ਦੇਸ਼ ਭਰ ਵਿੱਚ ਐੱਮਐੱਸਪੀ ਹਫ਼ਤਾ ਮਨਾਏਗਾ ਕਿਸਾਨ ਮੋਰਚਾ: ਟਿਕੈਤ

ਬਨੂੜ (ਸਮਾਜ ਵੀਕਲੀ):  ਸੰਯੁਕਤ ਕਿਸਾਨ ਮੋਰਚੇ ਵੱਲੋਂ ਆਗਾਮੀ 11 ਤੋਂ 17 ਅਪਰੈਲ ਤੱਕ ਦੇਸ਼ ਭਰ ਵਿੱਚ ਐੱਮਐੱਸਪੀ ਹਫ਼ਤਾ ਮਨਾਇਆ ਜਾਵੇਗਾ। ਇਸ ਹਫ਼ਤੇ ਦੌਰਾਨ ਦੇਸ਼ ਭਰ ਵਿੱਚ ਸੈਮੀਨਾਰ, ਰੈਲੀਆਂ ਤੇ ਮੀਟਿੰਗਾਂ ਕਰ ਕੇ ਫ਼ਸਲਾਂ ਦੀਆਂ ਕੇਂਦਰ ਵੱਲੋਂ ਨਿਰਧਾਰਿਤ ਕੀਤੀਆਂ ਜਾਂਦੀਆਂ ਕੀਮਤਾਂ ਅਨੁਸਾਰ ਖ਼ਰੀਦ ਯਕੀਨੀ ਬਣਾਉਣ ਲਈ ਕਿਸਾਨਾਂ ਅਤੇ ਦੇਸ਼ ਵਾਸੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਇਹ ਐਲਾਨ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰਾਕੇਸ਼ ਟਿਕੈਤ ਨੇ ਇੱਥੇ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਅੱਜ ਕਰਵਾਏ ਗਏ ਕਿਸਾਨ ਮੇਲੇ ਵਿੱਚ ਸ਼ਿਰਕਤ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਵੀ ਮੌਜੂਦ ਸਨ।

ਸ੍ਰੀ ਟਿਕੈਤ ਨੇ ਦੱਸਿਆ ਕਿ ਕੇਂਦਰ ਕੋਲੋਂ ਐੱਮਐੱਸਪੀ ਸਬੰਧੀ ਕਾਨੂੰਨ ਬਣਵਾਉਣ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਸਬੰਧੀ ਸਯੁੰਕਤ ਕਿਸਾਨ ਮੋਰਚਾ ਪੂਰੀ ਤਨਦੇਹੀ ਨਾਲ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਨਿੱਤ ਦਿਨ ਵੱਧ ਰਹੀਆਂ ਕੀਮਤਾਂ ਅਤੇ ਟੌਲ ਪਲਾਜ਼ਿਆਂ ਦੀਆਂ ਵਧਾਈਆਂ ਦਰਾਂ ਨਿੰਦਣਯੋਗ ਹਨ। ਸ੍ਰੀ ਟਿਕੈਤ ਨੇ ਲੰਬੀ ਵਿੱਚ ਕਿਸਾਨਾਂ ’ਤੇ ਲਾਠੀਚਾਰਜ, ਬੀਬੀਐੱਮਬੀ ਅਤੇ ਚੰਡੀਗੜ੍ਹ ਵਿੱਚੋਂ ਪੰਜਾਬ ਨੂੰ ਬਾਹਰ ਕਰਨ ਸਬੰਧੀ ਲਏ ਜਾ ਰਹੇ ਫ਼ੈਸਲਿਆਂ ਦੀ ਨਿਖੇਧੀ ਕੀਤੀ। ਉਨ੍ਹਾਂ ਪੰਜਾਬ ਨੂੰ ਕੇਂਦਰੀ ਪੂਲ ਤੋਂ ਬਿਜਲੀ ਨਾ ਦੇਣ ਦੇ ਫ਼ੈਸਲੇ ਅਤੇ ਪ੍ਰੀ-ਪੇਡ ਮੀਟਰਾਂ ਦਾ ਵੀ ਵਿਰੋਧ ਕੀਤਾ। ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨ ਮੰਗਾਂ ਤੋਂ ਜਾਣੂ ਕਰਾਉਣ ਅਤੇ ਮੰਗ ਪੱਤਰ ਦੇਣ ਲਈ ਸਮਾਂ ਮੰਗਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ ਇਸ ਸਬੰਧੀ ਲਿਖ਼ਤੀ ਪੱਤਰ ਅੱਜ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਸਮਾਂ ਮਿਲਦਿਆਂ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਕਿਸਾਨੀ ਮੰਗਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ। ਇਸ ਮੌਕੇ ਲੱਖੋਵਾਲ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਸੂਰਜਮੁਖੀ ਅਤੇ ਸਰ੍ਹੋਂ ਦੀ ਫ਼ਸਲ ਸਰਕਾਰੀ ਕੀਮਤ ਉੱਤੇ ਖ਼ਰੀਦਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫ਼ਸਲ ਨਿਰਧਾਰਿਤ ਕੀਮਤ ਤੋਂ ਘੱਟ ਕੀਮਤ ’ਤੇ ਖ਼ਰੀਦੀ ਗਈ ਤਾਂ ਸੰਯੁਕਤ ਕਿਸਾਨ ਮੋਰਚਾ ਇਸ ਦਾ ਵਿਰੋਧ ਕਰੇਗਾ ਅਤੇ ਸੰਘਰਸ਼ ਕੀਤਾ ਜਾਵੇਗਾ। ਕਿਸਾਨ ਮੇਲੇ ਵਿੱਚ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਇੱਕਜੁੱਟ ਹੋ ਕੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਸਵਾਈਟ ਗਰੁੱਪ ਦੇ ਪ੍ਰਧਾਨ ਅਸ਼ੋਕ ਗਰਗ ਅਤੇ ਚੇਅਰਮੈਨ ਅਸ਼ਵਨੀ ਗਰਗ ਦੀ ਅਗਵਾਈ ਹੇਠ ਕਿਸਾਨ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜੇਵਾਲ ਨੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਖੜ੍ਹਨ ਵਾਸਤੇ ਪ੍ਰੇਰਿਆ
Next articleਨਾਗਾਲੈਂਡ, ਅਸਾਮ ਤੇ ਮਨੀਪੁਰ ਦੇ ਵੱਡੇ ਹਿੱਸੇ ’ਚੋਂ ਅਫ਼ਸਪਾ ਹਟਿਆ