹੋ ਰਿਹਾ ਸੀ। ਪੁਲੀਸ ਨੇ ਵਾਜ਼ੇ ਦੀ ਹਿਰਾਸਤ ਵਿਚ ਸੱਤ ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਤਾਂ ਕਿ ਹੋਰ ਜਾਂਚ ਕੀਤੀ ਜਾ ਸਕੇ। ਅਦਾਲਤ ਨੇ ਹੁਣ ਹਿਰਾਸਤ ਵਿਚ 13 ਨਵੰਬਰ ਤੱਕ ਵਾਧਾ ਕਰ ਦਿੱਤਾ ਹੈ। ਪੁਲੀਸ ਨੇ ਕਿਹਾ ਕਿ ਵਾਜ਼ੇ ਤੇ ਪਰਮਬੀਰ ਨੇ ਕਿਵੇਂ ਸੱਟੇਬਾਜ਼ਾਂ ਤੋਂ ਪੈਸਾ ਇਕੱਠਾ ਕੀਤਾ, ਇਸ ਦੀ ਜਾਂਚ ਕੀਤੀ ਜਾਣੀ ਹੈ। ਅਪਰਾਧ ਸ਼ਾਖਾ ਨੇ ਕਿਹਾ ਕਿ ਉਹ ਜਾਂਚ ਕਰਨਾ ਚਾਹੁੰਦੇ ਹਨ ਕਿ ਕੀ ਵਾਜ਼ੇ ਨੇ ਕਿਸੇ ਹੋਰ ਤੋਂ ਵੀ ਪਰਮਬੀਰ ਦੇ ਕਹਿਣ ਉਤੇ ਪੈਸੇ ਲਏ ਸਨ। ਇਸ ਤੋਂ ਇਲਾਵਾ ਪਰਮਬੀਰ ਤੋਂ ਬਿਨਾਂ ਹੋਰ ਕਿਸ ਨੇ ਵਾਜ਼ੇ ਦੀ ਫਿਰੌਤੀ ਲੈਣ ਵਿਚ ਮਦਦ ਕੀਤੀ, ਇਸ ਦੀ ਵੀ ਪੁਲੀਸ ਜਾਂਚ ਕਰੇਗੀ। ਪੁਲੀਸ ਨੇ ਸ਼ਿਕਾਇਤਕਰਤਾ ਦੀ ਆਵਾਜ਼ ਦੇ ਸੈਂਪਲ ਫੌਰੈਂਸਿਕ ਟੈਸਟ ਲਈ ਭੇਜ ਦਿੱਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly