6 ਦਸੰਬਰ ਨੂੰ ਅੰਤਿਮ ਅਰਦਾਸ ਦੇ ਦਿਨ ਲਈ
ਡਾ. ਬ੍ਰਹਮਜਗਦੀਸ਼ ਸਿੰਘ, 919876052136
(ਸਮਾਜ ਵੀਕਲੀ) ਫਰੀਦਕੋਟ ਸਟੇਟ ਅਤੇ ਮਾਲਵੇ ਦੇ ਵਿਿਭੰਨ ਖੇਤਰਾਂ ਵਿੱਚ ਸ. ਗੁਰਮੀਤ ਸਿੰਘ ਇੱਕ ਜਾਣੀ-ਪਹਿਚਾਣੀ ਸ਼ਖਸੀਅਤ ਰਿਹਾ। ਉਸਨੇ ਕੋਟਕਪੁਰੇ ਦੇ ਨਾਮ ਨੂੰ ਪੂਰੇ ਪੰਜਾਬ ਵਿੱਚ ਪ੍ਰਸਿੱਧ ਕਰੀ ਰੱਖਿਆ ਕਿਉਂਕਿ ਉਹ ਲਗਪਗ ਦੋ ਦਹਾਕੇ ਪੰਜਾਬੀ ਟ੍ਰਿਿਬਊਨ ਅਤੇ ਤਿੰਨ ਦਹਾਕੇ ਰੋਜ਼ਾਨਾ ਅਜੀਤ ਦੇ ਪੱਤਰਕਾਰ (ਅਤੇ ਅਜੀਤ ਦੇ ਜ਼ਿਲ੍ਹਾ ਪ੍ਰਤੀਨਿਧ) ਵਜੋਂ ਕੰਮ ਕਰਦਾ ਰਿਹਾ। ਉਸਨੇ 1973-74 ਵਿੱਚ ਇੱਕ-ਡੇਢ ਵਰ੍ਹਾ ਪੰਜਾਬ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ-ਸਾਇੰਸ ਦੀ ਡਿਗਰੀ ਪ੍ਰਾਪਤ ਕਰਨ ਵਿੱਚ ਲਗਾਏ ਸਨ। ਉਹ ਸਮਾਂ ਉਸ ਦੇ ਜੀਵਨ ਦਾ ਸਭ ਤੋਂ ਵੱਧ ਜ਼ਰਖੇਜ ਸਮਾਂ ਰਿਹਾ ਕਿਉਂਕਿ ਉਸ ਵਕਤ ਇਥੇ ਸਰਦਾਰ ਬਰਜਿੰਦਰ ਸਿੰਘ ਹਮਦਰਦ, ਸ. ਜਸਬੀਰ ਸਿੰਘ ਐਡਵੋਕੇਟ ਐਮ.ਐਲ.ਏ, ਡਾ. ਵਿਸ਼ਵਾਨਾਥ ਤਿਵਾੜੀ, ਡਾ. ਦੀਪਕ ਮਨਮੋਹਨ ਸਿੰਘ ਅਤੇ ਸ੍ਰੀ ਅਮਿਤੋਜ ਵਰਗੀਆਂ ਪ੍ਰਤਿਭਾਵਾਂ ਪੜ੍ਹਨ-ਪੜ੍ਹਾਉਣ ਦੇ ਖੇਤਰ ਵਿੱਚ ਉੱਘਾ ਯੋਗਦਾਨ ਪਾ ਰਹੀਆਂ ਸਨ। ਇਨ੍ਹਾਂ੍ਹ ਪ੍ਰਤਿਭਾਵਾਂ ਪਾਸੋਂ ਪ੍ਰੇਰਨਾ ਹਾਸਲ ਕਰਕੇ ਗੁਰਮੀਤ ਸਿੰਘ ਵੀ ਇੱਕ ਰੋਸ਼ਨ ਸਿਤਾਰੇ ਵਜੋਂ ਉਭਰ ਆਇਆ।
ਉਸਦੇ ਜੀਵਨ ਉਪਰ ਸਭ ਤੋਂ ਉਜਾਗਰ ਪ੍ਰਭਾਵ ਉਸਦੀ ਮਾਤਾ ਸ੍ਰੀਮਤੀ ਈਸ਼ਰ ਕੌਰ ਨੇ ਪਾਇਆ, ਜੋ ‘ਰਾਣਾ ਸੂਰਤ ਸਿੰਘ’ ਦੀ ਨਾਇਕਾ, ਰਾਣੀ ਰਾਜ ਕੌਰ ਵਾਂਗ ਆਪਣੇ ਸਵਰਗੀ ਪਤੀ ਦੇ ਵਿਛੋੜੇ ਵਿੱਚ ਤੜਪਦੀ-ਵਿਲਕਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਗਈ ਸੀ। ਉਹ ਆਪਣੇ ਮਹੱਲੇ ਦੀਆਂ ਕੁੜੀਆਂ-ਚਿੜੀਆਂ ਨੂੰ ਪੜ੍ਹਨ ਲਈ ਪ੍ਰੇਰਦੀ, ਗੁਰਬਾਣੀ ਪੜ੍ਹਨਾ ਸਮਝਣਾ ਸਿਖਾਉਂਦੀ। ਸਿਲਾਈ-ਕਢਾਈ ਦੀ ਸਿੱਖਿਆ ਦਿੰਦੀ ਹੋਈ ਆਪਣੇ ਘਰ ਵਿੱਚ ਇੱਕ ਸਤਿਸੰਗਤ ਬਣਾਈ ਰੱਖਦੀ ਸੀ। ਇਹ ਕੁੜੀਆਂ ਸੁਬ੍ਹਾ-ਸਵੇਰੇ ਹੀ ਬੀਬੀ ਜੀ ਦੇ ਘਰ ਆ ਪਹੁੰਚਦੀਆਂ ਅਤੇ ਸ਼ਾਮ ਤੱਕ ਇਥੇ ਹੀ ਇੱਕ ਵਰਕਸ਼ਾਪ ਵਾਂਗ ਪੜ੍ਹਨ-ਲਿਖਣ, ਸੀਣ-ਪਰੋਣ ਦਾ ਕਾਰਜ ਕਰਦੀਆਂ ਰਹਿੰਦੀਆਂ। ਨੰਨ੍ਹਾ ਗੁਰਮੀਤ ਸਿੰਘ ਇਸ ਮਾਹੌਲ ਵਿੱਚ ਰਹਿਣ ਕਾਰਨ ਸਦਭਾਵੀ, ਨਿਮਰ ਅਤੇ ਦੂਜਿਆਂ ਦੇ ਕੰਮ ਆਉਣ ਵਾਲਾ ਨੌਜਵਾਨ ਬਣ ਗਿਆ।
ਜਨਵਰੀ 1943 ਵਿੱਚ ਜਨਮਿਆ ਗੁਰਮੀਤ ਸਿੰਘ ਕੋਟਕਪੂਰੇ ਦੇ ਪ੍ਰਸਿੱਧ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਿਆ। 1963 ਈ. ਵਿੱਚ ਉਸਦੀ ਸ਼ਾਦੀ ਬੀਬੀ ਸਤਿਨਾਮ ਕੌਰ ਨਾਲ ਹੋ ਗਈ ਅਤੇ ਸਹੁਰੇ ਘਰ ਆ ਕੇ ਉਸਨੇ ਦੋ-ਚਾਰ ਵਰ੍ਹਿਆਂ ਵਿੱਚ ਹੀ ਆਪਣੀ ਸੱਸ-ਮਾਂ ਵਾਲੇ ਸਾਰੇ ਗੁਣ ਗ੍ਰਹਿਣ ਕਰ ਲਏ; ਮਾਨੋ ਉਹ ਬੀਬੀ ਈਸ਼ਰ ਕੌਰ ਦੇ ਰੰਗ ਵਿੱਚ ਹੀ ਰੰਗੀ ਗਈ। ਉਸੇ ਵਾਂਗ ਨਿਮਰ, ਖੁਸ਼ਮਿਜ਼ਾਜ ਅਤੇ ਭੱਜ-ਭੱਜ ਕੇ ਸੇਵਾ ਕਰਨ ਵਾਲੀ ਮਮਤਾ ਦੀ ਮੂਰਤ ਹੁਣ ਗੁਰਮੀਤ ਸਿੰਘ ਲਈ ਆਪਣਾ ਲਕਸ਼ ਚੁਣਨ ਦਾ ਅਵਸਰ ਸੀ। ਉਹ ਬ੍ਰਿਿਜੰਦਰ ਕਾਲਜ ਫਰੀਦਕੋਟ ਵਿੱਚ ਲਾਇਬ੍ਰੇਰੀਅਨ ਲੱਗ ਗਿਆ। ਉਹ ਸਦਾ ਵੱਡੇ ਅਤੇ ਮਹਾਨ ਵਿਅਕਤੀਆਂ ਦੀ ਸੰਗਤ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਸੀ। ਪ੍ਰੋ. ਗੁਰਦਿਆਲ ਸਿੰਘ ਨਾਵਲਕਾਰ, ਪ੍ਰੋ.ਕਰਮਜੀਤ ਸਿੰਘ ਕਵੀ, ਸ੍ਰੀ ਟੀ.ਆਰ. ਵਿਨੋਦ ਆਲੋਚਕ, ਪ੍ਰਿੰ. ਗੁਰਚਰਨ ਸਿੰਘ, ਸ. ਬਰਜਿੰਦਰ ਸਿੰਘ ਹਮਦਰਦ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਉਸਦੇ ਪ੍ਰਿਅ-ਨਾਇਕ ਸਨ। ਉਹ ਆਪਣੇ ਸੰਗੀਆਂ ਸਾਥੀਆਂ ਵਿੱਚ ਹਮੇਸ਼ਾਂ ਇਨ੍ਹਾਂ ਨਾਇਕਾਂ ਦੀਆਂ ਗੱਲਾਂ ਕਰਦਾ ਰਹਿੰਦਾ। ਕਹਾਵਤ ਹੈ : ਉਹ ਵੀ ਚੰਦਨ ਹੋਇ ਰਹੇ ਬਸੈ ਜੋ ਚੰਦਨ ਪਾਸਿ॥ ਇਨ੍ਹਾਂ ਪ੍ਰਸਿੱਧ ਹਸਤੀਆਂ ਦਾ ਜ਼ਿਕਰੇ-ਖੈਰ ਕਰਦਾ ਹੋਇਆ ਉਹ ਆਪ ਵੀ ਇੱਕ ਪ੍ਰਸਿੱਧ ਵਿਅਕਤੀ ਬਣ ਗਿਆ।
ਪਰ ਅਜੇ ਉਸ ਨੇ ਹੋਰ ਫੁੱਲਣਾ-ਫਲਣਾ ਸੀ। 1978 ਈ. ਵਿੱਚ ਟ੍ਰਿਿਬਊਨ ਟ੍ਰਸਟ ਨੇ ਪੰਜਾਬੀ ਟ੍ਰਿਿਬਊਨ ਕੱਢਣ ਦਾ ਫੈਸਲਾ ਕੀਤਾ ਤਾਂ ਇਸਦਾ ਪਹਿਲਾ ਸੰਪਾਦਕ ਸ. ਬਰਜਿੰਦਰ ਸਿੰਘ ਨੂੰ ਚੁਣਿਆ। ਬਰਜਿੰਦਰ ਸਿੰਘ ਨੇ ਕੋਟਕਪੁਰੇ ਤੋਂ ਗੁਰਮੀਤ ਸਿੰਘ ਨੂੰ ਪੱਤਰਕਾਰ ਥਾਪ ਦਿੱਤਾ। ਗੁਰਮੀਤ ਸਿੰਘ ਨੇ ਡਟ ਕੇ ਕੰਮ ਕੀਤਾ ਅਤੇ ਥੋੜੇ ਸਮੇਂ ਵਿੱਚ ਹੀ ਇੱਕ ਪ੍ਰਮੁੱਖ ਜਰਨਲਿਸਟ ਬਣ ਗਿਆ। ਵੱਡੇ ਹਮਦਰਦ ਸਾਹਿਬ ਸ. ਸਾਧੂ ਸਿੰਘ ਜੀ ਦੇ ਸੁਰਗਵਾਸ ਹੋਣ ਪਿੱਛੋਂ ਸ. ਬਰਜਿੰਦਰ ਸਿੰਘ ‘ਅਜੀਤ’ ਵਿੱਚ ਪਰਤ ਆਏ। ਹੁਣ ਗੁਰਮੀਤ ਸਿੰਘ ਦੇ ਪ੍ਰਫੁਲਿਤ ਹੋਣ ਲਈ ਦੋ ਖੇਤਰ ਖੁਲ੍ਹ ਗਏ ਅਤੇ ਉਸ ਨੇ ਦੋਹਾਂ ਅਖ਼ਬਾਰਾਂ ਲਈ ਇਕੋ ਸਮੇਂ ਪੂਰੀ ਵਚੱਨਬਧਤਾ ਨਾਲ ਕੰਮ ਕੀਤਾ। ਸ. ਬਰਜਿੰਦਰ ਸਿੰਘ ਹਮਦਰਦ ਤੋਂ ਬਿਨਾਂ ਕੁਝ ਹੋਰ ਸ੍ਰੇਸ਼ਠ ਪੱਤਰਕਾਰਾਂ ਨਾਲ ਵੀ ਉਸਦਾ ਡੂੰਘਾ ਸਨੇਹ ਰਿਹਾ। ਆਪਣੀ ਸੁਹਿਰਤਾ ਅਤੇ ਮਿਹਨਤ ਨਾਲ ਉਹ ਹਰ ਇਕ ਦਾ ਦਿਲ ਜਿੱਤ ਲੈਂਦਾ ਸੀ। ਇਸ ਦੌਰਾਨ ਉਸ ਨੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਨੇਕ ਕੰਮ ਕੀਤੇ ਅਤੇ ਕਰਵਾਏ। ਉਹ ਬਹੁਤ ਸਾਰੀਆਂ ਅਕਾਦਮਿਕ ਅਤੇ ਸਭਿਆਚਾਰਕ ਸੰਸਥਾਵਾਂ ਨਾਲ ਵੀ ਜੁੜਿਆ ਰਿਹਾ।
ਮੇਰੇ ਨਾਲ ਵੀ ਉਸ ਦੇ ਬਹੁਤ ਡੂੰਘੇ ਸੰਬੰਧ ਰਹੇ। ਉਹ ਮੇਰਾ ਸਹਿਪਾਠੀ ਰਿਹਾ। ਫਿਰ ਮੇਰੇ ਉਤਸਾਹ ਦੇਣ ਤੇ ਪੰਜਾਬੀ ਵਿਚ ਐਮ. ਏ. ਕੀਤੀ। ਮੇਰੇ ਪਿਤਾ ਮਾਸਟਰ ਕਰਤਾਰ ਸਿੰਘ ਦਾ ਉਹ ਚਹੇਤਾ ਵਿਿਦਆਰਥੀ ਰਿਹਾ। ਮੇਰੀ ਸ਼ਾਦੀ ਵੀ ਉਸੇ ਦੀ ਪੇਸ਼ਕਸ਼ ਅਤੇ ਸਹਾਇਤਾ ਨਾਲ ਸਿਰੇ ਚੜ੍ਹੀ। ਉਹ ਮੇਰੀਆਂ ਲਿਖਤਾਂ ਅਤੇ ਭਾਸ਼ਨਾਂ ਦਾ ਸ਼ੈਦਾਈ ਸੀ। ਪੱਤਰਕਾਰੀ ਤੋਂ ਮੁਕਤ ਹੋ ਕੇ ਉਹ ਜਦੋਂ ਵੀ ਮੈਨੂੰ ਮਿਲਦਾ ਤਾਂ ਖ਼ੂਬ ਚਹਿਕਦਾ। ਮਹਿਫਲਾਂ ਵਿਚ ਉਸ ਦੀ ਹਰ ਗੱਲ ਬੜੇ ਧਿਆਨ ਨਾਲ ਸੁਣੀ ਜਾਂਦੀ ਸੀ। ਉਸ ਨੇ ਕੋਟਕਪੂਰੇ ਵਿਚ ਸ. ਜੋਰਾ ਸਿੰਘ ਸੰਧੂ, ਸ. ਨਿਰਭੈ ਸਿੰਘ ਸੰਧੂ, ਡਾ. ਸੁਭਾਸ਼ ਪਰਿਹਾਰ, ਗਾਇਕ ਦਿਲਸ਼ਾਦ ਅਖ਼ਤਰ, ਡਾ. ਪਰਮਿੰਦਰ ਤੱਗੜ ਅਤੇ ਲੇਖਕ ਸ. ਗੁਰਦੀਪ ਸਿੰਘ ਢੁੱਡੀ ਨੂੰ ਵੀ ਨਿਰੰਤਰ ਪ੍ਰੇਰਨਾ ਦਿੱਤੀ।
ਸ. ਗੁਰਮੀਤ ਸਿੰਘ ਖੁਸ਼ੀਆਂ ਅਤੇ ਖੇੜੇ ਵੰਡਣ ਵਾਲਾ ਇਕ ਵਚਿੱਤਰ ਜਿਉੜਾ ਸੀ। ਆਪਣੇ ਬੱਚਿਆਂ ਪ੍ਰਫ਼ੈਸਰ ਨਵਦੀਪ ਕੌਰ (ਪਤਨੀ ਇੰਜ. ਪਰਮਜੀਤ ਸਿੰਘ), ਸੁਮਨਦੀਪ ਕੌਰ ਲੈਕਚਰਾਰ (ਪਤਨੀ ਕੁਲਦੀਪ ਸਿੰਘ ਲੈਕਚਰਾਰ) ,ਪ੍ਰੋਫ਼ੈਸਰ ਅਮਨਦੀਪ ਸਿੰਘ (ਪਤੀ ਡਾ. ਸੰਦੀਪ ਰਾਣਾ) ਸਮੇਤ ਉਹ ਇਕ ਭਰੇ-ਪੂਰੇ ਪਰਿਵਾਰ ਨੂੰ ਰੋਂਦਿਆਂ-ਕੁਰਲਾਉਂਦਿਆਂ ਛੱਡ ਗਿਆ ਹੈ।
ਰਾਹ ਦੇਖਾ ਕਰੋਗੇ ਸਦੀਓਂ ਤਕ, ਛੋੜ ਜਾਏਂਗੇ ਯੇ ਜਹਾਂ ਤਨਹਾ॥
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly