ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਵਾਤਾਵਰਣ ਦੀ ਸ਼ੁੱਧਤਾ ਲਈ ਪਿਛਲੇ ਸਮੇਂ ਤੋਂ ਪਿੰਡ ਠੱਟਾ ਪੁਰਾਣਾ ਵਿਖੇ ਵੱਡੀ ਤਾਦਾਦ ਵਿੱਚ ਬੂਟੇ ਲਗਾਉਣ ਦੀ ਮੁਹਿਮ ਚਲਾਈ ਜਾ ਰਹੀ ਹੈ ਜਿਸ ਵਿੱਚ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਉਚੇਚੇ ਤੌਰ ਤੇ ਪਹੁੰਚੇ ਅਤੇ ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਨੁੱਖ ਦੀ ਆਪਣੇ ਜਨਮ ਤੋਂ ਰੁੱਖਾਂ ਨਾਲ ਸਾਂਝ ਰਹੀ ਹੈ ਪਰ ਤਰੱਕੀ ਦੇ ਨਾਂਅ ‘ਤੇ ਜੇ ਸਭ ਤੋਂ ਵੱਧ ਕੁਹਾੜਾ ਚੱਲਿਆ ਹੈ ਤਾਂ ਉਹ ਰੁੱਖਾਂ ਤੇ ‘ਹੀ ਚੱਲਿਆ ਹੈ। ਹੁਣ ਜਦੋਂ ਵਾਤਾਵਰਣ ਦਾ ਸੰਤੁਲਨ ਵਿਗੜਣ ਨਾਲ ਵੱਡੇ ਸੰਕਟ ਖੜੇ ਹੋ ਗਏ ਹਨ। ਪੰਜਾਬ ਵਿੱਚ ਹਵਾ, ਪਾਣੀ ਤੇ ਧਰਤੀ ਦੀ ਸਿਹਤ ਵਿਗੜ ਗਈ ਹੈ। ਧਰਤੀ ਹੇਠਲਾ ਪਾਣੀ ਸਿਰਫ 17 ਸਾਲਾਂ ਦਾ ਹੀ ਰਹਿ ਗਿਆ ਹੈ।ਅਸੀਂ ਵਿਸ਼ਵ ਪੱਧਰ ‘ਤੇ ਤਾਂ ਪਾਣੀ, ਧਰਤੀ, ਵਾਤਾਵਰਣ ਸਮੇਤ ਅਨੇਕਾਂ ਹੀ ਦਿਵਸ ਮਨਾਉਂਦੇ ਹਾਂ ਪਰ ਹਕੀਕੀ ਤੌਰ ‘ਤੇ ਅਸੀਂ ਕੁਦਰਤ ਨਾਲੋਂ ਟੁੱਟਦੇ ਜਾ ਰਹੇ ਹਾਂ ਜਿਸ ਨਾਲ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ। ਸੰਤ ਸੀਚੇਵਾਲ ਨੇ ਕਿਹਾ ਕਿ ਅਸੀ ਪੰਜਾਬ ਦੀ ਆਬੋ ਹਵਾ ਤੇ ਪਾਣੀਆਂ ਨੂੰ ਗੰਧਲੇ ਕਰ ਲਿਆ ਹੈ ਤੇ ਧਰਤੀ ਨੂੰ ਜ਼ਹਿਰੀਲੀ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਮਨੁੱਖ ਨੇ ਕਾਦਰ ਦੀ ਕੁਦਰਤ ਦਾ ਵੱਡੇ ਪੱਧਰ ‘ਤੇ ਵਿਨਾਸ਼ ਕੀਤਾ ਹੈ। ਕਈ ਤਰ੍ਹਾਂ ਦੇ ਜਲਚਰ ਜੀਵ, ਪੰਛੀ, ਪਸ਼ੂ, ਵਨਸਪਤੀ ਦੀਆਂ ਅਨੇਕਾਂ ਹੀ ਕਿਸਮਾਂ ਇਸ ਧਰਤੀ ਤੋਂ ਜਲਵਾਯੂ ਤਬਦੀਲੀ ਕਾਰਨ ਅਲੋਪ ਹੋ ਚੁੱਕੀਆਂ ਹਨ। ਇਸ ਛੇੜ ਛਾੜ ਕਾਰਨ ਮਨੁੱਖ ਭਿਆਨਕ ਬਿਮਾਰੀਆਂ ਨਾਲ ਮਰ ਰਿਹਾ ਹੈ। ਪਿਛਲੇ ਸਮੇਂ ਕਰੋਨਾ ਮਹਾਂਮਾਰੀ ਦੀ ਜਕੜ ਵਿੱਚ ਆਈ ਸਾਰੀ ਮਨੁੱਖਤਾ ਵਿੱਚ ਤਰਥਲੀ ਮੱਚ ਗਈ ਸੀ ਅਤੇ ਅਜਿਹੇ ਸੰਕਟ ਵਿੱਚੋਂ ਨਿਕਲਣ ਲਈ ਸਾਂਝੇ ਤੌਰ ‘ਤੇ ਹੰਭਲਾ ਮਾਰਨ ਦੀ ਲੋੜ ਹੈ। ਉਹਨਾਂ ਨਗਰ ਨਿਵਾਸੀਆਂ ਵੱਲੋਂ ਨਗਰ ਦੇ ਆਸ ਪਾਸ ਵੱਡੀ ਤਾਦਾਦ ਵਿੱਚ ਲਗਾਏ ਗਏ ਬੂਟਿਆਂ ਸਬੰਧੀ ਸ਼ਲਾਘਾ ਕੀਤੀ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਪਿੰਡ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕਰਦਿਆਂ ਨਗਰ ਨਿਵਾਸੀਆਂ ਕਿਹਾ ਕਿ ਪਹਿਲਾਂ ਪਿੰਡਾਂ ਵਿੱਚ ਹਰੇ ਭਰੇ ਦਰਖਤ ਹੁੰਦੇ ਸਨ ਤੇ ਪਿੰਡ ਦੇ ਆਲੇ ਦੁਆਲੇ ਬੂਟੇ ਲਗਾਏ ਜਾਂਦੇ ਸਨ ਪਰੰਤੂ ਸਮੇਂ ਦੇ ਪਰਿਵਰਤਨ ਨੇ ਇਹ ਸਾਰਾ ਕੁਝ ਬਦਲ ਦਿੱਤਾ ਹੈ ।ਅੱਜ ਪਿੰਡਾਂ ਵਿੱਚ ਵੀ ਤਾਜ਼ੀ ਹਵਾ ਨੂੰ ਲੋਕ ਤਰਸਦੇ ਹਨ ਅਜਿਹੀ ਸੂਰਤ ਵਿੱਚ ਅਸੀਂ ਸਮੂਹ ਨਗਰ ਨਿਵਾਸੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪ੍ਰੇਰਨਾ ਲੈਂਦੇ ਹੋਏ ਵੱਧ ਤੋਂ ਵੱਧ ਬੂਟੇ ਲਗਾ ਰਹੇ ਹਾਂ ਅਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਕਰ ਰਹੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਜਸਵਿੰਦਰ ਸਿੰਘ , ਗੁਰਦੀਪ ਸਿੰਘ, ਬਲਦੇਵ ਸਿੰਘ, ਸਵਰਨ ਸਿੰਘ, ਹਜੂਰ ਸਿੰਘ, ਕੁਲਵੰਤ ਕੌਰ, ਜਸਬੀਰ ਕੌਰ, ਸਮਿੱਤਰ ਕੌਰ, ਮੀਨਾ, ਰਾਣੀ, ਸ਼ਿੰਗਾਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly