(ਸਮਾਜ ਵੀਕਲੀ): ਇਸ ਸਮੇਂ ਮਾਨਸੂਨ ਪੂਰੇ ਦੇਸ਼ ਵਿਚ ਸਰਗਰਮ ਹੋ ਚੁੱਕਾ ਹੈ। ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਦਾ ਅਲਰਟ ਜਾਰੀ ਹੈ। ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਹੈ ਕਿ ਅਗਲੇ ਛੇ ਤੋਂ ਸੱਤ ਦਿਨਾਂ ਤੱਕ ਦੇਸ਼ ਦੇ ਕਈ ਸੂਬਿਆਂ ਵਿਚ ਭਾਰੀ ਬਾਰਸ਼ ਹੋਵੇਗੀ।
ਪੰਜਾਬ ਵਿਚ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ। ਮੌਸਮ ਵਿਗਿਆਨੀਆਂ ਨੇ 5 ਜੁਲਾਈ ਨੂੰ ਪੰਜਾਬ ਦੇ ਕੁਝ ਹਿੱਸਿਆਂ ’ਚ ਹਲਕਾ ਅਤੇ 6 ਤੋਂ 8 ਜੁਲਾਈ ਤੱਕ ਜ਼ਿਆਦਾਤਰ ਹਿੱਸਿਆ ’ਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਦੂਜੇ ਪਾਸੇ, ਦੱਖਣੀ ਪ੍ਰਾਇਦੀਪ ਭਾਰਤ ਅਤੇ ਉੱਤਰੀ ਮਹਾਰਾਸ਼ਟਰ ਵਿੱਚ 6 ਜੁਲਾਈ ਤੱਕ ਅਤੇ ਗੁਜਰਾਤ ਵਿੱਚ 8 ਜੁਲਾਈ ਤੱਕ ਮੀਂਹ ਦਾ ਤੇਜ਼ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।
ਕੇਂਦਰੀ ਮੌਸਮ ਭਵਿੱਖਬਾਣੀ ਏਜੰਸੀ ਨੇ 8 ਜੁਲਾਈ ਤੱਕ ਮਹਾਰਾਸ਼ਟਰ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਲਈ ਭਾਰੀ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਆਈਐਮਡੀ ਨੇ ਤਾਜ਼ਾ ਮੌਸਮ ਬੁਲੇਟਿਨ ਵਿੱਚ ਕਿਹਾ ਹੈ ਕਿ ਅਗਲੇ ਤਿੰਨ ਦਿਨਾਂ ਦੌਰਾਨ ਦੱਖਣੀ ਭਾਰਤ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।
ਬੁੱਧਵਾਰ ਲਈ ਆਈਐਮਡੀ ਨੇ ਕੇਰਲ ਦੇ 12 ਜ਼ਿਲ੍ਹਿਆਂ ਲਈ ‘ਓਰੇਂਜ’ ਅਲਰਟ ਜਾਰੀ ਕੀਤਾ ਹੈ।ਕਰਨਾਟਕ ਲਈ ਮੌਸਮ ਵਿਭਾਗ ਨੇ ਛੇ ਜ਼ਿਲ੍ਹਿਆਂ – ਬੇਲਗਾਮ, ਉੱਤਰਾ ਕੰਨੜ, ਬੇਲਾਰੀ, ਸ਼ਿਮੋਗਾ, ਚਿਕਮਗਲੂਰ ਅਤੇ ਦਕਸ਼ੀਨਾ ਕੰਨੜ ਲਈ ‘ਓਰੇਂਜ’ ਅਲਰਟ ਜਾਰੀ ਕੀਤਾ ਹੈ। ਪੱਛਮੀ ਖੇਤਰ ਵਿੱਚ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਦੌਰਾਨ ਗੋਆ ਅਤੇ ਮੱਧ ਮਹਾਰਾਸ਼ਟਰ ਦੇ ਤੱਟਵਰਤੀ ਖੇਤਰਾਂ ਵਿੱਚ ਅਤੇ 6 ਅਤੇ 7 ਜੁਲਾਈ ਨੂੰ ਗੁਜਰਾਤ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly