(ਸਮਾਜ ਵੀਕਲੀ)
ਮਾਂ ਵਰਗੀ ਕੋਈ ਸ਼ਕਤੀ ਨਈ,
ਮਾਂ ਕੁਦਰਤ ਵਿੱਚ ਨਾ ਅੰਤਰ ਏ।
ਮਾਂ ਉਹ ਕੁਦਰਤ ਦੀ ਰਹਿਮਤ ਏ,
ਜਿੱਥੋਂ ਮਿਲ਼ ਜਾਦੀ ਹਰ ਮੰਨਤ ਏ।
ਮਾਂ ਚਲਦਾ ਫਿਰਦਾ ਤੀਰਥ ਏ,
ਮਾਂ ਹੀ ਸੁੱਖਾਂ ਦਾ ਸਾਗ਼ਰ ਏ।
ਮਾਂ ਵਰਗੀ ਨਈਂ ਕੋਈ ਦੁਨੀਆਂ ਤੇ,
ਮਾਂ ਪੂਜਾ ਮਾਂ ਇਬਾਦਤ ਏ………………..
ਸਾਗ਼ਰ ਤੋਂ ਡੂੰਘੀ ਸੋਚ ਇਹਦੀ,
ਇਹਦਾ ਬ੍ਰਹਮੰਡ ਜਿੱਡਾ ਜਿਹਰਾ ਏ।
ਦੁਨੀਆਂ ਤੇ ਐਸਾ ਜੰਮਿਆਂ ਨਈਂ,
ਮਾਂ ਦਾ ਕਰਜ਼ ਚੁਕਾਏ ਜਿਹੜਾ ਏ।
ਇਹਦੇ ਨੂਰ ਤੋਂ ਰੋਸ਼ਨ ਜੱਗ ਸਾਰਾ,
ਮਾਂ ਧਰਤ ਸ੍ਰਿਸ਼ਟੀ ਪਾਲਕ ਏ।
ਮਾਂ ਪੂਜਾ ਮਾਂ ਇਬਾਦਤ ਏ………………..
ਨਬੀ, ਔਲੀਆ,ਪੀਰ, ਪੈਗੰਬਰ ਵੀ,
ਗੁਰੂ,ਸਾਧੂ,ਸੰਤ,ਕਲੰਦਰ ਵੀ।
ਮਾਂ ਦੇ ਭਰੇ ਭੰਡਾਰ ਦੁਆਂਵਾਂ ਦੇ,
ਕਿਹੜਾ ਜਾਣੇਂ ਮਾਂ ਦੇ ਅੰਦਰ ਦੀ।
ਮਾਂ ਹੀ ਸੰਸਾਰ ਦਿਖਾਉਂਦੀ ਏ,
ਮਾਂ ਸਭ ਤੋਂ ਪਾਕ ਸਦਾਕਤ ਏ।
ਮਾਂ ਪੂਜਾ ਮਾਂ ਇਬਾਦਤ ਏ………………..
ਹੱਥ ਮਾਂ ਦਾ ਸਿਰ ਤੇ ਢੇਰ ਦੁੱਖਾਂ ਦੇ,
ਪੱਲ ਵਿੱਚ ਕਰ ਫ਼ਨਾ ਦਿੰਦਾ ਏ।
ਮਾਂ ਦੀ ਗੋਦੀ ਵਿੱਚ ਸਕੂਨ ਜਿਹੜਾ,
ਸਾਰੇ ਹੀ ਦੁੱਖ ਭੁਲਾ ਦਿੰਦਾ ਏ।
ਮਾਂ ਦੀ ਲੋਰੀ ਵਿੱਚ ਆਨੰਦ ਜਿਹੜਾ,
ਨਾਂ ਮਿਲਦਾ ਲੱਖ ਇਬਾਦਤ ਦੇ।
ਮਾਂ ਪੂਜਾ ਮਾਂ ਇਬਾਦਤ ਏ………………..
ਮਾਂ ਹੈ ਤੇ ਜੱਗ ਰੌਸ਼ਨ ਏ,
ਹਵਾ,ਪਾਣੀ ਸਭ ਸੁਗੰਦਤ ਨੇ।
ਜ਼ਰਾ ਅੱਖਾਂ ਖੋਲ੍ਹ ਕੇ ਦੇਖ ਸਹੀ,
ਇਹਦੇ ਚਰਨਾਂ ਵਿੱਚ ਹੀ ਜੰਨਤ ਏ।
ਮਾਂ ਗੁਰ ਗਿਆਨ ਦੀ ਮੂਰਤ ਏ,
ਮਾਂ ਤੋਂ ਦੁਨੀਆਂ ਦੀ ਵਿਲਾਦਤ ਏ।
ਮਾਂ ਪੂਜਾ ਮਾਂ ਇਬਾਦਤ ਏ………………
ਲਿਖਣੀਂ ਜੇ ਮਾਂ ਦੀ ਸਿਫ਼ਤ ਹੋਵੇ,
ਕੋਈ ਵੀ ਐਸਾ ਮਜ਼ਬੂਨ ਨਈਂ।
ਮਾਂ ਦੀ ਸਮਝ ਸਕੇ ਗਹਿਰਾਈ ਜੋ,
ਕੋਈ ਜੰਮਿਆਂ ਅਫ਼ਲਾਤੂਨ ਨਈਂ।
ਮਾਂ ਆਦਿ ਵੀ ਏ ਮਾਂ ਅੰਤ ਵੀ ਏ।
ਮਾਂ ਬ੍ਰਹਮੰਡ ਕੁਦਰਤ ਕਾਦਰ ਏ।
ਮਾਂ ਪੂਜਾ ਮਾਂ ਇਬਾਦਤ ਏ ……………….
ਜਿਹਨਾਂ ਦੀਆਂ ਸਲਾਮਤ ਮਾਮਾਂ ਨੇ,
ਉਹਨਾਂ ਵਰਗਾ ਕੋਈ ਅਮੀਰ ਨਈ।
ਸਾਏ ਉੱਠ ਗਏ ਸਿਰਾਂ ਤੋਂ ਜਿਹਨਾਂ ਦੇ,
ਉਹਨਾਂ ਵਰਗਾ ਕੋਈ ਗਰੀਬ ਨਈਂ।
ਜੋ ਮਾਂ ਨੂੰ ਸਮਝਣ ਬੋਝ ਪਏ,
ਉਹ ਔਲਾਦ ਕਿਸੇ ਨਾ ਕਾਬਲ ਏ।
ਮਾਂ ਪੂਜਾ ਮਾਂ ਇਬਾਦਤ ਏ ……………….
ਉਹ ਮੇਰੇ ਆਸ-ਪਾਸ ਹੀ ਰਹਿੰਦੀ ਏ,
ਉਹਦੀ ਮਹਿਕ ਸਦਾ ਮੇਰੇ ਅੰਦਰ ਏ।
ਸਿਰ ਯਾਦਾਂ ਦੇ ਵਿੱਚ ਝੁਕ ਜਾਂਦਾ,
ਇਹ ਬੜਾ ਅਨੋਖਾ ਮੰਜ਼ਰ ਏ।
ਮੈਨੂੰ ਰਸਤਾ ਦੱਸਦੀ ਰਹਿੰਦੀ ਏ,
ਉਸ ਨੇ ਬਦਲੀ ਨਾ ਆਦਤ ਏ।
ਮਾਂ ਪੂਜਾ ਮਾਂ ਇਬਾਦਤ ਏ………………..
ਮਾਂ ਦੀ ਰਹਿਮਤ ਪੱਲ-ਪੱਲ ਵਰਸਦੀ ਏ,
ਮਾਂ ਦੇ ਪਿਆਰ ਜਿਹਾ ਕਿਤੇ ਪਿਆਰ ਨਈਂ।
ਮਾਂ ਦੀ ਤੜਫਣ ਜਈ ਕਿਤੇ ਤੜਫ਼ਣ ਨਈ,
ਮਾਂ ਜੈਸਾ ਕੋਈ ਕਿਰਦਾਰ ਨਈਂ।
ਕੋਈ ਮਾਂ ਦਾ ਸਾਨੀ ਨਈਂ ‘ਹਰਦਾਸਪੁਰੀ’
ਮਾਂ ਕਰਦੀ ਸਭ ਉਜਾਗਰ ਏ।
ਮਾਂ ਵਰਗੀ ਨਈਂ ਕੋਈ ਦੁਨੀਆਂ ਤੇ,
ਮਾਂ ਪੂਜਾ ਮਾਂ ਇਬਾਦਤ ਏ………………..
‘ਮਲਕੀਤ ਹਰਦਾਸਪੁਰੀ’
ਫੋਨ-0306947249768
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly