ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਰੱਖਿਆ ਖੇਤਰ ’ਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਵਧੇਰੇ ਪਾਰਦਰਸ਼ਤਾ, ਭਰੋਸਾ ਅਤੇ ਤਕਨਾਲੋਜੀ ਆਧਾਰਿਤ ਪਹੁੰਚ ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਕਿ ਨੀਤੀਆਂ ’ਚ ਆਈ ਖੜੋਤ ਨੂੰ ਦਰਕਿਨਾਰ ਕਰਦਿਆਂ ਵੱਡੇ ਸੁਧਾਰ ਕੀਤੇ ਜਾ ਰਹੇ ਹਨ। ਸੱਤ ਨਵੀਆਂ ਰੱਖਿਆ ਕੰਪਨੀਆਂ ਦੇਸ਼ ਨੂੰ ਸਮਰਪਿਤ ਕਰਨ ਲਈ ਰੱਖੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਭਾਰਤ ਦੀ ਆਤਮ-ਨਿਰਭਰ ਮੁਹਿੰਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਫ਼ੌਜੀ ਤਾਕਤ ਆਪਣੇ ਬੂਤੇ ’ਤੇ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।
ਵੱਡੇ ਸੁਧਾਰ ਤਹਿਤ ਦੇਸ਼ ’ਚ 200 ਸਾਲ ਪੁਰਾਣੇ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੂੰ ਭੰਗ ਕਰਨ ਮਗਰੋਂ ਸੱਤ ਸਰਕਾਰੀ ਰੱਖਿਆ ਕੰਪਨੀਆਂ ਬਣਾਈਆਂ ਗਈਆਂ ਹਨ। ਓਐੱਫਬੀ ਦੀਆਂ 41 ਆਰਡਨੈਂਸ ਫੈਕਟਰੀਆਂ ਸਮੇਤ ਹੋਰ ਸੰਪਤੀਆਂ ਸੱਤ ਨਵੀਆਂ ਕੰਪਨੀਆਂ ਨੂੰ ਤਬਦੀਲ ਕਰ ਦਿੱਤੀਆਂ ਗਈਆਂ ਹਨ। ਨਵੀਆਂ ਰੱਖਿਆ ਕੰਪਨੀਆਂ ’ਚ ਮਿਊਨਿਸ਼ਨਸ ਇੰਡੀਆ ਲਿਮਟਿਡ, ਆਰਮਰਡ ਵਹੀਕਲਜ਼ ਨਿਗਮ ਲਿਮਟਿਡ, ਐਡਵਾਂਸਡ ਵੈਪਨਜ਼ ਐਂਡ ਇਕੁਇਪਮੈਂਟ ਇੰਡੀਆ ਲਿਮਟਿਡ, ਟਰੁੱਪ ਕਮਫਰਟਸ ਲਿਮਟਿਡ, ਯੰਤਰ ਇੰਡੀਆ ਲਿਮਟਿਡ, ਇੰਡੀਆ ਓਪਟੇਲ ਲਿਮਟਿਡ ਅਤੇ ਗਲਾਈਡਰਜ਼ ਇੰਡੀਆ ਲਿਮਟਿਡ ਸ਼ਾਮਲ ਹਨ।
ਸ੍ਰੀ ਮੋਦੀ ਨੇ ਕਿਹਾ ਕਿ ਕੰਪਨੀਆਂ ਨੂੰ ਨਾ ਸਿਰਫ਼ ਆਪਣੇ ਉਤਪਾਦਾਂ ’ਚ ਮਹਾਰਤ ਹਾਸਲ ਕਰਨੀ ਚਾਹੀਦੀ ਹੈ ਸਗੋਂ ਉਹ ਆਲਮੀ ਬ੍ਰਾਂਡ ਵੀ ਬਣਨ। ਉਨ੍ਹਾਂ ਅਪੀਲ ਕੀਤੀ ਕਿ ਭਾਰਤ ਦੇ ਉਤਪਾਦਾਂ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਉਸ ਦੀ ਪਛਾਣ ਬਣਨੀ ਚਾਹੀਦੀ ਹੈ। ‘ਦੁਨੀਆ ਨੇ ਪਹਿਲੀ ਵਿਸ਼ਵ ਜੰਗ ਵੇਲੇ ਭਾਰਤ ਦੀਆਂ ਆਰਡਨੈਂਸ ਫੈਕਟਰੀਆਂ ਦੀ ਤਾਕਤ ਦੇਖੀ ਸੀ ਪਰ ਕੰਪਨੀਆਂ ਨੂੰ ਆਜ਼ਾਦੀ ਤੋਂ ਬਾਅਦ ਅਣਗੌਲਿਆਂ ਕਰ ਦਿੱਤਾ ਗਿਆ ਅਤੇ ਦੇਸ਼ ਵਿਦੇਸ਼ੀ ਸਪਲਾਈ ’ਤੇ ਨਿਰਭਰ ਹੋ ਗਿਆ ਸੀ।’
ਵੀਡੀਓ ਰਾਹੀਂ ਦਿੱਤੇ ਭਾਸ਼ਨ ’ਚ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਨ੍ਹਾਂ ਫੈਕਟਰੀਆਂ ਨੂੰ ਨਵੇਂ ਯੁੱਗ ਦੀ ਤਕਨਾਲੋਜੀ ਅਪਣਾ ਕੇ ਅਪਗਰੇਡ ਕਰਨ ਦੀ ਲੋੜ ਸੀ ਪਰ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। ‘ਇਹ ਸੱਤ ਨਵੀਆਂ ਰੱਖਿਆ ਕੰਪਨੀਆਂ ਹਾਲਾਤ ਬਦਲਣ ’ਚ ਵੱਡੀ ਭੂਮਿਕਾ ਨਿਭਾਉਣਗੀਆਂ।’ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਆਜ਼ਾਦੀ ਦੇ 75ਵੇਂ ਵਰ੍ਹੇ ’ਚ ਦਾਖ਼ਲ ਹੋ ਗਿਆ ਹੈ ਅਤੇ ਲੰਮੇ ਸਮੇਂ ਤੋਂ ਰੁਕੇ ਹੋਏ ਪ੍ਰਾਜੈਕਟ ਹੁਣ ਤੇਜ਼ੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 65 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਆਰਡਰ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਕੰਪਨੀਆਂ ’ਚ ਭਰੋਸਾ ਵੱਧ ਰਿਹਾ ਹੈ। ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਕਿਹਾ ਕਿ ਉਹ ਖੋਜ ਅਤੇ ਕਾਢਾਂ ਵੱਲ ਵੀ ਧਿਆਨ ਦੇਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly