ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) 3 ਜਨਵਰੀ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ‘ਅੰਬੇਡਕਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ] ਵਿਸ਼ੇ ਤੇ ਸੈਮੀਨਾਰ ਅਜੋਜਿਤ ਕਰ ਰਹੀ ਹੈ। ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਸੁਨੀਤਾ ਸਾਵਰਕਰ, ਸਹਾਇਕ ਪ੍ਰੋਫੈਸਰ, ਡਾ. ਬੀ. ਆਰ. ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ, ਔਰੰਗਾਬਾਦ ਹੋਣਗੇ। ਇਹ ਫੈਸਲਾ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਸੁਸਾਇਟੀ ਦੀਆਂ ਆਗਾਮੀ ਗਤੀਵਿਧੀਆਂ ਦੇ ਸਬੰਧ ਵਿੱਚ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਸੈਮੀਨਾਰ ਦਾ ਵਿਸ਼ਾ ‘ਅੰਬੇਡਕਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ’ ਹੋਵੇਗਾ। ਇਹ ਜਾਣਕਾਰੀ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ। ਬਲਦੇਵ ਭਾਰਦਵਾਜ ਨੇ ਕਿਹਾ ਕਿ ਮਾਤਾ ਸਾਵਿਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਸਤਾਰਾ ਜ਼ਿਲੇ, ਮਹਾਰਾਸ਼ਟਰ ਵਿੱਚ ਨਾਈਗਾਂਵ ਵਿਖੇ ਪਿਤਾ ਖੰਨ ਦੋਜੀ ਨੇਬਸੇ ਅਤੇ ਮਾਤਾ ਲਕਸ਼ਮੀ ਦੇ ਘਰ ਹੋਇਆ ਸੀ। ਸਾਵਿਤਰੀ ਬਾਈ ਦਾ ਵਿਆਹ 1840 ‘ਚ 9 ਸਾਲ ਦੀ ਉਮਰ ਚ 13 ਸਾਲ ਦੇ ਜੋਤੀ ਰਾਓ ਫੂਲੇ ਨਾਲ ਹੋ ਗਿਆ ਸੀ। ਵਿਆਹ ਦੇ ਸਮੇਂ ਸਾਵਿਤਰੀ ਬਾਈ ਫੂਲੇ ਪੂਰੀ ਤਰ੍ਹਾਂ ਅਨਪੜ੍ਹ ਸੀ ਤੇ ਉੱਥੇ ਹੀ ਉਨ੍ਹਾਂ ਦੇ ਪਤੀ ਤੀਜੀ ਕਲਾਸ ਤੱਕ ਪੜ੍ਹੇ ਸਨ। ਜਿਸ ਦੌਰ ‘ਚ ਉਹ ਪੜ੍ਹਨ ਦਾ ਸੁਪਨਾ ਦੇਖ ਰਹੀ ਸੀ, ਉਦੋਂ ਦਲਿਤਾਂ ਨਾਲ ਬਹੁਤ ਭੇਦਭਾਵ ਹੁੰਦਾ ਸੀ। ਸਾਵਿਤਰੀ ਬਾਈ ਫੂਲੇ ਨੇ ਆਪਣੇ ਪਤੀ ਨਾਲ ਮਿਲ ਕੇ 1848 ‘ਚ ਪੂਨੇ ‘ਚ ਇੱਕ ਸਕੂਲ ਦੀ ਸਥਾਪਨਾ ਕੀਤੀ ਜਿਸ ਚ ਵੱਖ-ਵੱਖ ਜਾਤੀਆਂ ਦੀਆਂ 9 ਵਿਦਿਆਰਥਣਾਂ ਪੜ੍ਹਨ ਆਉਂਦੀਆਂ ਸਨ। ਇਕ ਸਾਲ ‘ਚ ਸਾਵਿਤਰੀ ਬਾਈ ਅਤੇ ਮਹਾਤਮਾ ਫੂਲੇ ਨੇ 5 ਨਵੇਂ ਸਕੂਲ ਖੋਲਣ ‘ਚ ਸਫਲਤਾ ਹਾਸਲ ਕੀਤੀ। ਕੁੜੀਆਂ ਦੀ ਸਿੱਖਿਆ ਤੇ ਉਸ ਸਮੇਂ ਸਮਾਜਿਕ ਪਾਬੰਦੀ ਸੀ। ਭਾਰਦਵਾਜ ਨੇ ਕਿਹਾ ਕਿ ਸਾਵਿਤਰੀ ਬਾਈ ਫੂਲੇ ਉਸ ਦੌਰ ਚ ਨਾ ਸਿਰਫ ਖੁਦ ਪੜ੍ਹੀ ਸਗੋਂ ਉਸਨੇ ਦੂਜੀਆਂ ਕੁੜੀਆਂ ਦੇ ਪੜ੍ਹਨ ਦਾ ਵੀ ਬੰਦੋਬਸਤ ਕੀਤਾ। ਸਾਵਿਤਰੀ ਬਾਈ ਫੂਲੇ ਸਕੂਲ ਜਾਂਦੀ ਸੀ ਤਾਂ ਲੋਕ ਪੱਥਰ ਮਾਰਦੇ ਸਨ। ਉਨ੍ਹਾਂ ਤੇ ਗੰਦਗੀ ਸੁੱਟੀ ਜਾਂਦੀ ਸੀ, ਜਿਸ ਦੇ ਬਾਵਜੂਦ ਉਸਨੇ ਉਸ ਦੌਰ ਚ ਕੁੜੀਆਂ ਲਈ ਸਕੂਲ ਖੋਲਿਆ, ਜਦੋਂ ਕੁੜੀਆਂ ਨੂੰ ਪੜ੍ਹਾਉਣਾ ਲਿਖਾਉਣਾ ਸਹੀ ਨਹੀਂ ਮੰਨਿਆ ਜਾਂਦਾ ਸੀ। ਸਾਵਿਤਰੀ ਬਾਈ ਦੀ ਮੌਤ 10 ਮਾਰਚ 1897 ਨੂੰ ਪਲੇਗ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਦੌਰਾਨ ਹੋਈ। ਉਨ੍ਹਾਂ ਦਾ ਪੂਰਾ ਜੀਵਨ ਸਮਾਜ ਦੇ ਠੁਕਰਾਏ ਤਬਕੇ ਖਾਸ ਕਰਕੇ ਔਰਤਾਂ ਤੇ ਦਲਿਤਾਂ ਦੇ ਅਧਿਕਾਰਾਂ ਦੇ ਲਈ ਸੰਘਰਸ਼ ‘ਚ ਬੀਤਿਆ। ਸਾਵਿਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸੀ ਜਿਸ ਦੇ ਪਰਿਆਸ ਨਾਲ ਅੱਜ ਲੱਖਾਂ ਕਰੋੜਾਂ ਔਰਤਾਂ ਸ਼ਿਕਸਤ ਹੋ ਕੇ ਸਮਾਜ ਦੀ ਬੇਹਤਰੀ ਲਈ ਅੰਬੇਡਕਰੀ ਅੰਦੋਲਨ ‘ਚ ਯੋਗਦਾਨ ਪਾ ਰਹੀਆਂ ਹਨ। ਅੰਬੇਡਕਰ ਮਿਸ਼ਨ ਸੁਸਾਇਟੀ 3 ਜਨਵਰੀ ਨੂੰ ‘ਅੰਬੇਡਕਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕਰਕੇ ਉਨ੍ਹਾਂ ਦਾ ਜਨਮ ਦਿਨ ਮਨਾ ਰਹੀ ਹੈ। ਸਾਰੇ ਵਿਚਾਰਸ਼ੀਲ ਸਾਥੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਿਲ ਹੋ ਕੇ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਸਰਬ ਸ਼੍ਰੀ ਸੋਹਨ ਲਾਲ, ਡਾ. ਜੀ. ਸੀ. ਕੌਲ, ਪ੍ਰੋ. ਬਲਬੀਰ, ਬਲਦੇਵ ਰਾਜ ਭਾਰਦਵਾਜ, ਮਹਿੰਦਰ ਸੰਧੂ, ਤਿਲਕ ਰਾਜ, ਪਰਮਿੰਦਰ ਸਿੰਘ ਖੂਤਨ ਅਤੇ ਨਿਰਮਲ ਬਿੰਜੀ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj