(ਸਮਾਜ ਵੀਕਲੀ)
“ਨੀ ਸੀਤੋ ਘਰੇ ਐਂ –ਮੈਂ ਕਿਹਾ ਤੇਰੀ ਸੁਖ ਸਾਂਦ ਪੁਛਦੀ ਜਾਵਾਂ ਨਾਲੇ ਪਿੰਡ ਦਾ ਹਾਲ ਸੁਣਾ ਆਵਾਂ”,ਧੰਨਕੁਰ ਤਾਈ ਨੇ ਸੀਤੋ ਦਾ ਬੂਹਾ ਖੋਲ੍ਹ ਅੰਦਰ ਵੜਦਿਆਂ ਕਿਹਾ। “ਲੰਘ ਆ ਤਾਈ,ਆਹ ਕੁਰਸੀ ਕਰ ਲੈ ਇੱਧਰ ਨੂੰ”।
ਰਸੋਈ ਵਿੱਚ ਅਪਣੀ ਨੂੰਹ ਲਈ ਦੁੱਧ ਗਰਮ ਕਰਦੀ ਹੋਈ ਸੀਤੋ ਨੇ ਆਖਿਆ। “ਤੁਸੀਂ ਤਾਂ ਭਾਈ ਸਾਰਾ ਕੰਮ ਮੁਕਾਈ ਬੈਠੀਆਂ–ਸੁੱਖ ਨਾਲ ਕਪੜੇ ਧੋ ਕੇ ਤਾਰਾਂ ਭਰਤੀਆਂ, ਭਾਂਡੇ ਵੀ ਚਮਕਾਏ ਪਏ ਨੇ ਕੂਕਿਆਂ ਦੇ ਡੋਲ ਵਾਂਗੂੰ ਪਰ ਤੇਰੀ ਨੂੰਹ ਨਹੀਂ ਨਜ਼ਰ ਆ ਰਹੀ ਕਿਤੇ, (ਅੰਦਰ ਕਮਰੇ ਵੱਲ ਵੇਖਦੇ ਹੋਏ) ਅੱਛਾ ਅੰਦਰ ਪਈ ਹੈ ਚਾਦਰ ਤਾਣ ਕੇ ਤੇ ਤੂੰ ਬੁੱਢੀ ‘ਰਾਮ ਕਰਨ ਦੀ ਬਜਾਏ ਚੁੱਲ੍ਹੇ ਚੌਂਕੇ ਵਿੱਚ ਫੱਸੀ ਹੋਈ ਹੈ”!
“ਅਜਿਹਾ ਨਹੀਂ ਹੈ ਤਾਈ,ਮੇਰੀ ਨੂੰਹ ਤਾਂ ਮੈਨੂੰ ਕੋਈ ਵੀ ਕੰਮ ਕਰਨ ਨਹੀਂ ਦਿੰਦੀ,ਉਹ ਤਾਂ ਰਾਤ ਦੀ ਉਸਦੀ ਤਬੀਅਤ ਠੀਕ ਨਹੀਂ,ਤਾਪ ਚੜ੍ਹਿਆ ਹੋਇਆ ਹੈ ਜੈ ਖਾਣਾ”। “ਨਾ ਰਹਿਣ ਦੇ ਤੂੰ, ਅੱਜਕਲ ਦੀਆਂ ਨੂੰਹਾਂ ਬੀਮਾਰੀ ਦਾ ਬਹਾਨਾ ਬਣਾ ਕੇ ‘ਰਾਮ ਕਰਦੀਆਂ ਨੇ ਕੰਮਚੋਰ, ਮੇਰੀ ਨੂੰਹ ਵੀ ਐਵੇਂ ਹੀ ਕਰਦੀ ਹੈ,ਤੀਏ ਦਿਨ ਹੀ ਉਸ ਦੀ ਚੂਲ ਵੀਂਗੀ ਹੋ ਜਾਂਦੀ ਹੈ, ਬੰਨ੍ਹ ਕੇ ਮੱਥੇ ਤੇ ਚੁੰਨੀ,ਬਡ ਤੇ ਪਸਰ ਜਾਂਦੀ ਹੈ ਜੈ ਖਾਣੀ”।
“ਆਂਏ ਨਾ ਕਹਿ ਤਾਈ–ਜਦ ਅਪਣੀ ਧੀ ਬੀਮਾਰ ਹੁੰਦੀ ਹੈ ਤਾਂ ਆਪਾਂ ਉਸਦੀ ਦਵਾਈ ਬੂਟੀ ਨਹੀਂ ਕਰਦੇ ਕਿ ਉਸਨੂੰ ਖਾਣਪੀਣ ਨੂੰ ਨੀ ਬਣਾ ਕੇ ਦਿੰਦੇ, ਫੇਰ ਨੂੰਹ ਨੂੰ ਬਣਾ ਕੇ ਦੇਣ ਲਈ ਕੀ ਤਕਲੀਫ ਹੈ–ਜੇ ਤਾਈ ਆਪਾਂ ਨੂੰਹ ਨੂੰ ਧੀ ਦਾ ਪਿਆਰ ਦੇਵਾਂਗੇ ਤਾਂ ਉਹ ਵੀ ਸਾਨੂੰ ਅਪਣੀ ਮਾਂ ਸਮਝ ਕੇ ਸੇਵਾ ਕਰੂਗੀ”,ਕਹਿੰਦੀ ਸੀਤੋ ਦੁੱਧ ਦਾ ਗਿਲਾਸ ਲੈਕੇ ਨੂੰਹ ਦੇ ਕਮਰੇ ਵੱਲ ਚਲੀ ਗਈ।ਤਾਈ ਬੁੜਬੁੜ ਕਰਦੀ ਬਾਹਰ ਨਿਕੱਲ ਗਈ। ਤੇਜ ਬੁਖਾਰ ਨਾਲ ਤਪ ਰਹੀ ਨੂੰਹ ਰਾਣੀ ਦੇ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਆ ਗਏ ਤੇ ਉਸਨੇ ਆਪਣੀ ਸੱਸ ਨੂੰ ਘੁੱਟ ਕੇ ਜੱਫ਼ੀ ਪਾ ਲਈ।
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly