ਨਵੀਆਂ ਪੁਸਤਕਾਂ ਵੀ ਖਰੀਦੀਆਂ ਜਾਣਗੀਆਂ -ਜਸਪ੍ਰੀਤ ਕੌਰ
ਕਪੂਰਥਲਾ (ਕੌੜਾ)-ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਜ਼ਿਲ੍ਹਾ ਲਾਇਬ੍ਰੇਰੀ ਦਾ ਵਾਧੂ ਚਾਰਜ਼ ਸੰਭਾਲਦਿਆਂ ਕਿਹਾ ਕਿ ਪਾਠਕਾਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਪੁਸਤਕ ਸੱਭਿਆਚਾਰ ਨੂੰ ਵਧਾਉਣ ਲਈ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਜਲਦੀ ਹੀ ਵੱਡੇ ਸੁਧਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਜ਼ਿਲ੍ਹਾ ਲਾਇਬ੍ਰੇਰੀ ਦੀ ਬਿਲਡਿੰਗ ਦੇ ਕੁਝ ਹਿੱਸੇ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ ਅਤੇ ਬਹੁਤ ਜਲਦ ਹੀ ਉਸਾਰੀ ਹੋਣ ਉਪਰੰਤ ਜ਼ਿਲ੍ਹਾ ਲਾਇਬ੍ਰੇਰੀ ਨਾਲ ਜੁੜੇ ਪਾਠਕਾਂ ਦੀ ਸੇਵਾ ਵਿੱਚ ਲਾਇਬ੍ਰੇਰੀ ਨਾਲ ਸਬੰਧਤ ਹੋਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਪਾਠਕਾਂ ਤੇ ਵਿਦਿਆਰਥੀਆਂ ਦੇ ਲਾਭ ਲਈ ਇਸ ਸਾਲ ਨਵੀਆਂ ਕਿਤਾਬਾਂ ਖਰੀਦੀਆਂ ਜਾਣਗੀਆਂ। ਉਨ੍ਹਾ ਕਿਹਾ ਕਿ ਲਾਇਬ੍ਰੇਰੀ ਵਿੱਚ ਪਹਿਲਾਂ ਹੀ ਚੰਗੇ ਮਿਆਰ ਦੀਆਂ 50000 ਕਿਤਾਬਾਂ ਹਨ, ਜਿਨਾਂ ਤੋਂ ਆਮ ਪਾਠਕ, ਵਿਦਿਆਰਥੀ ਅਤੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨ ਲਾਭ ਉਠਾ ਰਹੇ ਹਨ। ਉਨ੍ਹਾ ਕਿਹਾ ਕਿ ਲਾਇਬ੍ਰੇਰੀ ਦੇ ਮੈਂਬਰ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਵਿਖੇ ਪਹੁੰਚ ਕੇ ਅਪਣੇ ਮਨ ਪਸੰਦ ਦੀਆਂ ਪੁਸਤਕਾਂ ਹਾਸਲ ਕਰ ਸਕਦੇ ਹਨ ਅਤੇ ਪੜ੍ਹਨ ਉਪਰੰਤ 15 ਦਿਨਾਂ ਬਾਅਦ ਵਾਪਸ ਕਰ ਸਕਦੇ ਹਨ। ਸ਼੍ਰੀਮਤੀ ਜਸਪ੍ਰੀਤ ਕੌਰ ਨੇ ਕਿਹਾ ਕਿ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਪਾਸੋਂ ਕਿਤਾਬਾਂ ਦੀ ਵੱਧ ਤੋਂ ਵੱਧ ਮੈਂਬਰਸ਼ਿਪ ਲਈ ਜਾਵੇ ਤਾਂ ਜੋ ਇਸ ਲਾਇਬ੍ਰੇਰੀ ਵਿੱਚ ਪਿਆ ਵੱਡਮੁੱਲਾ ਗਿਆਨ ਹਾਸਲ ਕਰ ਸਕੀਏ। ਦੱਸਣਯੋਗ ਹੈ ਕਿ ਲਾਇਬ੍ਰੇਰੀ ਦੇ ਪਹਿਲਾਂ ਹੀ 2900 ਮੈਂਬਰ ਹਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly