ਅੰਮ੍ਰਿਤਸਰ (ਸਮਾਜ ਵੀਕਲੀ): ਸਥਾਨਕ ਰਣਜੀਤ ਐਵੀਨਿਊ ਵਿੱਚ ਅੱਜ ਇਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ, ਜਿਸ ਕਾਰਨ ਇਥੇ ਅਫ਼ਰਾ-ਤਫਰੀ ਵਾਲਾ ਮਾਹੌਲ ਬਣ ਗਿਆ ਸੀ। ਭਾਵੇਂ ਅੱਗ ਕਾਰਨ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਦਫਤਰਾਂ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਬਹੁਮੰਜ਼ਿਲਾ ਇਮਾਰਤ ਵਿਚ ਇਕ ਰੈਸਟੋਰੇਂਟ, ਪ੍ਰਾਈਵੇਟ ਇਮੀਗਰੇਸ਼ਨ ਸੈਂਟਰ, ਆਈਲੈਟ ਕੋਚਿੰਗ ਸੈਂਟਰ ਅਤੇ ਇੱਕ ਮੀਡੀਆ ਦਫਤਰ ਆਦਿ ਹੋਰ ਦਫਤਰ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਇਮਾਰਤ ਵਿੱਚ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਬਾਅਦ ਵਿਚ ਇੱਕ ਦਫਤਰ ਵਿਚ ਲੱਗੇ ਏਅਰ ਕੰਡੀਸ਼ਨ ਦੇ ਕੰਪਰੈਸ਼ਰ ਵਿਚ ਜ਼ੋਰਦਾਰ ਧਮਾਕਾ ਹੋਇਆ ਹੈ।
ਇਹ ਦਫਤਰ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਸਨ। ਇਹ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਉਪਰਲੀਆਂ ਮੰਜ਼ਿਲਾਂ ’ਤੇ ਬਣੇ ਦਫਤਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਜਿਸ ਵੇਲੇ ਅੱਗ ਲੱਗੀ ਤਾਂ ਉਸ ਵੇਲੇ ਆਈਲੈੱਟਸ ਅਤੇ ਹੋਰ ਕੋਚਿੰਗ ਸੈਂਟਰ ਵਿਚ ਵਿਦਿਆਰਥੀ ਪੜ੍ਹਣ ਲਈ ਆਏ ਹੋਏ ਸਨ। ਜੋ ਤੁਰੰਤ ਹੇਠਾਂ ਵੱਲ ਨੂੰ ਭੱਜੇ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਤੇ ਹੋਰ ਅੱਗ ਬੁਝਾਊ ਦਸਤਿਆਂ ਦੇ ਵੱਖ ਵੱਖ ਟੈਂਡਰ ਇਥੇ ਪੁੱਜੇ ਸਨ, ਜਿਨ੍ਹਾਂ ਵਿਚ ਹਵਾਈ ਫੌਜ ਅਤੇ ਖੰਨਾ ਪੇਪਰ ਮਿੱਲ ਦੇ ਅੱਗ ਬੁਝਾਊ ਵਾਹਨ ਵੀ ਸ਼ਾਮਲ ਸਨ। ਹਾਜ਼ਰ ਲੋਕਾਂ ਮੁਤਾਬਕ ਇਹ ਅੱਗ ਲੱਗਣ ਦੀ ਘਟਨਾ ਦੁਪਹਿਰ ਲਗਪਗ ਇਕ ਵਜੇ ਵਾਪਰੀ ਅਤੇ ਅੱਗ ਬੁਝਾਉਣ ਦਾ ਕੰਮ ਸ਼ਾਮ ਤਕ ਜਾਰੀ ਰਿਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly