ਭੁਪਾਲ (ਸਮਾਜ ਵੀਕਲੀ) : ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਜ਼ਿਆਦਾਤਰ ਕਿਸਾਨ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨਾਂ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਹੀਆਂ ਹਨ। ਭੁਪਾਲ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਲਿਆਂਦੇ ਗਏ ਹਨ, ਕੁਝ ਲੋਕਾਂ ਦੀ ਰਾਇ ਵੱਖ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁੱਝ ਕਿਸਾਨ ਸੰਗਠਨਾਂ ਦੁਆਰਾ ਕਿਸਾਨ ਅੰਦੋਲਨ ਨੂੰ ਛੱਡ ਦਿੱਤਾ ਗਿਆ ਹੈ ਤੇ ਇਹ ਹੌਲੀ-ਹੌਲੀ ਖ਼ਤਮ ਹੋ ਜਾਵੇਗਾ। ਸਰਕਾਰ ਨੇ ਪੂਰੀ ਸੰਵੇਦਨਸ਼ੀਲਤਾ ਨਾਲ ਪਹਿਲਾਂ ਹੀ ਉਨ੍ਹਾਂ ਨਾਲ ਇਸ ਮੁੱਦੇ ਉਤੇ ਵਿਚਾਰ-ਚਰਚਾ ਕਰ ਲਈ ਹੈ, ਤੇ ਭਵਿੱਖ ਵਿਚ ਜਦ ਵੀ ਉਹ ਕੋਈ ਤਜਵੀਜ਼ ਲੈ ਕੇ ਆਉਂਦੇ ਹਨ ਤਾਂ ਕੇਂਦਰ ਜ਼ਰੂਰ ਵਿਚਾਰ ਕਰੇਗਾ।
ਡੀਏਪੀ ਖਾਦ ਦੀ ਕਮੀ ਸਬੰਧੀ ਪੁੱਛੇ ਜਾਣ ’ਤੇ ਤੋਮਰ ਨੇ ਕਿਹਾ ਕਿ ਇਸ ਦੀ ਹਲਕੀ ਕਮੀ ਹੈ ਕਿਉਂਕਿ ਇਹ ਦਰਾਮਦ ਕੀਤੀ ਜਾਂਦੀ ਹੈ, ਕੀਮਤ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਬਸਿਡੀ ਦੇ ਰਹੀ ਹੈ ਤਾਂ ਕਿ ਕਿਸਾਨਾਂ ਉਤੇ ਬੋਝ ਨਾ ਪਏ। ਗੁਡੀਖੇੜਾ ਤੇ ਪੰਧਨਾ ਵਿਚ ਚੋਣ ਪ੍ਰਚਾਰ ਲਈ ਨਿਕਲਣ ਤੋਂ ਪਹਿਲਾਂ ਭੁਪਾਲ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਪਿਛਲੇ ਸੀਜ਼ਨ ਵਿਚ ਜਦ ਡੀਏਪੀ ਦਾ ਭਾਅ ਵਧ ਗਿਆ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਏਪੀ ਖਾਦ ਦੇ ਹਰ ਬੋਰੇ ਉਤੇ 1200 ਰੁਪਏ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਸੀ। ਹੁਣ ਇਸ ਦਾ ਮੁੱਲ ਕੌਮਾਂਤਰੀ ਪੱਧਰ ਉਤੇ ਵਧ ਗਿਆ ਹੈ। ਇਸ ਲਈ 1650 ਰੁਪਏ ਪ੍ਰਤੀ ਬੈਗ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀਏਪੀ ਉਪਲੱਬਧ ਕਰਵਾਈ ਜਾਵੇਗੀ ਤੇ ਸਪਲਾਈ ਦਿੱਤੀ ਜਾਵੇਗੀ ਪਰ ਕਿਸਾਨਾਂ ਨੂੰ ਹੋਰ ਬਦਲ ਵੀ ਦੇਖਣੇ ਪੈਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly