ਮੁੰਬਈ (ਸਮਾਜ ਵੀਕਲੀ): ਸਥਾਨਕ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਬਹੁ-ਕਰੋੜੀ ਮਨੀ ਲਾਂਡਰਿੰਗ ਕੇਸ ਵਿੱਚ 6 ਨਵੰਬਰ ਤੱਕ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਨੇ 12 ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਦੇਸ਼ਮੁਖ ਨੂੰ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਸੀ। ਦੇਸ਼ਮੁਖ ਖ਼ਿਲਾਫ਼ ਦਰਜ ਕੇਸ ਮਹਾਰਾਸ਼ਟਰ ਪੁਲੀਸ ਵਿੱਚ ਕਥਿਤ ਫਿਰੌਤੀ ਦੇ ਰੈਕੇਟ ਨਾਲ ਸਬੰਧਤ ਹੈ ਤੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਦੇਸ਼ਮੁਖ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਈਡੀ ਨੇ ਅੱਜ ਦੇਸ਼ਮੁਖ ਦਾ ਰਿਮਾਂਡ ਹਾਸਲ ਕਰਨ ਲਈ ਉਸ ਨੂੰ ਵਧੀਕ ਸੈਸ਼ਨ ਜੱਜ ਪੀ.ਬੀ.ਜਾਧਵ ਕੋਲ ਪੇਸ਼ ਕੀਤਾ।
ਈਡੀ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਅਨਿਲ ਸਿੰਘ ਨੇ ਐੱਨਸੀਪੀ ਆਗੂ ਦੀ 14 ਦਿਨਾ ਨਿਆਂਇਕ ਹਿਰਾਸਤ ਮੰਗਦਿਆਂ ਦਲੀਲ ਦਿੱਤੀ ਕਿ ਕੇਸ ਵਿੱਚ ਅੱਗੇ ਦੀ ਜਾਂਚ ਤੇ ਪੈਸਿਆਂ ਦੇ ਹੋਏ ਲੈਣ-ਦੇਣ ਦਾ ਪਤਾ ਲਾਉਣ ਲਈ ਮੁਲਜ਼ਮ ਤੋਂ ਹਿਰਾਸਤੀ ਪੁੱਛ-ਗਿੱਛ ਜ਼ਰੂਰੀ ਹੈ। ਉਧਰ ਦੇਸ਼ਮੁਖ ਦੇ ਵਕੀਲਾਂ ਵਿਕਰਮ ਚੌਧਰੀ ਤੇ ਐਡਵੋਕੇਟ ਅਨੀਕੇਤ ਨਿਕਮ ਨੇ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਈਡੀ ਨੂੰ ਜਾਂਚ ਵਿੱਚ ਦਖ਼ਲ ਦਾ ਕੋਈ ਹੱਕ ਨਹੀਂ ਹੈ। ਚੌਧਰੀ ਨੇ ਕੋਰਟ ਨੂੰ ਦੱਸਿਆ ਕਿ ਬੰਬੇ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਦੇਸ਼ਮੁਖ ਖਿਲਾਫ਼ ਲੱਗੇ ਦੋਸ਼ਾਂ ਦੀ ਸਿਰਫ਼ ਜਾਂਚ ਕਰਨ ਦੀ ਹਦਾਇਤ ਕੀਤੀ ਸੀ। ਕਿਸੇ ਨੇ ਵੀ ਈਡੀ ਨੂੰ ਜਾਂਚ ਲਈ ਨਹੀਂ ਆਖਿਆ। ਉਂਜ ਦੇਸ਼ਮੁਖ ਨੂੰ ਕੋਰਟ ਵਿੱਚ ਪੇਸ਼ ਕਰਨ ਤੋਂ ਪਹਿਲਾਂ ਤਫ਼ਤੀਸ਼ੀ ਏਜੰਸੀ ਨੇ ਐਨਸੀਪੀ ਆਗੂ ਦਾ ਸਰਕਾਰੀ ਜੇ.ਜੇ.ਹਸਪਤਾਲ ’ਚੋਂ ਨਿਯਮਤ ਮੈਡੀਕਲ ਚੈਕਅੱਪ ਕਰਵਾਇਆ। ਈਡੀ ਨੇ ਦੇਸ਼ਮੁੁਖ ਨੂੰ ਸੋਮਵਾਰ ਦੇਰ ਰਾਤ ਨੂੰ ਪੀਐੱਮਐੱਲੲੈ ਐਕਟ ਦੀਆਂ ਵੱਖ ਵੱਖ ਵਿਵਸਥਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly