(ਸਮਾਜ ਵੀਕਲੀ)
ਕਿਸਾਨ ਮੋਰਚਾ ਜਦੋਂ ਸ਼ੁਰੂ ਹੋਇਆ ਤਾਂ ਮਨ ਵਿੱਚ ਇੱਕ ਅਲੱਗ ਉਤਸਾਹ ਸੀ ਦਿਲ ਕਰਦਾ ਸੀ ਉੱਡ ਕੇ ਪਹੁੰਚ ਜਾਵਾਂ, ਮੈਂ ਖੇਤੀ ਨਹੀਂ ਕਰਦੀ ਮੇਰੇ ਕੋਲ ਜ਼ਮੀਨ ਨਹੀਂ ਹੈ ਲੇਕਿਨ ਕਿਸਾਨ ਦੀ ਧੀ ਹਾਂ ਤੇ ਬਚਪਨ ਵਿਚ ਇਹ ਸਭ ਕੁਝ ਕੀਤਾ ਹੈ ਪਿਤਾ ਮੇਰੇ ਕਿਸਾਨ ਸਨ ਜਿੰਦਗੀ ਨੂੰ ਜਿਉਣ ਲਈ ਜੀਵਿਕਾ ਦਾ ਸਾਧਨ ਖੇਤੀ ਹੀ ਸੀ ਜਿਸ ਵਿੱਚ ਮੈਂ ਅਪਣੇ ਪਿਤਾ ਨਾਲ ਹੱਥ ਵਟਾਇਆ ਹੈ।ਤੇ ਕਿਸਾਨ ਦਾ ਦਰਦ ਰੂਹ ਤੋ ਮਹਿਸੂਸ ਕਰਦੀ ਹਾਂ ਅਣ ਥੱਕ ਮਿਹਨਤ ਤੋ ਬਾਅਦ ਮੀਂਹ ਹਨੇਰੀ ਗੜੇ੍ ਜਦ ਗਿਰਦੇ ਨੇ ਫਸਲ ਤੇ ਤਾਂ ਮਹਿਸੂਸ ਹੁੰਦਾ ਮਾਸੂਮ ਪੁੱਤਾਂ ਤੇ ਇੱਟਾ ਬੱਟੇ ਤੇ ਗੋਲੀਆਂ ਦੀ ਬੌਛਾਰ ਹੋ ਰਹੀ ਹੈ ਯਾਦ ਨੇ ਮੈਨੂੰ ਓਹ ਦਿਨ ਜਦੋਂ ਇਹੋ ਜਿਹੇ ਮੌਸਮ ਦਾ ਕਹਿਰ ਜਵਾਨ ਹੋਈ ਫਸਲ ਤੇ ਹੁੰਦਾ ਤਾਂ ਅੰਮੀ ਸਭ ਨੂੰ ਕਹਿ ਦਿੰਦੇ ਪਾਠ ਕਰੋ ਸਾਰੇ ਅਸੀ ਪਾਠ ਤੇ ਅਰਦਾਸ ਚ ਧਿਆਨ ਮਗਨ ਹੋ ਜਾਂਦੇ ਕੋਈ ਕੋਠੜੀ ਚ ਬਿਸਤਰਿਆਂ ਵਾਲੇ ਮੰਜੇ ਤੇ ਕੋਈ ਰਜਾਈ ਚ ਤੇ ਦਾਦੀ ਮਾਂ ਹੱਥ ਚ ਮਾਲਾ ਲੈਕੇ ਸਿਮਰਨ ਸ਼ੁਰੂ ਹੋ ਜਾਂਦਾ ਵੈਸੇ ਮੈਂ ਕਦੇ ਦਾਦੀ ਦੇ ਹੱਥੋਂ ਮਾਲਾ ਉਦੋਂ ਹੀ ਛੁੱਟੀ ਦੇਖੀ ਜਦੋਂ ਉਨਾਂ ਨੇ ਖਾਣਾ ਹੁੰਦਾ ਜਾ ਜੰਗਲ ਪਾਣੀ ਜਾਣਾ ਹੁੰਦਾ ਓਨਾ ਨੂੰ ਦਿਖਦਾ ਨਹੀਂ ਸੀ ਤੇ ਓਹ ਹਮੇਸ਼ਾ ਮਾਲਾ ਫੇਰਦੇ ਭਜਨ ਕਰਦੇ ਸਨ ਤੇ ਅਸੀ ਵੀ ਉਵੇਂ ਮਾਲਾ ਚੁੱਕ ਲੈਂਦੇ ਜਦ ਤੱਕ ਮੀਹ ਹਨੇਰੀ ਬੰਦ ਨਾ ਹੋ ਜਾਂਦਾ ਸਾਰਿਆ ਦੇ ਚੇਹਰੇ ਉਦਾਸ ਹੁੰਦੇ ਘਰ ਸੋਗਿਆ ਜਾਂਦਾ ਰੋਟੀ ਅੰਦਰ ਨਾ ਲੰਘਦੀ। ਸਬਰ ਰੱਖ ਸਵੇਰੇ ਬਾਪੂ ਜੀ ਖੇਤਾਂ ਨੂੰ ਜਾਂਦੇ ਤੇ ਫਸਲਾਂ ਦਾ ਹਾਲ ਦੇਖਦੇ ਤੇ ਖਿਆਲ ਫੇਰ ਸ਼ੁਰੂ ਕਰਦੇ । ਇਸ ਲਈ ਕਿਸਾਨੀ ਦਾ ਦਰਦ ਮੇਰੀ ਰੂਹ ਵਿੱਚ ਵਸਦਾ ਏ ।
ਰੋਟੀ ਦੀ ਕੀਮਤ ਮੈਂ ਚੰਗੀ ਤਰਾ ਜਾਣਦੀ ਹਾਂ। ਜ਼ਮੀਨ ਸਾਡੇ ਲਈ ਕਿਸਾਨ ਲਈ ਕੀ ਮਾਇਨੇ ਰੱਖਦੀ ਏ ਕਿਸਾਨ ਦੀ ਬੇਟੀ ਹੋਣ ਕਰਕੇ ਮੈਨੂੰ ਚੰਗੀ ਤਰ੍ਹਾ ਪਤਾ ਹੈ। ਸਾਡੀ ਹੋਂਦ,ਸਾਡੀ ਅਣਖ ,ਸਾਡੀ ਜ਼ਮੀਰ, ਸਾਡੀ ਔਕਾਤ ਇਸ ਮਿੱਟੀ ਇਸ ਜ਼ਮੀਨ ਕਰਕੇ ਹੀ ਹੈ। ਜੇਕਰ ਜ਼ਮੀਨ ਹੀ ਨਾ ਰਹੀ ਤਾਂ ਅਸੀ ਵੀ ਨਹੀਂ ਰਹਿਣਾ । ਇਹ ਹੱਕ ਜ਼ਮੀਨਾਂ ਦੇ ਸਾਨੂੰ ਸਾਡੇ ਸਿੱਖ ਕੌਮ ਦੇ ਯੋਧਿਆਂ ਨੇ ਲੱਖਾਂ ਕੁਰਬਾਨੀਆਂ ਤੋ ਬਾਅਦ ਦਵਾਇਆ ਸੀ। ਤੇ ਅੱਜ ਫੇਰ ਜ਼ਾਲਿਮ ਹਾਕਮ ਸਾਡੇ ਲਹੂ ਦੀ ਪਿਆਸੀ ਹੋ ਸਾਡੀ ਅਣਖ,ਗੈਰਤ ਸਾਡੀ ਹੋਂਦ ਨੂੰ ਘੁਣ ਬਣ ਲਗਣਾ ਚਾਹੁੰਦਾ ਤੇ ਅਸੀ ਜਾਣਦੇ ਹਾਂ ਕਿ ਇਹ ਘੁਣ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਖੋਖਲਾ ਕਰ ਦੇਵੇਗੀ ਇਸ ਲਈ ਸਾਡਾ ਜਾਗਣਾ ਜਰੂਰੀ ਹੈ
“ਜਾਗ ਕਿਸਾਨਾ ਜਾਗ ਵਕਤ ਦੀ ਨਬਜ਼ ਪਛਾਣ,
ਜ਼ਾਲਿਮ ਹਾਕਮ ਨੂੰ ਫੇਰ ਲਹੂ ਦੀ ਤ੍ਰੇਹ ਲੱਗੀ।
ਇੰਨਾ ਖੂੰਖਾਰ ਹੋਇਆ ਅੱਜ ਵਹਿਸ਼ੀ ਦਰਿੰਦਾ,
ਬੁੱਢੇ ਜਵਾਨ ਮਾਵਾਂ ਦੀਆ ਦੇਖ ਲਾਸ਼ਾਂ ਦੀ ਥੇਹ ਲੱਗੀ।”
ਬੱਸ ਫੇਰ ਕੀ ਸੀ ਜ਼ਮੀਰ ਨੇ ਝੰਜੋੜਿਆ ਮੈਂ ਡਾਕਟਰ ਹਾਂ,ਤਿਆਰੀ ਕਸ ਲਈ ਸਕੂਟਰ ਤੇ ਦਿੱਲੀ ਕਿਸਾਨ ਮੋਰਚੇ ਤੇ ਜਾਣ ਲਈ ਤਿੰਨ ਪੇਟੀਆਂ ਦਵਾਈਆਂ ਇੱਕ ਬੈਗ ਤੇ ਜਰੂਰਤ ਦਾ ਸਮਾਨ ਲੈਕੇ ਮੈ ਸਕੂਟਰ ਦੀ ਟੈਂਕੀ ਫੁੱਲ ਕਰਾ ਦਿੱਲੀ ਦੇ ਰਾਹਾਂ ਤੇ 80ਦੀ ਸਪੀਡ ਤੇ ਉੱਡੱਦੀ ਹੀ ਗਈ। ਰਸਤੇ ਵਿੱਚ ਬਹੁਤ ਕਾਫ਼ਲੇ ਮਿਲੇ ਪੂਰੇ ਰਾਹ ਮੇਰੇ ਚਿਹਰੇ ਤੇ ਇਕ ਅਲਗ ਹੀ ਖੁਸ਼ੀ ਦਾ ਨੂਰ ਰੌਣਕ ਤੇ ਮੁਸਕਰਾਹਟ ਸੀ ਮੈਂ ਜੀ ਉੱਠੀ ਸੀ ਸਦੀਆ ਬਾਅਦ ਮੇਰੇ ਨਾਲ ਮੇਰੇ ਸ਼ਹੀਦ ਸਿੰਘ ਸਨ ਮੈਂ ਉਨ੍ਹਾਂ ਦੀ ਬੇਟੀ ਹੋ ਨਿਬੜੀ ਸੀ ਮੈਂ ਵੀ ਫ਼ਖ਼ਰ ਨਾਲ ਸਿਰ ਉੱਚਾ ਕਰ ਇਨਸਾਨਾਂ ਵਿਚ ਸ਼ਾਮਿਲ ਹੋ ਗਈ ਸੀ।ਮੇਰਾ ਵੀ ਦਿਲ ਧੜਕ ਰਿਹਾ ਸੀ ਪਰ ਜਿਸ ਰਿਧਮ ਤਾਲ ਨਾਲ ਅੱਜ ਧੜਕਿਆ ਉਹ ਕਦੇ ਪਹਿਲਾ ਨਹੀਂ ਧੜਕਿਆ ਸੀ ।
ਮੈਨੂੰ ਇਵੇਂ ਮਹਿਸੂਸ ਹੋ ਰਿਹਾ ਸੀ ਕੇ ਮੈ ਅਪਣੀ ਹੋਂਦ ਲਈ ਅਪਣੇ ਵਤਨ ਲਈ ਹਰ ਇਕ ਦੇ ਪੇਟ ਲਈ ਇਕ ਜੰਗ ਦੇ ਮੈਦਾਨ ਵਿੱਚ ਜਾ ਰਹੀ ਹਾਂ ਤੇ ਪੂਰੇ ਜੋਸ਼ ਤੇ ਹੋਸ਼ ਨਾਲ ਇਸ ਨੂੰ ਫਤਹਿ ਕਰਨਾ ਹੈ ਯਕੀਨ ਹੈ ਕਿਉਕਿ ਇਹ ਮੋਰਚਾ ਮੇਰਾ ਹੈ ਕਿਸੇ ਦਾ ਨਹੀਂ ਮੇਰਾ ਕਿਸਾਨ ਮੋਰਚਾ ਹੈ ਮੇਰੀ ਕੀ ਭੂਮਿਕਾ ਹੋਵੇਗੀ ਇਹ ਮੈ ਤਹਿ ਕਰਾਗੀ ਆਪਣੀ ਜਿੰਮੇਵਾਰੀ ਅਪਣਾ ਫਰਜ਼ ਮੈਂ ਖੁਦ ਪਹਿਚਾਨਣਾ ਅਪਣੀ ਡਿਊਟੀ ਮੈ ਖੁੱਦ ਕਰਨੀ ਹੈ ਕਿਸੇ ਨੇ ਦਸਣਾ ਨਹੀਂ। ਸੋ ਮੈ ਅਪਣੀ ਡਿਊਟੀ ਬਾਖੂਬੀ ਨਿਭਾਈ ਤੇ ਜਾਰੀ ਰਹੇਗੀ।
ਮੈਂ ਸਵੇਰੇ 11ਵਜੇ ਚੱਲ ਕੇ 4ਵਜੇ ਅਪਣੀ ਦਵਾਈਆਂ ਦੀ ਫਰੀ ਸੇਵਾ ਸ਼ੁਰੂ ਕਰ ਦਿੱਤੀ ਸੀ । ਮੈ ਓਥੇ ਸਾਲਾ ਬਾਅਦ ਜਵਾਨੀ ਦੇਖੀ ਜਿਸ ਨੂੰ ਦੇਖਣ ਲਈ ਅੱਖਾਂ ਤਰਸ ਗਈਆ ਸਨ। ਲੋਕ ਕਿਹਾ ਕਰਦੇ ਸਨ,ਜਵਾਨੀ ਨਸ਼ਿਆਂ ਤੇ ਆਸ਼ਕੀਆਂ ਚ ਗਰਕ ਹੋ ਰਹੀ ਹੈ ਅੱਜ ਤਕੜੇ ਤਕੜੇ ਜੁਸਿਆਂ ਵਾਲੇ ਗੱਭਰੂ ਦੇਖ ਅਹਿਸਾਸ ਹੋਇਆ ਮੇਰਾ ਪੰਜਾਬ ਜਿਉਦਾ ਹੈ ਜਵਾਨ ਹੈ ਜਾਗਦਾ ਹੈ ਤੇ ਜਾਗ ਰਿਹਾ ਹੈ। ਕਿੱਥੇ ਲੁਕੇ ਸੀ ਇਹ ਸ਼ੀਹਣੀਆਂ ਮਾਵਾ ਦੇ ਜਾਏ । ਪੱਟਾ ਤੇ ਮੋਰਨੀਆਂ ਗੱਭਰੂਆਂ ਦੇ ਸੁਣੀਆਂ ਸਨ ਅੱਜ ਫਰਕਦੇ ਡੋਲਿਆ ਤੇ ਸਿੱਖੀ ਦੇ ਨਿਸ਼ਾਨ ਤੇ ਸ਼ੌਂਕੀ ਗੱਭਰੂਆਂ ਦੀ ਸੋਚ ਜੇਹੇ ਟੈਟੂ ਦੇਖ ਰੂਹ ਖਿੜ ਗਈ ਸੀ।
ਵਰਤਦੇ ਅਟੁੱਟ ਲੰਗਰ ਮੇਵਿਆਂ ਦੇ ਮਠਿਆਈਆਂ ਦੇ ਜੂਸਾਂ ਦੇ,ਕਪੜਿਆਂ ਦੇ, ਹਰ ਰੋਜ਼ ਦੀਆ ਜਰੂਰਤੀ ਚੀਜਾ ਦੇ ਕੋਈ ਤੋਟ .ਨਹੀਂ ਸੀ ਅੰਨ ਦਾਤੇ ਦੇ ਮੋਰਚੇ ਵਿੱਚ। ਮੈ ਵੀ ਦਵਾਈਆਂ ਦਾ ਲੰਗਰ ਸ਼ੁਰੂ ਕੀਤਾ ਤੇ ਜਿਸ ਨੂੰ ਲੋੜ ਸੀ ਓਹ ਤਾਂ ਆ ਹੀ ਰਿਹਾ ਸੀ ਦਵਾਈ ਲੈਣ ਪਰ ਮੈ ਦੇਖਿਆ ਓਥੇ ਮੇਰੇ ਬਾਪੂ ਹਾਂ ਮੇਰੇ ਹੀ ਤਾਂ ਸਨ ਮੇਰੇ ਪਿਤਾ ਦੇ ਚੇਹਰੇ ਪਹਿਰਾਵੇ ਤੇ ਦਿੱਖ ਵਾਲੇ ਸਭ ਮੇਰੇ ਅਪਣੇ ਹੀ ਸਨ ਬੇਕਾਬੂ ਮਨ ਨੂੰ ਜੁਬਾਨ ਨੇ ਸਾਥ ਦਿੱਤਾ ਤੇ ਮੈਂ ਅਵਾਜ਼ਾ ਮਾਰ ਬੁਲਾਉਣਾ ਸ਼ੁਰੂ ਕਰ ਦਿੱਤਾ ਜਦੋਂ ਜਿਹੜਾ ਵੀ ਬਾਪੂ ਡਾਂਗ ਫੜ ਜਾ ਝੂਲ ਕੇ ਤੁਰਦਾ ਦੇਖਿਆ । ਹੱਥ ਜੋੜ ਅਵਾਜ ਮਾਰੀ..
ਬਾਪੂ ਜੀ ਸਤਿ ਸ੍ਰੀ ਆਕਾਲ, ਕਿਵੇਂ ਹੋ ਕੀ ਹਾਲ ਹੈ ਕਿਥੋਂ ਆਏ ਹੋ ਕਿਵੇਂ ਚੱਲ ਰਿਹਾ ਕਿਸਾਨ ਮੋਰਚਾ? ਕਿੰਨੇ ਸਵਾਲ ਕਰ ਬਾਪੂਆਂ ਨੂੰ ਬੁਲਾਇਆ ਤੇ ਜਾਂਦੇ ਹੋਇਆ ਨੂੰ ਗੀਲੋਏ ,ਅਰਜੁਨ,ਅਸ਼ਵਗੰਧਾ ,ਸੁਗਰ ਦੇ ਕੈਪਸੂਲ ਤੇ ਦਰਦ ਲਈ ਗੋਡਿਆਂ ਦਾ ਤੇਲ ਦਿੱਤਾ ਬਾਪੂ ਜੀ ਸਵੇਰੇ ਸ਼ਾਮ ਖਾਓ ਤੇ ਮੋਰਚੇ ਤੇ ਡਟੇ ਰਹੋ ਸਰਦੀ ਨਹੀਂ ਲਗੇਗੀ ਖੂਨ ਗਾੜਾ ਨਹੀਂ ਹੋਵੇਗਾ ਦਿਲ ਨੂੰ ਤਾਕਤ ਮਿਲੇਗੀ ਕਿਉਕਿ ਭਰ ਸਰਦੀਆਂ ਆ ਰਹੀਆਂ ਸਨ ਸਭ ਨੇ ਮੇਰੇ ਤੋ ਦਵਾਈ ਲਈ ਤੇ ਸਿਰ ਪਲੋਸ ਕੇ ਅਸੀਸਾ ਦੇ ਕੇ ਗਏ। ਕੋਈ ਲੱਚਰ ਠਰਕੀ,ਨੇ ਬੇਸ਼ਰਮ ਬੰਦਾ ਨਹੀਂ ਮਿਲਿਆ ਸਭ ਰੱਬ ਦਾ ਰੂਪ ਲੱਗ ਰਹੇ ਸਨ ਧੀਆਂ ਭੈਣਾਂ ਦੀਆਂ ਇੱਜਤਾਂ ਦੇ ਸਾਂਝੇ ਗੱਭਰੂ ਆਪੋ ਆਪਣੀਆਂ ਡਿਊਟੀ ਖੁੱਦ ਨਿਭਾ ਰਹੇ ਸਨ ਕੋਈ ਆਵਾਜਾਈ ਨੂੰ ਕੰਟਰੋਲ ਕਰ ਰਿਹਾ ਸੀ ਤੇ ਕੋਈ ਲੰਗਰ ਵਰਤਾ ਰਿਹਾ ਸੀ ਹਰ ਕੋਈ ਹਰ ਕਿਸੇਦੀ ਸਹਾਇਤਾ ਲਈ ਅੱਡੀਆਂ ਭਾਰ ਤਿਆਰ ਖੜਾ੍ ਸੀ ਜਿਹੜੇ ਜਵਾਨ ਘਰਾਂ ਵਿੱਚ ਸੁਣਦੇ ਨਹੀਂ ਸਨ ਅੱਜ ਕਿੰਨੇ ਜਿੰਮੇਵਾਰ ਤੇ ਸੱਭਿਅਕ ਲੱਗ ਰਹੇ ਸਨ ਧੀਆਂ ਭੈਣਾਂ ਮਾਵਾਂ ਸਾਂਝੀਆਂ ਹੋ ਗਈਆਂ ਸਨ।
ਸਰਹੱਦਾਂ,ਬੋਲੀਆਂ, ਪਹਿਰਾਵੇ ,ਧਰਮ ਸਭ ਇੱਕ ਮਿੱਕ ਹੋਗੇ ਸਨ ਕੌਣ ਅਪਣਾ ਕੌਣ ਬੇਗਾਨਾ ਭੇਦ ਖਤਮ ਹੋ ਗਏ ਸਨ।ਸਭ ਅਪਣਾ ਫਰਜ਼ ਪਛਾਣ ਰਹੇ ਸਨ ਕੋਈ ਕਿਸੇ ਨੂੰ ਕੰਮ ਲਈ ਨਹੀਂ ਸੀ ਕਹਿ ਰਿਹਾ ਪਰ ਹਰ ਕੋਈ ਕੰਮ ਕਰ ਰਿਹਾ ਸੀ ਕੋਈ ਵੇਹਲਾ ਨਹੀਂ ਸੀ। ਨਾਹਰੇ ਜੋਸ਼ ਭਰ ਰਹੇ ਸਨ ਕਿਸਾਨੀ ਦੇ ਗੀਤਾਂ ਨੇ ਲੂ ਕੰਡੇ ਖੜੇ ਕਰ ਦਿੱਤੇ ਸਨ ਰਗਾ ਚ ਖੂਨ ਉਬਾਲੇ ਮਾਰ ਰਿਹਾ ਸੀ ਕੋਈ ਅਲਗ ਹੀ ਅਲੌਕਿਕ ਨਜ਼ਾਰਾ ਸੀ। ਬਿਆਨ ਕਰਨਾ ਬਹੁਤ ਮੁਸ਼ਕਿਲ ਹੈ। ਮਹਿਲਾ ਚ ਸੌਣ ਵਾਲੇ ਨਰਮ ਗਦੇਆਂ ਤੇ ਏ ਸੀ ਤੇ ਹੀਟਰਾਂ ਵਾਲੇ ਕਮਰਿਆਂ ਚ ਸੌਣ ਵਾਲੇ ,ਠਰਦੀਆਂ ਪੋਹ ਦੀਆ ਰਾਤਾਂ ਵਿੱਚ ਸੀਤ ਠੰਡੀਆਂ ਸੁੰਨ ਸੜਕਾਂ ਤੇ ਸਬਰ ਦੀ ਚਾਦਰ ਤਾਣ ਮੈਂ ਸੁੱਤੇ ਦੇਖੇ।
ਸੜਕਾਂ ਉੱਤੇ ਨਹਾਉਂਦੇ ਕਪੜੇ ਧੋਂਦੇ,ਭਾਂਡੇ ਮਾਂਜਦੇ ਤੇ ਪਹਿਰੇਦਾਰੀ ਵੀ ਕਰਦੇ ਦੇਖੇ ਕਿਉਕਿ ਦੁਸ਼ਮਣ ਬਹੁਤ ਚਲਾਕ ਹੈ।ਕੋਈ ਵੀ ਚਾਲ ਚਲ ਸਕਦਾ।ਸਕੂਲਾਂ ਤੇ ਕਾਲਜਾਂ ਅੱਗੇ ਗੇੜੀਆਂ ਲਾਣ ਵਾਲੇ ਅੱਜ ਸਾਂਝੀਆਂ ਮਾਵਾ, ਧੀਆਂ ਭੈਣਾਂ ਦੀਆਂ, ਸਾਂਝੀਆਂ ਇੱਜ਼ਤਾਂ ਦੇ ਰਖਵਾਲੇ ਬਣ ਪਹਿਰੇਦਾਰਾਂ ਦੀ ਤਰਾ ਪੂਰੀ ਰਾਤ ਜਾਗਦੇ ਦੇਖੇ। ਸਾਰੀ ਔਰਤ ਜਾਤ ਮਹਿਫੂਜ਼ ਸੀ ਕਿਉਕਿ ਰਾਖੇ ਜਾਗ ਪਏ ਸਨ ਵੈਰੀਆਂ ਦੀਆਂ ਕੋਝੀਆਂ ਚਾਲਾ ਨੂੰ ਸਮਝ ਗਏ ਸਨ।
ਅੱਜ ਸਾਂਝੇ ਚੁੱਲ੍ਹੇ ਮਿਲ ਬੈਠਣਾ,ਮਿਲ ਖਾਣਾ ਸਾਰੇ ਕਾਰ ਵਿਹਾਰ ਜਿੰਦਗੀ ਦੇ ਮਿਲ ਕੇ ਸ਼ੁਰੂ ਹੋ ਗਏ ਸਨ। ਮੈ ਚਾਰ ਦਿਨ ਓਥੇ ਰਹੀ ਦਿਲ ਨਹੀਂ ਸੀ ਕਰਦਾ ਘਰ ਮੁੜਨ ਨੂੰ ਪਰ ਜੀਵਿਕਾ ਦੇ ਲਈ ਨੌਕਰੀ ਵੀ ਜਰੂਰੀ ਸੀ ਤੇ ਦਵਾਈਆਂ ਵੀ ਖਤਮ ਹੋ ਗਈਆਂ ਸਨ। ਓਥੇ ਇੰਨੀ ਇੱਜ਼ਤ ਮਾਣ ਸਤਿਕਾਰ ਮਿਲਿਆ ਕੇ ਸਾਰੀ ਉਮਰ ਭੁੱਲ ਨਹੀ ਸਕਦੀ ਮੈਂ ਅਪਣਾ ਕਿਸਾਨ ਮੋਰਚਾ।
ਦੂਸਰੀ ਵਾਰ ਫਿਰ ਗਈ ਮੈਂ ਵੱਧ ਦਵਾਈਆਂ ਲੈਕੇ ਤਿੰਨ ਦਿਨ ਫੇਰ ਰਹੀ ਇੱਕਠ ਵੱਧ ਜਾਣ ਕਰਕੇ ਦਵਾਈਆਂ ਖਤਮ ਹੋ ਗਈਆਂ। ਹੋਰ ਨਵੇਂ ਚੇਹਰੇ ਹੋਣ ਦੇ ਬਾਵਜੂਦ ਹਰ ਚੇਹਰੇ ਚ ਇੱਕ ਚੇਹਰਾ ਮੇਰੇ ਪਿਤਾ ਦਾ ਅੰਮੀ ਦਾ ਨਜ਼ਰ ਆਇਆ ਜਵਾਨ ਮੁੰਡੇ ਮੈਨੂੰ ਮੇਰੇ ਮਾਂ ਜਾਏ ਵੀਰ ਲੱਗੇ ਤੇ ਸਰਦਾਰ ਬਲਬੀਰ ਸਿੰਘ ਰਾਜੇਵਾਲ, ਸਰਦਾਰ ਜਗਜੀਤ ਸਿੰਘ ਡੱਲੇਵਾਲ,ਜੰਗਵੀਰ ਸਿੰਘ ਚੌਹਾਨ, ਰਾਕੇਸ਼ ਟਿਕੇਤ ਜੀ, ਸਰਦਾਰ ਗੁਰਨਾਮ ਸਿੰਘ ਚੜੁਨੀ, ਆਦਿ ਸਾਰੇ ਹਰਮਨ ਪਿਆਰੇ ਅਧਿਆਪਕ ਜਾਪੇ,ਸਾਨੂੰ ਕਿਸਾਨੀ ਦਾ ਸਬਕ ਪੜਾ ਰਹੇ ਹਨ। ਕੋਈ ਵੀ ਓਪਰਾ ਨਹੀਂ ਲੱਗਿਆ ਸਾਰੇ ਅਪਣੇ ਨੇ ਮੇਰੇ ਕਿਸਾਨ ਮੋਰਚੇ ਵਿੱਚ ਬਹੁਤ ਕੁਝ ਸਿੱਖਿਆ,ਸਾਡੇ ਗੁਰੂਆਂ ਪੀਰਾਂ ਦੀ ਦਿੱਤੀ ਸਿੱਖਿਆ ਤੇ ਦਰਸ਼ਨ ਹੋਏ।
ਉਮੀਦ ਕਰਦੀ ਹਾਂ ਕੇ ਜਿਵੇਂ ਦੀ ਤਲਬ ਮੈਨੂੰ ਲਗਦੀ ਏ ਕਿਸਾਨ ਮੋਰਚੇ ਵਿਚ ਜਾਣ ਦੀ ਪੜ੍ਹਨ ਵਾਲੇ ਇਨਸਾਨ ਨੂੰ ਲੱਗੇਗੀ ਅਗਰ ਉਸਦੀ ਆਤਮਾ ਜਿਊਂਦੀ ਹੈ ਉਸਦੀ ਜ਼ਮੀਰ ਜਾਗਦੀ ਏ ਓਹ ਕਰਿਤਘਣ ਨਹੀਂ ਹੈ ਕਿਉਕਿ ਰੋਟੀ ਹਰ ਇਨਸਾਨ ਖਾਂਦਾ ਏ ਹੁਣ ਉਸ ਰੋਟੀ ਦਾ ਮੁੱਲ ਤਾਰਨ ਦਾ ਸਮਾਂ ਆਇਆ ਹੈ ਆਓ ਆਪਣਾ ਅਪਣਾ ਕਰਜਾ ਉਤਾਰ ਕਿਸਾਨ ਮਜਦੂਰ ਦਾ ਸਾਥ ਦੇਈਏ ਤੇ ਮਣਾ ਮੂਹੀ ਲੱਦੇ ਸਦੀਆ ਦੇ ਬੋਝ ਤੋਂ ਮੁਕਤੀ ਪਾ ਸੁਰਖੁਰੂ ਹੋ ਇਨਸਾਨੀ ਜਾਮੇ ਦਾ ਸਬੂਤ ਦੇਈਏ।
ਅੱਜ ਸਾਡਾ ਦੁਸ਼ਮਣ ਸਾਨੂੰ ਲੜਾਉਣ ਦੀਆਂ ਪੂਰੀਆਂ ਚਾਲਾ ਚੱਲ ਰਿਹਾ ਆਓ ਇੱਕਠੇ ਹੋ ਕਿਸਾਨ ਮੋਰਚੇ ਨੂੰ ਸਫਲ ਕਰੀਏ
ਮੈਨੂੰ ਅੱਜ ਸੁਰਿੰਦਰ ਕੌਰ “ਕਾਹਲੋ” ਦੀਆਂ ਕੁਝ ਲਾਈਨਾਂ ਯਾਦ ਆ ਰਹੀਆਂ ਹਨ
“ਕਿਤਨੀ ਸ਼ਿੱਦਤ ਸੇ ਬੁਝਾਇਆ ਥਾ ਮੇਰੇ ਮੁਰਸ਼ਦ (ਗੁਰੂ ਗੋਬਿੰਦ ਸਿੰਘ)ਨੇ ਜਿਸ ਆਗ ਕੋ,
ਕਿਓਂ ਫਿਰ ਸੇ ਜਲਾਨੇ ਕੋ ਅੰਗਾਰੇ ਢੂੰਢਤਾ ਹੈ(ਧਾਰਮਿਕ ਲੜਾਈ)”
ਇਸ ਲਈ ਮੇਰੀ ਪੂਰੇ ਭਾਰਤੀ ਲੋਕਾਂ ਨੂੰ ਹੱਥ ਜੋੜ ਪੁਰਜੋਰ ਬੇਨਤੀ ਹੈ ਆਓ ਵਹੀਰਾਂ ਘੱਤ ਕੇ ਅਪਣਾ ਯੋਗਦਾਨ ਪਾਈਏ ਤੇ ਕਿਸਾਨ ਮੋਰਚਾ ਫ਼ਤਿਹ ਕਰਾਈਏ ਤੇ ਦਿਲੋ ਇੱਕ ਸੁਰ ਹੋ ਨਾਅਰਾ ਲਾਈਏ
,”ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ”
ਡਾ.ਲਵਪ੍ਰੀਤ ਕੌਰ
ਸੰਪਰਕ ਨੰਬਰ +91 98142 03357
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly