(ਸਮਾਜ ਵੀਕਲੀ)
ਮਾਂ ਬੋਲੀ ਵਿਰਸੇ ਦਾ ਸਰਮਾਇਆ ਹੁੰਦੀ ਹੈ। ਇਹ ਉਹ ਬੋਲੀ ਹੁੰਦੀ ਹੈ ਜਿਸਨੂੰ ਬੱਚਾ ਆਪਣੀ ਮਾਂ ਤੋਂ ਸਿੱਖਦਾ ਹੈ , ਸ਼ਾਇਦ ਇਸੇ ਕਰਕੇ ਬੱਚੇ ਦੇ ਮੂੰਹ ਚੋਂ ਪਹਿਲਾ ਸ਼ਬਦ ‘ਮਾਂ’ ਨਿਕਲਦਾ ਹੈ। ਬੱਚਾ ਜਿਵੇਂ-ਜਿਵੇਂ ਵੱਡਾ ਹੁੰਦਾ ਹੈ ਉਹ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੀ ਭਾਸ਼ਾ ਤੋਂ ਪ੍ਰਭਾਵਿਤ ਹੁੰਦਾ ਜਾਂਦਾ ਹੈ। ਇਹ ਉਹੀ ਭਾਸ਼ਾ ਹੁੰਦੀ ਹੈ ਜੋ ਉਸ ਖੇਤਰ ਵਿਚ ਮੁੱਢ ਤੋਂ ਬੋਲੀ ਜਾਂਦੀ ਹੈ।
ਅਸੀਂ ਪੰਜਾਬ ਦੇ ਵਾਸੀ ਹਾਂ। ਸਾਡੀ ਮਾਤ ਭਾਸ਼ਾ ਪੰਜਾਬੀ ਹੈ ਜਿਸ ਦਾ ਵਿਰਸਾ ਬੜਾ ਅਮੀਰ ਹੈ। ਇਸ ਭਾਸ਼ਾ ਦੀ ਉਤਪਤੀ ਗੁਰਮੁਖੀ ਲਿਪੀ ਤੋਂ ਹੋਈ ਹੈ, ਜੋ ਕਿ ਗੁਰੂਆਂ ਦੇ ਮੁੱਖ ਤੋਂ ਉਪਜੀ ਹੈ। 1 ਨਵੰਬਰ 1966 ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ। ਅੱਜ ਇਹ ਭਾਸ਼ਾ ਦੁਨੀਆ ਦੇ 130 ਤੋਂ ਵੱਧ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ। ਸਿਰਫ਼ ਪੰਜਾਬ ਵਿੱਚ ਹੀ ਨਹੀਂ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਆਦਿ ਵਰਗੇ ਦੇਸ਼ਾਂ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਮਾਣ ਪ੍ਰਾਪਤ ਹੋਇਆ ਹੈ, ਪਰੰਤੂ ਵਿਦੇਸ਼ਾਂ ਵਿਚ ਮਾਣ ਪਾਉਣ ਵਾਲੀ ਬੋਲੀ ਆਪਣੇ ਦੇਸ ਵਿਚ ਵਿਸਰਦੀ ਨਜ਼ਰ ਆ ਰਹੀ ਹੈ।
ਅੱਜ ਦੇ ਜੋ ਹਾਲਾਤ ਹਨ, ਪੰਜਾਬ ਵਿਚ ਰਹਿੰਦੇ ਮਾਂ-ਬਾਪ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਪੰਜਾਬੀ ਵਿੱਚ ਗੱਲ ਕਰਨ, ਪੰਜਾਬੀ ਵਿਚ ਬੋਲਣ। ਇਸ ਲਈ ਉਹ ਅਜਿਹੇ ਸਕੂਲਾਂ ਦੀ ਚੋਣ ਕਰ ਲੈਂਦੇ ਹਨ ਜਿਥੇ ਬੱਚੇ ਅੰਗਰੇਜ਼ੀ ਵਿੱਚ ਹੀ ਗੱਲ ਕਰਨ। ਹੁੰਦਾ ਵੀ ਹੈ, ਕਈ ਸਕੂਲਾਂ ਵੱਲੋਂ ਪੰਜਾਬੀ ਬੋਲਣ ਉੱਤੇ ਵਿਦਿਆਰਥੀਆਂ ਨੂੰ ਜੁਰਮਾਨਾ ਕਰ ਦਿੱਤਾ ਜਾਂਦਾ ਹੈ। ਭਾਸ਼ਾ ਕੋਈ ਵੀ ਮਾੜੀ ਨਹੀ ਹੁੰਦੀ, ਇਸ ਲਈ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾਂ ਚੰਗੀ ਗੱਲ ਹੈ। ਰਹੀ ਗੱਲ ਅੰਗਰੇਜ਼ੀ ਭਾਸ਼ਾ ਦੀ, ਇਹ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੈ, ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਿਚਰਨ ਲਈ ਇਹ ਇੱਕਲੌਤਾ ਮਾਧਿਅਮ ਹੈ।
ਪੰਜਾਬੀ ਭਾਸ਼ਾ ਨੂੰ ਲੈ ਕੇ ਕੰਮ ਥੋੜਾ ਉਲਟਾ ਚੱਲ ਰਿਹਾ ਹੈ। ਜਿਥੇ ਪੰਜਾਬ ਦੇ ਲੋਕ ਇਸ ਨੂੰ ਵਿਸਾਰ ਰਹੇ ਹਨ ਉੱਥੇ ਹੀ ਵਿਦੇਸ਼ਾਂ ਵਿਚ ਰਹਿੰਦੇ ਲੋਕ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਰਹੇ ਹਨ ਤਾਂ ਜੋ ਆਪਣੇ ਬੱਚੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਨਾ ਜਾਣ। ਬੱਚੇ ਕੱਚੀ ਮਿੱਟੀ ਵਾਂਗ ਹੁੰਦੇ ਹਨ ਉਨ੍ਹਾਂ ਨੂੰ ਅਸੀਂ ਜਿਸ ਤਰਾਂ ਦੇ ਮਹੌਲ ਵਿਚ ਢਾਲ਼ਣਾ ਚਾਹੀਏ ਢਾਲ ਸਕਦੇ ਹਾਂ। ਇਸ ਲਈ ਅਸੀਂ ਉਨ੍ਹਾਂ ਨੂੰ ਅਜਿਹਾ ਨਾ ਬਣਾਈਏ ਕਿ ਉਹ ਆਪਣੇ ਮਨ ਦੇ ਭਾਵ ਕਿਸੇ ਅੱਗੇ ਪ੍ਰਗਟ ਨਾ ਕਰ ਸਕਣ, ਕਿਉਂਕਿ ਨਾ ਤਾਂ ਉਹ ਅੰਗਰੇਜ਼ੀ ਵਿੱਚ ਸੰਪੂਰਨ ਹੁੰਦੇ ਹਨ ਅਤੇ ਪੰਜਾਬੀ ਉਨ੍ਹਾਂ ਨੂੰ ਬੋਲਣ ਨਹੀਂ ਦਿੱਤੀ ਜਾਂਦੀ।
ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਪੰਜਾਬੀ ਭਾਸ਼ਾ ਦੇ ਨੀਘਰਦੇ ਸਰੂਪ ਨੂੰ ਸੰਭਾਲਣ ਦੀ। ਅਸੀਂ ਇਸ ਹੱਦ ਤੱਕ ਕੋਸ਼ਿਸ਼ ਕਰੀਏ ਕੀ ਇਸ ਦਾ ਸ਼ੁੱਧ ਰੂਪ ਬੱਚਿਆਂ ਅੱਗੇ ਪਰੋਸਿਆ ਜਾਵੇ। ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਪੰਜਾਬੀ ਭਾਸ਼ਾ, ਪੰਜਾਬੀ ਵਿਰਸੇ ਦੇ ਪ੍ਰਚਾਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਵਿਚੋਂ ਇਕ ਹਨ ‘ ਡਾ:ਜਗਜੀਤ ਸਿੰਘ ਧੂਰੀ’ ਜਿਨ੍ਹਾਂ ਨੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ ਮੋਹ ਦੀਆਂ ਤੰਦਾਂ ‘ ਅਤੇ ‘ਗੁਨਤਾਸ’ ਵਰਗੀਆਂ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਨਾਲ ਭਰਪੂਰ ਪੁਸਤਕਾਂ ਨੂੰ ਪੇਸ਼ ਕਰਕੇ ਸਮਾਜ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਇੱਕ ਪੰਜਾਬੀ ਹੋਣ ਦੀ ਜ਼ਿੰਮੇਵਾਰੀ ਨਿਭਾਈ ਹੈ। ਇਸ ਤੋਂ ਇਲਾਵਾ ਕੁਝ ਪੰਜਾਬੀ ਗਾਇਕ ਵੀ ਹਨ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਸੰਭਾਲਣ ਦਾ ਜਿੰਮਾ ਪੂਰੇ ਤਨ-ਮਨ ਨਾਲ ਚੁੱਕਿਆ ਹੈ ਜਿਵੇਂ ਕਿ ਡਾ: ਸਤਿੰਦਰ ਸਰਤਾਜ, ਗਗਨ ਚੀਮਾ, ਸਰਘੀ ਮਾਨ ਆਦਿ ਨਵੀਂਨ ਗਾਇਕਾਂ ਵਿੱਚੋ ਹਨ।
21 ਫਰਵਰੀ ਦਾ ਦਿਨ ਕੌਮਾਂਤਰੀ ‘ਮਾਂ ਬੋਲੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਵੀ ਸਰਕਾਰਾਂ ਵੱਲੋਂ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਉਪਰਾਲੇ ਨੂੰ ਸਫ਼ਲ ਬਣਾਕੇ ਪੰਜਾਬ ਅਤੇ ਪੰਜਾਬੀਅਤ ਦੀ ਸ਼ਾਨ ਨੂੰ ਰਹਿੰਦੀ ਦੁਨੀਆਂ ਤੱਕ ਕਾਇਮ ਰੱਖੀਏ।
‘ਵਿਰਸੇ ਦਾ ਸਰਮਾਇਆ ਹੁੰਦੀ ਮਾਂ ਬੋਲੀ,
ਜਿਸ ਦੇ ਨਾਲ ਹੀ ਦਿਲ ਦੀ ਪਟਾਰੀ ਜਾਵੇ ਖੋਲ੍ਹੀ।
ਹੋਰ ਭਾਸ਼ਾ ਵਿੱਚ ਗੱਲ ਕਰਨ ਦਾ ਨਾ ਆਵੇ ਸਵਾਦ,
ਜਿੰਨੀ ਦੇਰ ਨਾ ਵੱਜੇ ਮਾਂ ਬੋਲੀ ਦਾ ਰਬਾਬ।‘
ਸੰਦੀਪ ਕੌਰ
ਪ੍ਰਿੰਸੀਪਲ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ,ਮਾਨਸਾ