(ਸਮਾਜ ਵੀਕਲੀ)
ਕਰ ਆਓ ਮੋਰਚਾ ਫ਼ਤਿਹ ਦਿੱਲੀ ਦਾ,
ਫਿਰ ਜਿੱਤਾਂਗੇ ਪੰਜਾਬ ਆਪਣਾ…….
ਬੱਤ ਲਿਓ ਸੰਭਾਲ਼, ਭੋਂ ਗਿੱਲੀ ਦੀ
ਚੋਣਾਂ ‘ਚ ਮਹਿਕਾਵਾਂਗੇ ਗੁਲਾਬ ਆਪਣਾ……
ਕਰ ਆਓ——– ————
ਸਾਂਭ ਹਲ਼ ਤੇ ਪੰਜਾਲ਼ੀ, ਮੋਢੇ ਤੇ ਪਰਾਣੀ
ਅੜਬ ਬਹਿੜਕੇ ਜੋੜਾਂਗੇ ਯਾਰ ਅੜ ਕੇ
ਬਿੰਨ ਬਿੰਨ ਨਾਸਾਂ ਪਾਉਣੀਆਂ ਨੇ ਨੱਥਾਂ
ਲੁਟੇਰੇ ਪੰਜਾਬ ਦੇ ਹਾਕਮ ਗ਼ਦਾਰ ਫੜਕੇ
ਘੇਰ ਲੈਣੇ ਸੂਰ, ਜੰਗਲ਼ੀ ਉਜਾੜੇ ਕਰ ਦੇ
ਹੱਥ ਲਗਾਮ, ਪੈਰ ਰੱਖਿਓ ਰਕਾਬ ਆਪਣਾ
ਕਰ ਆਓ ਮੋਰਚਾ ਫ਼ਤਹਿ ਦਿੱਲੀ ਦਾ————-
ਆਟੇ ਦਾਲਾਂ ਕਹਿਣ ਕਦੇ ਮੁਫ਼ਤ ਬਿਜਲੀ
ਬਣਾ ਕੇ ਭਿਖ਼ਾਰੀ ਸਾਨੂੰ , ਬੁੱਲੇ ਲੁੱਟਦੇ
ਸਭ ਇੱਕੋ ਮੰਡੀ ਦੇ ਵਿਉਪਾਰੀ ਇਹੇ
ਠੱਗ ਬਹਿਰੂਪੀਏ ਨੇ ਇਕੋ ਗੁੱਟ ਦੇ
ਆਉਣ ਵੋਟਾਂ ਲੈਣ ਜਦ ਵੀ ਪਿੰਡਾਂ ‘ਚ
ਸਵਾਲ ਆਨੇ ਆਨੇ ਦਾ, ਕਰਿਓ ਹਿਸਾਬ ਆਪਣਾ
ਕਰ ਆਓ ਮੋਰਚਾ ਫ਼ਤਿਹ ਦਿੱਲੀ ਦਾ———–
ਕਿਸਾਨੋ ਵਾਗਡੋਰ ਰਾਜ ਭਾਗ਼ ਦੀ ਸੰਭਾਲ਼ੋ
ਮੰਗ ਸਮੇਂ ਦੀ ਹੈ , ਕਰਦੀ ਪੁਕਾਰ ਧਰਤੀ
ਤਖ਼ਤਾਂ ਦਿਓ ਵਾਰਿਸੋ , ਲਾਹ ਦਿਓ ਬੇੜੀਆਂ
ਝੱਲ ਸਕਦੀ ਨਾ ਹੁਣ, ਚੋਰਾਂ ਦਾ ਭਾਰ ਧਰਤੀ
ਸਤਲੁਜ, ਬਿਆਸ, ਰਾਵੀ ਝਨਾ, ਜੇਹਲੁਮ
ਹੱਕ ਨੇ ਤੁਹਾਡੇ, ਸਾਂਭ ਲਿਓ ਆਬ ਆਪਣਾ
ਕਰ ਆਓ ਮੋਰਚਾ ਫ਼ਤਹਿ ਦਿੱਲੀ ਦਾ …………..
ਏਕਾ ਦੰਦਾ ਬੱਤੀਆ ਦਾ ਹੋਵੇ ਜੇ ਕਿਸਾਨੋ
ਚਿੱਥ ਦੇਵੋਂ ਲੋਹਾ, ਗੰਨੇ ਜਿਓ ਡਕਾਰ ਕੇ
ਕਿਰਤੀ ਹੋਂ ਤੁਸੀਂ ਹਿੱਕ ਪੱਥਰਾਂ ਦੀ ਪਾੜੋਂ
ਜਿੱਤਣੈ ਪੰਜਾਬ ਆਪਾਂ ਚੋਣਾਂ ‘ਚ ਵੰਗ਼ਾਰ ਕੇ
ਮਿਲ ਕਰਨੀ ਚੜਾਈ, ਮੁੜਨਾ ਪਿਛਾਂਹ ਨਾ
ਖ਼ੁਆਬ ਖੁਸ਼ਹਾਲੀ ਦਾ , ਨਿਸ਼ਾਨ ਹੈ ਓਕਾਬ ਆਪਣਾ
ਕਰ ਮੋਰਚਾ ਫ਼ਤਹਿ ਦਿੱਲੀ ਦਾ—————-
ਇਤਿਹਾਸ ਨੂੰ ਵੀਚਾਰੋ, ਪੱਗ ਆਪਣੀ ਸੰਭਾਲ਼ੋ
“ਰੇਤਗੜੵ ” ਸ਼ੇਰਾਂ ਜਿਓ ਦਹਾੜੋ, ਖੜੵ ਕੇ
ਸਰਪੰਚੀਆਂ ਦੇ ਪਿੱਛੇ, “ਬਾਲੀ” ਹੋਵੋ ਨਾ ਲੁਟਾ
ਬੇਰ ਟੀਸੀਆਂ ਦੇ ਤੋੜੋ, ਹੱਥ ਵਿਚ ਹੱਥ ਫੜਕੇ
ਤਸ਼ੱਦਦ ਨਸਲਕੁਸ਼ੀ ਦੇ, ਜਖ਼ਮ ਹਰੇ ਨੇ ਅਜੇ
ਨਿਸ਼ਾਨ ਜਿੱਤ ਦੇ ਝੁਲਾਉਣੇ, ਰੂਹ ਦੈ ਖੁਆਬ ਆਪਣਾ
ਕਰ ਆਓ ਮੋਰਚਾ ਫ਼ਤਹਿ ਦਿੱਲੀ ਦਾ————-
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
24/11/2021
” +9194651 29168
+9170876 2916
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly