ਨਵਜੰਮੇ ਬੱਚਿਆਂ ਦੀਆਂ 20 ਫੀਸਦੀ ਮੌਤਾਂ ਨੂੰ ਘਟਾਇਆ ਜਾ ਸਕਦੈ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ 1 ਅਗਸਤ ਤੋਂ 7 ਅਗਸਤ ਤੱਕ ਵਿਸ਼ਵ ਬ੍ਰੈਸਟਫੀਡਿੰਗ ਹਫ਼ਤਾ ਮਨਾਇਆ ਜਾਵੇਗਾ। ਇਸ ਸਾਲ ਵਿਸ਼ਵ ਬ੍ਰੈਸਟਫੀਡਿੰਗ ਹਫ਼ਤੇ ਦਾ ਥੀਮ “ਪਾੜੇ ਨੂੰ ਘੱਟ ਕਰਨਾ : ਸਾਰੇ ਬੱਚਿਆਂ ਲਈ ਬ੍ਰੈਸਟਫੀਡਿੰਗ ਸਹਾਇਤਾ” ਹੈ। ਇਸ ਸਬੰਧੀ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਅੱਜ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਜ਼ਿਲ੍ਹਾ ਨੋਡਲ ਅਫਸਰ ਨਾਲ ਆਯੋਜਿਤ ਵਿਸ਼ੇਸ਼ ਮੀਟਿੰਗ ਵਿੱਚ ਵਿਸ਼ਵ ਬ੍ਰੈਸਟਫੀਡਿੰਗ ਹਫਤਾ ਮਨਾਉਣ ਸਬੰਧੀ ਹਦਾਇਤਾਂ ਜਾਰੀ ਕਰਦੇ ਹੋਏ ਦੱਸਿਆ ਕਿ ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਵਿਸ਼ਵ ਬ੍ਰੈਸਟਫੀਡਿੰਗ ਹਫ਼ਤਾ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਵਿਸ਼ਵ ਬ੍ਰੈਸਟਫੀਡਿੰਗ ਹਫ਼ਤੇ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਿਹਤ ਡੇਅ ਵਾਈਜ ਐਕਸ਼ਨ ਪਲਾਨ ਤਿਆਰ ਕੀਤਾ ਜਾਵੇ। ਏ.ਐਨ.ਐਮਜ਼. ਅਤੇ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਨਿਰੰਤਰ ਜਾਗਰੂਕ ਕੀਤਾ ਜਾਵੇ, ਮਾਂ ਦਾ ਦੁੱਧ ਬੱਚੇ ਦੇ ਸੰਪੂਰਨ ਵਿਕਾਸ ਲਈ ਪੌਸ਼ਣ ਦਾ ਸਭ ਤੋਂ ਵਧੀਆ ਸਰੋਤ ਹੈ। ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਜਿੱਥੇ ਬੱਚੇ ਨੂੰ ਬਿਮਾਰੀਆਂ ਲੱਗਣ ਦਾ ਖਤਰਾ ਘੱਟ ਹੁੰਦਾ ਹੈ, ਉੱਥੇ ਹੀ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਮਾਵਾਂ ਵਿੱਚ ਛਾਤੀ ਦੇ ਕੈਂਸਰ, ਅੰਡਦਾਨੀਆਂ ਦਾ ਕੈਂਸਰ ਅਤੇ ਸ਼ੂਗਰ ਦੀ ਬਿਮਾਰੀ ਦਾ ਖਤਰਾ ਘੱਟ ਹੁੰਦਾ ਹੈ। ਇਸ ਨਾਲ ਜਿੱਥੇ ਮਾਂ ਅਤੇ ਬੱਚੇ ਵਿੱਚ ਸਨੇਹ ਵੱਧਦਾ ਹੈ, ਉੱਥੇ ਮਾਂ ਖੁਦ ਵੀ ਸਿਹਤਮੰਦ ਰਹਿੰਦੀ ਹੈ। ਡਾ. ਜਸਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਭਾਰਤ ਵਿਚ ਕੇਵਲ 41 ਫੀਸਦੀ ਬੱਚਿਆਂ ਨੂੰ ਹੀ ਪਹਿਲੇ ਅੱਧੇ ਘੰਟੇ ਵਿੱਚ ਮਾਂ ਦਾ ਦੁੱਧ ਦਿੱਤਾ ਜਾਣਾ ਸ਼ੁਰੂ ਕੀਤਾ ਜਾਂਦਾ ਹੈ। ਮਾਂ ਦਾ ਦੁੱਧ ਬੱਚਿਆਂ ਨੂੰ ਨਾ ਪਿਲ਼ਾਉਣ ਕਾਰਨ ਅੰਦਾਜ਼ਨ ਬੱਚਿਆਂ ਦੀਆਂ ਮੌਤਾਂ ਨੂੰ ਰੋਕਿਆ ਜਾਣਾ ਸੰਭਵ ਹੈ। ਮਾਂ ਦਾ ਦੁੱਧ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਇਸ ਵਿੱਚ ਬੱਚੇ ਦੇ ਸੰਪੂਰਨ ਵਿਕਾਸ ਲਈ ਲੋੜੀਂਦੇ ਤੱਤ ਮੌਜੂਦ ਹੁੰਦੇ ਹਨ। ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੁੰਦਾ ਹੈ ਅਤੇ ਇਹ ਉਸਦਾ ਮੁੱਢਲਾ ਹੱਕ ਵੀ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਮਨਦੀਪ ਕਮਲ ਨੇ ਦੱਸਿਆ ਕਿ ਜਨਮ ਤੋਂ ਬਾਅਦ ਪਹਿਲੇ ਅੱਧੇ ਘੰਟੇ ਦੇ ਅੰਦਰ ਹੀ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਂ ਦਾ ਪਹਿਲਾ ਗਾੜਾ ਦੁੱਧ (ਬੌਹਲਾ) ਬੱਚੇ ਨੂੰ ਪਿਲਾਉਣ ਨਾਲ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਹੁੁੰਦੀ ਹੈ। ਉਨ੍ਹਾਂ ਦੱਸਿਆ ਕਿ ਜਨਮ ਦੇ ਪਹਿਲੇ ਘੰਟੇ ਵਿੱਚ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰਨ ਨਾਲ ਨਵ-ਜਨਮੇ ਬੱਚਿਆ ਦੀਆਂ ਮੌਤਾਂ ਨੂੰ 20 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਮਾਂ ਦਾ ਦੁੱਧ ਨਹੀ ਦਿੱਤਾ ਜਾਂਦਾ, ਉਨ੍ਹਾਂ ਵਿੱਚ ਨਿਮੋਨੀਆ ਨਾਲ 15 ਫੀਸਦੀ ਅਤੇ ਦਸਤਾਂ ਦੀ ਬਿਮਾਰੀ ਨਾਲ 11 ਫੀਸਦੀ ਮੌਤ ਦਾ ਖਤਰਾ ਹੁੰਦਾ ਹੈ, ਜੋ ਕਿ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਦਾ ਮੁੱਖ ਕਾਰਨ ਹੈ। ਬੱਚੇ ਨੂੰ ਛੇ ਮਹੀਨੇ ਤੋਂ ਬਾਅਦ ਮਾਂ ਦੇ ਦੁੱਧ ਦੇ ਨਾਲ-ਨਾਲ ਨਰਮ ਓਪਰੀ ਖੁਰਾਕ ਵੀ ਦੇਣੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly