ਮੁਹਾਲੀ (ਸਮਾਜ ਵੀਕਲੀ): ਇਥੋਂ ਦੇ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਵਿੱਚ 11ਵੀਂ ਦੇ ਵਿਦਿਆਰਥੀ ਹਰਮਨਜੀਤ ਸਿੰਘ (16) ਦੇ ਸਕੂਲ ਕੈਂਪਸ ਵਿੱਚ 9 ਮਾਰਚ 2020 ਨੂੰ ਕੀਤੇ ਕਤਲ ਦਾ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਲੈਂਦੇ ਹੋਏ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੱਖ ਰੱਖਣ (ਲਿਖਤੀ ਜਵਾਬ ਵਿੱਚ ਹੁਣ ਤੱਕ ਦੀ ਕਾਰਵਾਈ, ਪੁਲੀਸ ਕੇਸ ਅਤੇ ਮੌਜੂਦਾ ਸਟੇਟਸ ਰਿਪੋਰਟ ਦੇਣ) ਲਈ ਕਿਹਾ ਹੈ।
ਹਰਮਨਪ੍ਰੀਤ ਸਕੂਲ ਦੇ ਹੋਸਟਲ ਵਿੱਚ ਹੀ ਰਹਿੰਦਾ ਸੀ। ਸਟਾਫ਼ ਨੂੰ ਵਿਦਿਆਰਥੀ ਦੀ ਲਾਸ਼ ਹੋਸਟਲ ਦੇ ਬਾਥਰੂਮ ’ਚੋਂ ਮਿਲੀ। ਉਸ ਦੇ ਗਲੇ ਅਤੇ ਥੋਡੀ ’ਤੇ ਸੱਟ ਦੇ ਨਿਸ਼ਾਨ ਸਨ ਅਤੇ ਬਾਥਰੂਮ ਦੀ ਕੰਧ ਅਤੇ ਹੋਸਟਲ ਦੇ ਰੂਮ ਵਿੱਚ ਵੀ ਖੂਨ ਦੇ ਛਿੱਟੇ ਮਿਲੇ ਸਨ। ਸ਼ੁਰੂ ਤੋਂ ਇਸ ਮਾਮਲੇ ਦੀ ਪੈਰਵੀ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਕਰ ਰਹੇ ਹਨ। ਮੁਹਾਲੀ ਪੁਲੀਸ, ਸਿੱਖਿਆ ਵਿਭਾਗ ਅਤੇ ਸਰਕਾਰ ਨੇ ਕਰੋਨਾ ਮਹਾਮਾਰੀ ਦਾ ਬਹਾਨਾ ਲਗਾ ਕੇ ਜਾਂਚ ਇਹ ਕਹਿ ਕੇ ਠੰਢੇ ਬਸਤੇ ਵਿੱਚ ਪਾ ਦਿੱਤੀ ਸੀ ਕਿ ਬਿਮਾਰੀ ਕਾਰਨ ਉਨ੍ਹਾਂ ਨੂੰ ਵਾਰ ਵਾਰ ਪੁਲੀਸ ਕੋਲ ਆਉਣ ਦੀ ਲੋੜ ਨਹੀਂ ਹੈ ਕਿਉਂਕਿ ਪੁਲੀਸ ਆਪਣੇ ਪੱਧਰ ’ਤੇ ਜਾਂਚ ਕਰਦੀ ਰਹੇਗੀ ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਾ ਕਾਰਨ ’ਤੇ ਬੱਚੇ ਦੇ ਪਿਤਾ ਤਰਸੇਮ ਸਿੰਘ ਨੇ ਸੀਨੀਅਰ ਐਡਵੋਕੇਟ ਆਰਐੱਸ ਬੈਂਸ ਅਤੇ ਲਵਨੀਤ ਠਾਕਰ ਰਾਹੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ।
ਇਸ ਸਬੰਧੀ ਵਕੀਲ ਲਵਨੀਤ ਠਾਕੁਰ ਨੇ ਦੱਸਿਆ ਕਿ ਜਸਟਿਸ ਲੀਜਾ ਗਿੱਲ ਦੀ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ’ਤੇ ਸੁਣਵਾਈ ਦੌਰਾਨ ਸਰਕਾਰੀ ਵਕੀਲ ਵੱਲੋਂ ਸਰਕਾਰ ਦਾ ਪੱਖ ਰੱਖਦੇ ਹੋਏ ਇਸ ਮਾਮਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ। ਅਦਾਲਤ ਨੇ ਕਿਹਾ ਕਿ ਜੇਕਰ ਸਕੂਲਾਂ ਵਿੱਚ ਵਿਦਿਆਰਥੀ ਸੁਰੱਖਿਅਤ ਨਹੀਂ ਹਨ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ’ਤੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly