ਮ੍ਰਿਗ ਚਾਲ ਕਬਿੱਤ

ਹਰਵਿੰਦਰ ਸਿੰਘ ਰੋਡੇ

(ਸਮਾਜ ਵੀਕਲੀ)

ਚਿੜੀਆਂ ਤੋਂ ਆਲ੍ਹਣੇ ਤੇ ਇੱਲਾਂ ਤੋਂ ਅਕਾਸ਼ ਖੋਹ ਕੇ,
ਹੁਣ ਕੌਣ ਲੱਗਿਐ ਬਨੇਰੇ ਖੋਹਣ ਕਾਂਵਾਂ ਤੋਂ?

ਕਦੇ ਸੰਤਾਲੀ ਕਦੇ ਆਣ ਕੇ ਚੁਰਾਸੀ ਢੁੱਕੇ,
ਕੌਣ ਖੋਂਹਦਾ ਫਿਰਦਾ ਏ ਸੋਹਣੇ ਪੁੱਤ ਮਾਂਵਾਂ ਤੋਂ?

ਫੁੱਲਾਂ ਤੋਂ ਸੁਗੰਧੀਆਂ ਤੇ ਫ਼ਲਾਂ ਤੋਂ ਮਿਠਾਸ ਖੋਹੀ,
ਧੁੱਪਾਂ ਤੋਂ ਤਪਸ਼ ਤੇ ਸਕੂਨ ਖੋਹਿਆ ਛਾਂਵਾਂ ਤੋਂ।

ਰਿਹਾ ਰੋਗ ਕੱਟਣੇ ਦਾ ਵੱਲ ਨਾ ਦਵਾਈਆਂ ਕੋਲੇ,
ਉੱਤੋਂ ਸਮਰੱਥਾ ਖੋਹ ਕੇ ਲੈ’ਗੀਆਂ ਦੁਆਵਾਂ ਤੋਂ।

ਤੌਬਾ! ਤੌਬਾ! ਹੱਥ ਧੋ ਕੇ ਮੇਦਨੀ ਦੇ ਪਿੱਛੇ ਪੈ’ਗੇ,
ਆਇਆ ਨਹੀਓਂ ਰੱਜ, ਪਾਣੀ ਖੋਹ ਕੇ ਦਰਿਆਵਾਂ ਤੋਂ।

ਜਿੱਦਣ ਦਾ ਸੁਰ-ਤਾਲ ਖੁੱਸਿਆ ਮੌਸੀਕੀ ਕੋਲੋਂ,
ਓਦਣ ਦੇ ਖੁੱਸ ਚੱਲੇ ਨਖ਼ਰੇ ਅਦਾਵਾਂ ਤੋਂ।

ਚੰਦਰੇ ਮੁਬੈਲ ਕੌਣ ਹੱਥਾਂ ‘ਚ ਫੜ੍ਹਾ ਗਿਆ ਏ,
ਹਾਸਾ ਠੱਠਾ ਖੋਹ ਕੇ ਲੈ’ਗੇ ਸੱਥਾਂ ਤੇ ਸਭਾਵਾਂ ਤੋਂ।

ਸਰਵਣ ਪੁੱਤ ਸੁੱਖਾਂ ਸੁੱਖਦੇ ਅਵੱਲੀਆਂ ਨੇ,
ਸੇਵਾ ਮਾਈ ਬਾਪ ਦੀ ਨੂੰ ਖੋਹ ਲਿਆ ਇੱਛਾਵਾਂ ਤੋਂ।

ਪੈਸਿਆਂ ਦੇ ਨਾਗਾਂ ਡੰਗ ਮਾਰਕੇ ਦਿਮਾਗਾਂ ਤਾਈਂ,
ਖੋਹ’ਲੀ ਕੁੱਲ ਕੋਮਲਤਾ ਕੋਮਲ ਕਲਾਵਾਂ ਤੋਂ।

ਨੇਕੀਆਂ ਸਲਾਹਵਾਂ ਤੋਂ, ਭਰੋਸਾ ਭਾਵਨਾਵਾਂ ਕੋਲੋਂ,
ਖੋਹਣ ਵੱਲੋਂ ਛੱਡੀ ਨਹੀਓਂ ਸਿੱਖਿਆ ਕਥਾਵਾਂ ਤੋਂ।

ਜਾਲ ਪਰਵਾਸ ਦੇ ਵਿਛਾਏ ਕੀਹਨੇ ਐਸ ਤਰ੍ਹਾਂ?
ਬਿਨਾਂ ਮੁਕਲਾਵੇ ਭੈਣਾਂ ਖੋਹ’ਲੀਆਂ ਭਰਾਵਾਂ ਤੋਂ।

ਬੂਟਿਆਂ ਤੋਂ ਜੜ੍ਹਾਂ ਤੇ ਪਤੰਗਿਆਂ ਤੋਂ ਸ਼ਮ੍ਹਾਂ ਖੋਹੀ,
ਖ਼ੌਰੇ ਕੀਹਨੇ ਖੋਹ ਲਿਆ ਪਤੰਗਾਂ ਨੂੰ ਤੜਾਵਾਂ ਤੋਂ।

ਐਥੇ ਬਣੇ ਮੰਦਰ ਨਾ, ਬਣੂ ਨਾ ਮਸੀਤ ਓਥੇ,
ਕੇਹੇ ਭੈੜੇ ਫਿਕਰੇ ਆਜਾਦੀ ਖੋਹਣ ਥਾਂਵਾਂ ਤੋਂ।

ਕਾਦਰ ਦੀ ਆਰਤੀ ਐ ਖੋਹ’ਲੀ ਕਾਇਨਾਤ ਕੋਲੋਂ,
ਧੂਪ ਮਲਿਆਨਲੋ ਤੋਂ, ਚਵਰ ਹਵਾਵਾਂ ਤੋਂ।

ਆਲੀਸ਼ਾਨ ਮਹਿਲ ਛੱਤ, ਫੋਟੋ ਟੰਗੀ ਬੱਦਲਾਂ ਦੀ,
ਖੋਹ ਕੇ ਖਰਮਸਤੀਆਂ ਕਾਲੀਆਂ ਘਟਾਵਾਂ ਤੋਂ।

ਰੋਮਨ ਲਿਪੀ ਦੇ ਵਿੱਚ ਗੱਲਾਂ ਹੋਣ ਲੱਗੀਆਂ ਨੇ,
ਖੋਹ ਕੇ ਪੈਂਤੀ ਅੱਖਰਾਂ ਨੂੰ ਲਾਵਾਂ ਤੇ ਦੁਲਾਂਵਾਂ ਤੋਂ।

ਲੱਗਣ ਲੱਗਾ ਏ ਤਾਂਤਾ ਕੋਰਟਾਂ ਕਚਹਿਰੀਆਂ ‘ਚ,
ਖੋਹ ਲਿਆ ਵਿਆਹਾਂ ਤਾਈਂ ਫੇਰਿਆਂ ਤੇ ਲਾਂਵਾਂ ਤੋਂ।

ਐਵੇਂ ਤਾਂ ‘ਨ੍ਹੀਂ ਪਾਠਕਾਂ-ਸ੍ਰੋਤਿਆਂ ਨੇ ਮੁਖ ਮੋੜੇ,
ਕਿਸੇ ਨੇ ਜ਼ਰੂਰ ਰਸ ਖੋਹਿਆ ਕਵਿਤਾਵਾਂ ਤੋਂ।

ਲੌਂਗ, ਟਿੱਕਾ, ਵਾਲ਼ੀਆਂ ਤੇ ਝਾਂਜਰਾਂ ਨੂੰ ਖੋਹਣ ਪਿੱਛੋਂ,
ਮਾਂਗ ‘ਚੋਂ ਸੰਧੂਰ, ਚੂੜੇ ਖੋਹੇ ਕੀਹਨੇ ਬਾਂਹਵਾਂ ਤੋਂ?

ਹਾੜਾ! ਕਦੇ ਇਕਜੁੱਟ ਹੋਇ ਕੇ ਤਾਂ ਵੇਖੀਏ ਵੇ,
ਖ਼ੌਰੇ ਖੁੱਸ ਜਾਣ ‘ਰੋਡੇ’ ਤਾਕਤਾਂ ਬਲਾਵਾਂ ਤੋਂ!

ਹਰਵਿੰਦਰ ਸਿੰਘ ਰੋਡੇ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEight K’taka BJP workers booked for abusing woman JD(S) MLA
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਵੱਖ ਵੱਖ ਜਮਾਤਾਂ ਦਾ ਨਤੀਜਾ ਸੌ ਫੀਸਦੀ ਰਿਹਾ