- ਜ਼ੇਲੈਂਸਕੀ ਨੇ ਰੂਸੀ ਕਾਰਵਾਈ ਨੂੰ ਨਸਲਕੁਸ਼ੀ ਦਾ ਸਬੂਤ ਦੱਸਿਆ
ਬੂਚਾ (ਯੂਕਰੇਨ) (ਸਮਾਜ ਵੀਕਲੀ): ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰਵਾਰ ਇਲਾਕਿਆਂ ਵਿੱਚੋਂ ਆਮ ਲੋਕਾਂ ਦੀਆਂ ਵੱਡੀ ਗਿਣਤੀ ਲਾਸ਼ਾਂ ਮਿਲਣ ਮਗਰੋਂ ਕੌਮਾਂਤਰੀ ਆਗੂਆਂ ਨੇ ਰੂਸੀ ਫੌਜਾਂ ਵੱਲੋਂ ਕੀਤੇ ਕਥਿਤ ਜ਼ੁਲਮਾਂ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਯੂਰੋਪੀ ਯੂਨੀਅਨ ਤੇ ਜਾਪਾਨ ਸਣੇ ਹੋਰਨਾਂ ਮੁਲਕਾਂ ਨੇ ਰੂਸ ’ਤੇ ਸਖ਼ਤ ਪਾਬੰਦੀਆਂ ਲਾਉਣ ਦਾ ਸੱਦਾ ਦਿੱਤਾ ਹੈ। ਰਾਜਧਾਨੀ ਕੀਵ ਦੇ ਬਾਹਰੋਂ ਮਿਲੀਆਂ 410 ਲੋਥਾਂ ਰੂਸ ਵੱਲੋਂ ਕੀਤੀ ਨਸਲਕੁਸ਼ੀ ਦੀ ਦੀ ਸ਼ਾਹਦੀ ਭਰਦੀਆਂ ਹਨ। ਇਨ੍ਹਾਂ (ਲਾਸ਼ਾਂ) ਵਿੱਚੋਂ ਕੁਝ ਦੇ ਹੱਥ ਬੱਝੇ ਸੀ ਤੇ ਕੁਝ ਨੂੰ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ।
ਕੌਮਾਂਤਰੀ ਭਾਈਚਾਰੇ ਦਾ ਮੰਨਣਾ ਹੈ ਕਿ ਰੂਸ ਖਿਲਾਫ਼ ਮਿਲੇ ਇਨ੍ਹਾਂ ਸੱਜਰੇ ਸਬੂਤਾਂ ਤੋਂ ਸਾਫ਼ ਹੈ ਕਿ ਆਮ ਯੂਕਰੇਨੀ ਨਾਗਰਿਕਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਸ ਨੂੰ ਨਸਲਕੁਸ਼ੀ ਦਾ ਸਬੂਤ ਦੱਸਿਆ ਹੈ। ਇਸ ਦੌਰਾਨ ਅਮਰੀਕੀ ਸਦਰ ਜੋਅ ਬਾਇਡਨ ਨੇ ਰੂਸ ਖ਼ਿਲਾਫ਼ ਸਖ਼ਤ ਪਾਬੰਦੀਆਂ ਲਾਉਣ ਦਾ ਇਸ਼ਾਰਾ ਕੀਤਾ ਹੈ। ਯੂਕਰੇਨੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਰੂਸੀ ਫੌਜਾਂ ਨੇ ਖੇਤਰ ਖਾਲੀ ਕਰਨ ਤੋਂ ਪਹਿਲਾਂ ਇਨ੍ਹਾ ਜੰਗੀ ਅਪਰਾਧਾਂ ਨੂੰ ਅੰਜਾਮ ਦਿੱਤਾ ਤੇ ਆਪਣੇ ਪਿੱਛੇ ਖੌਫ਼ਨਾਕ ਮੰਜ਼ਰ ਛੱਡ ਗਏ। ਯੂਕਰੇਨ ਦੇ ਬੂਚਾ ਸ਼ਹਿਰ ਵਿੱਚ ਇਨ੍ਹਾਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਯੂਰੋਪੀ ਆਗੂਆਂ ਨੇ ਰੂਸੀ ਫੌਜ ਵੱਲੋਂ ਕੀਤੇ ਜ਼ੁਲਮ ਦੀ ਨਿਖੇਧੀ ਕਰਦਿਆਂ ਉਸ ਖਿਲਾਫ਼ ਸਖ਼ਤ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। ਜਰਮਨੀ ਦੀ ਰੱਖਿਆ ਮੰਤਰੀ ਕ੍ਰਿਸਟਿਨ ਲੈਮਬ੍ਰੈਕਟ ਨੇ ਯੂਰੋਪੀ ਸੰਘ ਤੋਂ ਰੂਸੀ ਗੈਸ ਉੱਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰਨ ਦੀ ਮੰਗ ਕੀਤੀ ਹੈ।
ਯੂਕਰੇਨੀ ਰਾਸ਼ਟਰਪਤੀ ਦੇ ਸਲਾਹਕਾਰ ਓਲੈਕਸੀ ਅਰੈਸਟੋਵਿਚ ਨੇ ਰਾਜਧਾਨੀ ਕੀਵ ਦੇ ਬਾਹਰਵਾਰ ਸੜਕਾਂ ’ਤੇ ਪਈਆਂ ਲਾਸ਼ਾਂ ਨੂੰ ਖੌਫਨਾਕ ਮੰਜ਼ਰ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਰੇ ਜਾਣ ਤੋਂ ਪਹਿਲਾਂ ਕੁਝ ਮਹਿਲਾਵਾਂ ਨਾਲ ਜਬਰ-ਜਨਾਹ ਵੀ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly