(ਸਮਾਜ ਵੀਕਲੀ)
ਚੱਲ ਮੰਨਿਆ
ਮੈਂ ਪੱਥਰ ਹਾਂ-
ਬੇਜਾਨ,
ਨਿਸ਼ਪ੍ਰਾਣ
ਅਤੇ ਤੇਰੇ ਕੋਲ਼ ਜੀਵਨ ਹੈ।
ਸੁਭਾਵਿਕ ਸੀ
ਮੇਰੀ ਤੇਰੇ ਵੱਲ ਖਿੱਚ ਹੋਣੀ,
ਸੋ ਕਰ ਰਿਹਾ ਹਾਂ
ਤੇਰੀ ਪਰਿਕਰਮਾ
ਅਨਾਦਿ ਕਾਲ ਤੋਂ
ਅਨੰਤ ਕਾਲ ਲਈ।
ਪਰ ਤੇਰੇ ਤਾਂ ਕੋਲ਼ ਹਨ
ਮਨਮੋਹਕ ਹਾਸੇ,
ਠੰਢਕ ਦਿੰਦਾ ਨੀਲਾ ਰੰਗ
ਤੇ ਜ਼ਿੰਦਗੀ ਦੇ
ਗੀਤ ਗਾਉਂਦੀ ਪੌਣ।
ਤੂੰ ਦੱਸ ਅੜੀਏ!
ਭਲਾ ਤੂੰ ਕਿਉਂ ਤਰਸਦੀ ਰਹੀ,
ਹਰ ਸ਼ੈਅ ਨੂੰ
ਭਸਮ ਕਰ ਦੇਣ ਵਾਲ਼ੀ
ਬਲਦੀ ਲਾਟ ਲਈ।
ਹੁਣ ਮੁੱਕਰ ਨਾ ਆਪਣੇ ਇਸ਼ਕ ਤੋਂ….
ਮੈਂ ਤੈਨੂੰ ਹਰ ਰੋਜ਼ ਵੇਖਦਾ ਹਾਂ
ਸੂਰਜ ਦੇ ਗਿਰਦ
ਗੇੜੇ ਲਾਉਂਦੇ।
ਨਾਲ਼ੇ ਸੱਚ ਦੱਸ…
ਖ਼ੁਦ ਤੋਂ ਦੂਰ ਕਰ
ਕੀ ਤੂੰ ਆਪਣੇ ਹੱਥੀਂ
ਬੇਜਾਨ ਨਹੀਂ ਕੀਤਾ ਮੈਨੂੰ???
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly