ਜਗਰਾਉਂ (ਸਮਾਜ ਵੀਕਲੀ): ਇੱਥੇ ਜਗਰਾਉਂ-ਰਾਏਕੋਟ ਸੜਕ ’ਤੇ ਸਾਈਕਲ ਸਵਾਰ ਮਜ਼ਦੂਰ ਨੂੰ ਬਚਾਉਂਦੇ ਹੋਏ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਮੌਕੇ ਤੇ ਹੀ ਉਸ ਉਪਰੋਂ ਗੱਡੀ ਲੰਘਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਸਾਈਕਲ ਸਵਾਰ ਵੀ ਗੰਭੀਰ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਗਦੇਵ ਸਿੰਘ (32) ਵਾਸੀ ਪਿੰਡ ਢੋਲਣ ਜਗਰਾਉਂ ਨੂੰ ਆ ਰਿਹਾ ਸੀ। ਜਦੋਂ ਉਹ ਰਾਏਕੋਟ ਰੋਡ ’ਤੇ ਸਥਿਤ ਇੱਟਾਂ ਦੇ ਭੱਠੇ ਕੋਲ ਪਹੁੰਚਿਆ ਤਾਂ ਅਚਾਨਕ ਭੱਠੇ ਤੇ ਕੰਮ ਕਰਨ ਵਾਲਾ ਇੱਕ ਸਾਈਕਲ ਸਵਾਰ ਮਜ਼ਦੂਰ ਸੜਕ ਪਾਰ ਕਰਦਾ ਸਾਹਮਣੇ ਆ ਗਿਆ। ਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ’ਚ ਮੋਟਰਸਾਈਕਲ ਬੇਕਾਬੂ ਹੋ ਗਿਆ। ਜਗਦੇਵ ਸਿੰਘ ਅਤੇ ਸਾਈਕਲ ਸਵਾਰ ਸੜਕ ਤੇ ਡਿੱਗ ਪਏ,ਪਿੱਛੋਂ ਆ ਰਹੀ ਤੇਜ਼ ਰਫਤਾਰ ਗੱਡੀ ਜਗਦੇਵ ਦੇ ਉਪਰੋਂ ਲੰਘ ਉਸ ਨੂੰ ਕੁੱਚਲ ਗਈ। ਸਾਈਕਲ ਸਵਾਰ ਵੀ ਜ਼ਖਮੀ ਹੋ ਗਿਆ। ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਜ਼ਖਮੀ ਹਾਲਤ’ਚ ਦੋਵਾਂ ਇੱਥੋਂ ਦੇ ਨਿੱਜੀ ਹਸਪਤਾਲ’ਚ ਲਿਆਂਦਾ। ਡਾਕਟਰਾਂ ਨੇ ਜਗਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ । ਪਿੰਡ ਢੋਲਣ ਦੇ ਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੇਵ ਸਿੰਘ ਦੇ 4 ਸਾਲ ਦਾ ਲੜਕਾ ਅਤੇ ਕਰੀਬ ਡੇਢ ਸਾਲ ਦੀ ਲੜਕੀ ਹੈ। ਉਸਦੇ ਪਿਤਾ ਦੀ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਅਣਪਛਾਤੇ ਗੱਡੀ ਚਾਲਕ ਦੀ ਭਾਲ ਅਰੰਭੀ ਗਈ ਹੈ।