ਜਲੰਧਰ (ਸਮਾਜ ਵੀਕਲੀ)- ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਮੋਹਨ ਭਾਗਵਤ ਨੂੰ 21 ਮਾਰਚ 2009 ਨੂੰ ਆਰ.ਐਸ.ਐਸ. ਦਾ ਸਰਸੰਘਚਾਲਕ (ਮੁੱਖ ਕਾਰਜਕਾਰੀ) ਚੁਣਿਆ ਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉੱਚ ਜਾਤੀ ਦੇ ਲੋਕਾਂ ਦੁਆਰਾ ਅਨੁਸੂਚਿਤ ਜਾਤੀ ਲੋਕਾਂ ‘ਤੇ ਅਣਗਿਣਤ ਜ਼ੁਲਮ ਢਾਏ ਗਏ। ਅਨੁਸੂਚਿਤ ਜਾਤੀ ਲੋਕਾਂ ਨੂੰ ਮੁੱਛਾਂ ਰੱਖਣ ਕਾਰਨ ਮਾਰ ਦਿੱਤਾ ਜਾਂਦਾ ਹੈ , ਅਨੁਸੂਚਿਤ ਜਾਤੀਆਂ ਦੇ ਲੋਕ ਉੱਚ ਜਾਤੀ ਦੇ ਹਿੰਦੂਆਂ ਦੇ ਇਲਾਕਿਆਂ ਵਿੱਚ ਘੋੜੇ ਦੀ ਸਵਾਰੀ ਨਹੀਂ ਕਰ ਸਕਦੇ। ਰਾਜਸਥਾਨ ਵਿੱਚ ਇੱਕ ਛੋਟੇ ਬੱਚੇ ਨੂੰ ਇੱਕ ਉੱਚ ਜਾਤੀ ਦੇ ਹਿੰਦੂ ਅਧਿਆਪਕ ਨੇ ਇਸ ਲਈ ਮਾਰ ਦਿੱਤਾ ਕਿਉਂਕਿ ਉਸਨੇ ਆਪਣੀ ਪਿਆਸ ਬੁਝਾਉਣ ਲਈ ਘੜੇ ਨੂੰ ਛੂਹਿਆ ਸੀ। ਇਸ ਤਰ੍ਹਾਂ ਦੇ ਅਣਗਿਣਤ ਅਤਿਆਚਾਰ ਅਨੁਸੂਚਿਤ ਜਾਤੀ ਲੋਕਾਂ ਤੇ ਆਏ ਦਿਨ ਹੋ ਰਹੇ ਹਨ ਪਰੰਤੂ ਆਰਐਸਐਸ ਨੇ ਕਦੀ ਵੀ ਅਜਿਹੇ ਅਤਿਆਚਾਰਾਂ ਦੀ ਨਿਖੇਧੀ ਨਹੀਂ ਕੀਤੀ। ਬਨਾਰਸ ਵਿਖੇ ਬਾਬੂ ਜਗਜੀਵਨ ਰਾਮ ਦੁਆਰਾ ਉਦਘਾਟਨ ਕੀਤੀ ਗਈ ਸੰਪੂਨਾਨੰਦ ਦੀ ਮੂਰਤੀ ਨੂੰ ਬਾਅਦ ਵਿਚ ਉੱਚ ਜਾਤੀ ਹਿੰਦੂਆਂ ਦੁਆਰਾ ਗਊ ਮੂਤਰ ਅਤੇ ਗੰਗਾਜਲ ਨਾਲ ਧੋ ਕੇ ਸ਼ੁੱਧ ਕੀਤਾ ਗਿਆ ਸੀ। ਕਿਓਂਕਿ ਇਹ ਦਾਅਵਾ ਕੀਤਾ ਗਿਆ ਕਿ ਪੱਥਰ ਦੀ ਮੂਰਤੀ ਬਾਬੂ ਜੀ ਦੇ ਛੂਹਣ ਨਾਲ ਪਲੀਤ ਹੋਈ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਨਾਲ 18 ਮਾਰਚ, 2018 ਨੂੰ ਓਡੀਸ਼ਾ ਦੇ ਜਗਨਨਾਥ ਮੰਦਿਰ ਦੀ ਯਾਤਰਾ ਦੌਰਾਨ ‘ਬੁਰਾ ਸਲੂਕ’ ਕੀਤਾ ਗਿਆ ਸੀ। ਅਨੁਸੂਚਿਤ ਜਾਤੀ ਲੋਕਾਂ ਤੇ ਹੋਏ, ਜਾਂ ਹੋ ਰਹੇ ਅਤਿਆਚਾਰਾਂ ਦੀ ਆਰ ਐੱਸ ਐੱਸ ਨੇ ਕਦੀ ਵੀ ਨਿਖੇਧੀ ਨਹੀਂ ਕੀਤੀ। ਆਰਐਸਐਸ ਮੁਖੀ ਮੋਹਨ ਭਾਗਵਤ ਨੇ ਬੰਬਈ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਨ ਦੇ ਜਸ਼ਨਾਂ ਮੌਕੇ ਕਿਹਾ ਕਿ ‘ਜਾਤੀ ਭਗਵਾਨ ਨੇ ਨਹੀਂ ਬਣਾਈ ਬਲਕਿ ਪੰਡਿਤਾਂ ਨੇ ਬਣਾਈ ਹੈ’। ਵਰਿਆਣਾ ਨੇ ਕਿਹਾ ਕਿ 2009 ਤੋਂ ਬਾਅਦ ਪਹਿਲੀ ਵਾਰ ਮੋਹਨ ਭਾਗਵਤ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਜੋ ਬੇਅਰਥ ਤੇ ਖੋਖਲਾ ਹੈ ਅਤੇ ਕਈ ਸਵਾਲ ਖੜ੍ਹੇ ਕਰਦਾ ਹੈ। ਇਹ ਆਰਐਸਐਸ ਦੀ ਸਿਆਸੀ ਪਾਰਟੀ ਭਾਜਪਾ ਨੂੰ ਲਾਭ ਦੇਣ ਲਈ ਅਨੁਸੂਚਿਤ ਜਾਤੀਆਂ ਨੂੰ ਲੁਭਾਉਣ ਲਈ ਵੀ ਹੋ ਸਕਦਾ ਹੈ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਕੁਲਦੀਪ ਭੱਟੀ, ਹਰਭਜਨ ਨਿਮਤਾ, ਸ਼ੰਕਰ ਨਵਧਰੇ, ਨਿਤੀਸ਼ ਕੁਮਾਰ, ਅਵਧੂਤ ਰਾਏ ਵਾਨਖੇੜੇ, ਵਿਨੋਦ ਕਲੇਰ ਅਤੇ ਨਿਰਮਲ ਬਿੰਜੀ ਹਾਜ਼ਰ ਸਨ।
ਜਸਵਿੰਦਰ ਵਰਿਆਣਾ
ਸੂਬਾ ਪ੍ਰਧਾਨ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ
ਮੋਬਾਈਲ: 750880709